Nabaz-e-punjab.com

‘ਮੈਂ ਸਾਰੀ ਜ਼ਿੰਦਗੀ ਲੋਕ ਹਿੱਤਾਂ ਲਈ ਸੰਘਰਸ਼ ਕੀਤਾ, ਸੱਚ ਦੇ ਬੋਝ ਨੂੰ ਸਾਰੀ ਉਮਰ ਖੁਦਦਾਰੀ ਨਾਲ ਢੋਇਆ’: ਬੀਰਦਵਿੰਦਰ

ਮੇਰਾ ਸਾਰਾ ਜੀਵਨ ਇਕ ਖੁੱਲ੍ਹੀ ਕਿਤਾਬ ਹੈ, ਇਸ ਦੇ ਕਿਸੇ ਵੀ ਪੰਨੇ ਤੇ ਬਦਨੁਮਾਈ ਦਾ ਕੋਈ ਧੱਬਾ ਨਹੀਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
‘ਮੈਂ ਸਾਰੀ ਜ਼ਿੰਦਗੀ ਲੋਕ ਹਿਤਾਂ ਲਈ ਸੰਘਰਸ਼ ਕੀਤਾ ਹੈ, ਸਦਾ ਸੱਚ ਤੇ ਹੱਕ ਦੀ ਅਲਖ ਜਗਾਈ ਹੈ ਤ ਸੱਚ ਦੇ ਬੋਝ ਨੂੰ ਸਾਰੀ ਉਮਰ ਖੁਦਦਾਰੀ ਨਾਲ ਢੋਇਆ ਹੈ। ਸਕਸ਼ੀ ਗ਼ੁਲਾਮੀ ਕਰਕੇ ਰਜਵਾੜਿਆਂ ਦੀਆਂ ਜੁੱਤੀਆਂ ਚੱਟਣ ਦੀ ਜਹਾਲਤ ਨੂੰ ਠੁੱਡ ਮਾਰਕੇ, ਅਸੂਲਾਂ ਅਤੇ ਮੁੱਦਿਆਂ ਤੇ ਬੇਬਾਕ ਪਹਿਰਾ ਦਿੱਤਾ ਹੈ। ਇਹ ਸ਼ਬਦ ਅੱਜ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਭਾਵੁਕ ਹੁੰਦਿਆ ਕਿਹਾ ਕਿ ਮੈਂ ਹਮੇਸ਼ਾ ਰਾਜਨੀਤੀ ਵਿੱਚ ਖੁਦਦਾਰੀ ਤੇ ਜਹਿਨੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਹੈ, ਮੇਰੀ ਆਵਾਜ਼ ਤੇ ਸੋਚ ਸੁਤੰਤਰ ਹੈ, ਮੈਂ ਰਜਵਾੜਿਆਂ ਤੇ ਭੂਪਵਾਦੀਆਂ ਦਾ ਮੁਨਸ਼ੀ ਨਹੀਂ ਹਾਂ, ਸ਼ਾਇਦ ਏਸੇ ਲਈ ਰਜਵਾੜਿਆਂ ਅਤੇ ਭੂਪਵਾਦੀਆਂ ਦੀ ਈਰਖਾ ਦਾ ਸ਼ਿਕਾਰ ਹੋਇਆ ਹਾਂ।
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਤਰੀਕੇ ਰਾਹੀਂ ਜਾਇਦਾਦਾਂ ਨਹੀਂ ਬਣਾਈਆਂ, ਮਹਿਲ ਨਹੀਂ ਉਸਾਰੇ, ਹਮੇਸ਼ਾ ਸਾਦਾ ਅਤੇ ਫਕੀਰਰਾਨਾ ਜੀਵਨ ਨੂੰ ਤਰਜ਼ੀਹ ਦਿੱਤੀ ਹੈ। ਅਜੇਹੀ ਕਠਨ ਤਰਜ਼-ਏ-ਜ਼ਿੰਦਗੀ ਦਾ ਅਨੁਸ਼ਾਸਨ ਵੀ ਤਾਂ, ਕਿਸੇ ਬੰਦਗੀ ਤੋਂ ਘੱਟ ਨਹੀਂ ਹੈ। ਉਨ੍ਹਾਂ ਆਪਣੀ ਤਕਰੀਰ ਨੂੰ ਜਾਰੀ ਰੱਖਦਿਆਂ ਕਿਹਾ ਕਿ ਮੇਰਾ ਸਾਰਾ ਜੀਵਨ ਇਕ ਖੁੱਲ੍ਹੀ ਕਿਤਾਬ ਹੈ, ਇਸ ਦੇ ਕਿਸੇ ਵੀ ਪੰਨੇ ਤੇ ਬਦਨੁਮਾਈ ਦਾ ਕੋਈ ਧੱਬਾ ਨਹੀਂ ਹੈ। ਉਨ੍ਹਾਂ ਇਸ ਸੱਚ ਨੂੰ ਮੰਨਿਆ ਕਿ ਸਦਾ ਸੱਚਾਈ ’ਤੇ ਪਹਿਰਾ ਦੇਣ ਕਾਰਨ ਉਨ੍ਹਾਂ ਦਾ ਕਿਸੇ ਵੀ ਪਾਰਟੀ ਵਿੱਚ ਪੱਕਾ ਆਲ੍ਹਣਾਂ ਨਹੀਂ ਬਣ ਸਕਿਆ, ਉਨ੍ਹਾਂ ਲੋਕਾਂ ਨਾਲ ਆਪਣਾ ਇਹ ਦਰਦ ਵੀ ਸਾਂਝਾ ਕੀਤਾ ਕਿ ਮੈਂ ਤੀਲ੍ਹਾ-ਤੀਲ੍ਹਾ ਹੋਈ ਜ਼ਿੰਦਗੀ ਦੇ ਸਫ਼ਰ ਵਿੱਚ ਸੱਚ ਦੇ ਬੋਝ ਨੂੰ ਸਾਰੀ ਉਮਰ ਖੁਦਦਾਰੀ ਨਾਲ ਢੋਇਆ ਹੈ। ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਫ਼ਖਰ ਹੈ ਕਿ ਮੈਂ ਹਾਲੇ ਤੱਕ ਟੁੱਟ ਕੇ ਡਿੱਗਿਆ ਨਹੀਂ ਅਤੇ ਆਪਣੇ ਅਸੂਲਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਹੁਣ ਮੇਰੀ ਸਾਰੀ ਜ਼ਿੰਦਗੀ ਦੇ ਸਾਰ ਦਾ ਫੈਸਲਾ ਲੋਕਾਂ ਦੇ ਹੱਥ ਵਿੱਚ ਹੈ, ਜੇ ਮਨਜ਼ੂਰ ਕਰੋ ਤਾਂ ਆਹੋ ਭਾਗ! ਜੇ ਠੁਕਰਾ ਦੇਵੋਂਗੇ ਤਾਂ ਸਮਝ ਲਵਾਂਗੇ ਕਿ ਹੁਣ ਸੰਸਾਰ ਵਿੱਚ ਸੱਚ ਦੀ ਗਾਹਕੀ ਨਹੀਂ ਰਹੀ। ਇਹ ਸ਼ਬਦ ਸੁਣ ਕੇ ਮੌਕੇ ’ਤੇ ਹਾਜ਼ਰ ਸਾਰੇ ਲੋਕ ਭਾਵੁਕ ਹੋ ਗਏ ਅਤੇ ਬੀਰਦਵਿੰਦਰ ਸਿੰਘ ਅਚਾਨਕ ਆਪਣਾ ਭਾਸ਼ਣ ਬੰਦ ਕਰਕੇ ਬੈਠ ਗਏ। ਕੁਝ ਲਈ ਇਕ ਅਜੀਬ ਜਿਹਾ ਸਨਾਟਾ ਛਾ ਗਿਆ ਅਤੇ ਲੋਕਾਂ ਨੇ ਉਨ੍ਹਾਂ ਨੂੰ ਹੌਂਸਲਾ ਦਿੰਦਿਆਂ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਸਨਅਤੀ ਅਦਾਰਿਆਂ ਦੇ ਮਾਲਕਾਂ ਅਤੇ ਫੈਕਟਰੀ ਕਾਮਿਆਂ ਨੂੰ ਵੀ ਮਿਲੇ। ਕਈ ਫੈਕਟਰੀ ਕਾਮਿਆਂ ਨੇ ਆਪਣੀ ਸਮੱਸਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਈਐਸਆਈ ਹਸਪਤਾਲਾਂ ਵਿੱਚ ਸਨਅਤੀ ਕਾਮਿਆਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮਿਲਣ ਦੀ ਵਿਵਸਥਾ ਕੀਤੀ ਜਾਵੇ ਅਤੇ ਮੈਡੀਕਲ ਬਿੱਲਾਂ ਦੇ ਲਮਕ ਵਿੱਚ ਪਏ ਕੇਸਾਂ ਦਾ ਤੁਰੰਤ ਨਿਪਟਾਰਾ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…