‘‘ਮੈਂ ਛਾਪੇਮਾਰੀ ਨਹੀਂ ਜ਼ਮੀਨੀ ਹਕੀਕਤ ਜਾਣਨ ਤੇ ਸੁਧਾਰਾਂ ਲਈ ਸਕੂਲਾਂ ’ਚ ਜਾਵਾਂਗਾ:’’ ਹਰਜੋਤ ਬੈਂਸ

ਸਿੱਖਿਆ ਵਿਭਾਗ ਦਾ ਹਰ ਕਰਮਚਾਰੀ ਇੱਕ ਟੀਮ ਵਜੋਂ ਕੰਮ ਕਰਨ ਲਈ ਤਿਆਰ: ਹਰਜੋਤ ਬੈਂਸ

ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਤੇ ਸਮਾਰਟ ਸਕੂਲ ਟੀਮਾਂ ਦੇ ਮੈਂਬਰਾਂ ਨਾਲ ਉਤਸ਼ਾਹ ਵਧਾਉਣ ਲਈ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਜ਼ੋਰ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਉਹ ਸਰਕਾਰੀ ਸਕੂਲਾਂ ਵਿੱਚ ਬਤੌਰ ਵਿੱਦਿਆ ਮੰਤਰੀ ਛਾਪੇਮਾਰੀ ਨਹੀਂ ਬਲਕਿ ਜ਼ਮੀਨੀ ਹਕੀਕਤ ਜਾਣਨ ਲਈ ਸਕੂਲਾਂ ’ਚ ਜਾਣਗੇ। ਅਧਿਆਪਕਾਂ ਨੂੰ ਵਿਦੇਸ਼ਾਂ ਦੇ ਸਰਵੋਤਮ ਸੰਸਥਾਨਾਂ ਤੋਂ ਵਿਸ਼ਵ ਪੱਧਰੀ ਸਿਖਲਾਈ ਕਰਵਾਉਣਾ ਵੀ ਮੁੱਖ ਮੁੱਦਾ ਰਹੇਗਾ। ਇਸ ਕਾਰਜ ਲਈ ਬਜਟ ਵਿੱਚ ਉਪਬੰਧ ਕੀਤਾ ਗਿਆ ਹੈ।
ਹਰਜੋਤ ਬੈਂਸ ਨੇ ਅੱਜ ਇੱਥੋਂ ਦੇ ਫੇਜ਼-8 ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਅਤੇ ਸਮਾਰਟ ਸਕੂਲ ਮੁਹਿੰਮ ਵਿੱਚ ਕਾਰਜਸ਼ੀਲ ਸੂਬਾ ਅਤੇ ਜ਼ਿਲ੍ਹਾ ਕੋਆਰਡੀਨੇਟਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ। ਇਸ ਮੌਕੇ ਸਕੂਲ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ, ਡੀਜੀਐਸਈ ਸ੍ਰੀਮਤੀ ਈਸ਼ਾ ਕਾਲੀਆ, ਸਕੱਤਰ ਸਵਾਤੀ ਟਿਵਾਣਾ ਅਤੇ ਪੰਜਾਬ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ, ਡੀਪੀਆਈ (ਐਲੀਮੈਂਟਰੀ) ਹਰਿੰਦਰ ਕੌਰ, ਸਹਾਇਕ ਡਾਇਰੈਕਟਰ ਗੁਰਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਸ੍ਰੀ ਬੈਂਸ ਨੇ ਅਧਿਆਪਕਾਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਸਕੂਲਾਂ ਵਿੱਚ ਸਭ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਚਾਰਦੀਵਾਰੀ, ਪਖਾਨੇ, ਬਿਜਲੀ-ਪਾਣੀ, ਬੈਂਚ ਆਦਿ ਹੋਣ ਇਸ ਲਈ ਕੁਝ ਪੈਰਾਮੀਟਰ ਨਿਰਧਾਰਿਤ ਕਰਕੇ ਗਰੇਡਿੰਗ ਕਰਕੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਮੌਜੂਦਾ ਨੀਤੀਆਂ ਵਿੱਚ ਸੁਧਾਰਾਂ ਦੀ ਲੋੜ ਹੈ। ਇਸ ਲਈ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਮੀਟਿੰਗ ਵਿੱਚ ਪਹੁੰਚੇ ਅਧਿਆਪਕਾਂ ਦੇ ਵਿਚਾਰ ਅਤੇ ਸੁਝਾਅ ਵੀ ਸੁਣੇ। ਇਸ ਤੋਂ ਪਹਿਲਾਂ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ ਸੁਰੇਖਾ ਠਾਕੁਰ ਨੇ ਸਮਾਰਟ ਸਕੂਲ ਦੀ ਟੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਜਦੋਂਕਿ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਦੇ ਸੂਬਾ ਕੋਆਰਡੀਨੇਟਰ ਡਾ. ਹਰਪਾਲ ਸਿੰਘ ਬਾਜਕ ਅਤੇ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ ਨਿਰਮਲ ਕੌਰ ਨੇ ਸੈਕੰਡਰੀ ਜਮਾਤਾਂ ਲਈ ਗੁਣਾਤਮਿਕ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ, ਟਰੇਨਿੰਗ ਮਡਿਊਲਾਂ ਅਤੇ ਸਮੁੱਚੀ ਟੀਮ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਲਵਜੀਤ ਸਿੰਘ ਗਰੇਵਾਲ ਨੇ ਨਿਭਾਈ।
ਇਸ ਮੌਕੇ ਸੂਬਾ ਕੋਆਰਡੀਨੇਟਰ ਮਯੰਕ, ਸਹਾਇਕ ਡਾਇਰੈਕਟਰ (ਟਰੇਨਿੰਗਾਂ) ਰਾਜੇਸ਼ ਭਾਰਦਵਾਜ, ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਮਨੋਜ ਕੁਮਾਰ ਤੇ ਤਨਜੀਤ ਕੌਰ, ਡਿਪਟੀ ਡਾਇਰੈਕਟਰ (ਖੇਡਾਂ) ਸੁਨੀਲ ਕੁਮਾਰ, ਡਿਪਟੀ ਡਾਇਰੈਕਟਰ (ਸਮਾਰਟ ਸਕੂਲ) ਸ਼ਲਿੰਦਰ ਸਿੰਘ ਓਐਸਡੀ ਦਪਿੰਦਰ ਸਿੰਘ ਸਮੇਤ ਹੋਰਨਾਂ ਅਧਿਕਾਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…