Nabaz-e-punjab.com

ਬਲੌਂਗੀ ਪੰਚਾਇਤੀ ਜ਼ਮੀਨ ਦਾ ਮਾਮਲਾ ਲੋਕਪਾਲ ਦੀ ਅਦਾਲਤ ਵਿੱਚ ਲੈ ਕੇ ਜਾਵਾਂਗਾ: ਬੀਰ ਦਵਿੰਦਰ ਸਿੰਘ

ਬੀਰਦਵਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਨਿੱਜੀ ਦਖ਼ਲ ਮੰਗਿਆ, ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 6 ਅਗਸਤ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਸ ਦੇ ਛੋਟੇ ਭਰਾ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਇੱਥੋਂ ਦੇ ਮੁਹਾਲੀ ਦੀ ਜੂਹ ਵਿੱਚ ਪਿੰਡ ਬਲੌਂਗੀ ਦੀ 10 ਏਕੜ ਸ਼ਾਮਲਾਤ ਜ਼ਮੀਨ ਨੂੰ ਲੀਜ਼ ’ਤੇ ਲੈ ਕੇ ‘ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ’ (ਗਊਸ਼ਾਲਾ) ਬਣਾਉਣ ਦਾ ਮਾਮਲਾ ਕਾਫੀ ਭਖ ਗਿਆ ਹੈ ਅਤੇ ਸਿੱਧੂ ਭਰਾ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਸਮੁੱਚੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਨ੍ਹਾਂ ਨੂੰ ਗਰਾਮ ਪੰਚਾਇਤ ਦੈੜੀ ਦੀ ਸ਼ਾਮਲਾਟ ਜ਼ਮੀਨ ਠੱਗਣ ਵਿੱਚ ਹਾਈ ਕੋਰਟ ਦੇ ਦਖ਼ਲ ਕਾਰਨ ਮੂੰਹ ਦੀ ਖਾਣੀ ਪਈ ਤਾਂ ਇਨ੍ਹਾਂ ਨੇ ਆਪਣੀ ਗਿਰਝ-ਅੱਖ ਗਰਾਮ ਪੰਚਾਇਤ ਬਲੌਂਗੀ ਦੀ ਬੇਸ਼ਕੀਮਤੀ ਸ਼ਾਮਲਾਟ ਜ਼ਮੀਨ ’ਤੇ ਰੱਖ ਲਈ। ਇਹ ਵੱਡੀ ਠੱਗੀ ਮਾਰਨ ਲਈ ਵਿਧੀਵਤ ਤਰੀਕੇ ਨਾਲ ਗਊਸ਼ਾਲਾ ਬਣਾਉਣ ਦਾ ਢੌਂਗ ਰਚ ਲਿਆ।
ਉਨ੍ਹਾਂ ਕਿਹਾ ਕਿ ਖਰੜ ਦੇ ਸਾਬਕਾ ਵਿਧਾਇਕ ਹੋਣ ਦੀ ਹੈਸੀਅਤ ਵਿੱਚ ਉਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕਥਿਤ ਤੌਰ ’ਤੇ ਬਲੌਂਗੀ ਦੀ ਬਹੁ-ਕਰੋੜੀ ਸ਼ਾਮਲਾਤ ਜ਼ਮੀਨ ਗਊਸ਼ਾਲਾ ਦੇ ਨਾਮ ’ਤੇ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹ ਇਹ ਮਾਮਲਾ ਲੋਕਪਾਲ ਦੀ ਅਦਾਲਤ ਵਿੱਚ ਲੈ ਕੇ ਜਾਣਗੇ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਦਾ ਪਹਿਲਾ ਖੇਖਨ ਤਾਂ ਇਹ ਹੈ ਕਿ ਉਸ ਨੂੰ ਅਚਨਚੇਤ ਦੈੜੀ ਦੀ ਸ਼ਾਮਲਾਟ ਜ਼ਮੀਨ ਦੇ ਤਬਾਦਲੇ ਦਾ ਮੁਕੱਦਮਾਂ ਹਾਰਨ ਤੋਂ ਬਾਅਦ ਲਾਵਾਰਿਸ ਗਊਆਂ ਨੂੰ ਸੰਭਾਲਣ ਦਾ ਫਿਕਰ ਸਤਾਉਣ ਲੱਗ ਪਿਆ, ਜਿਸ ਦੇ ਹੇਜ ਲਈ ਉਸਨੇ ਇੱਕ ‘ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ’ ਨੂੰ ਟਰੱਸਟ ਦੇ ਰੂਪ ਵਿੱਚ ਰਜਿਸ਼ਟਰ ਕਰਵਾ ਲਿਆ। ਟਰੱਸਟ ਦੇ ਪ੍ਰਧਾਨ ਵੀ ਸਿਹਤ ਮੰਤਰੀ ਸਿੱਧੂ ਹਨ ਅਤੇ ਸਿਰਨਾਵਾਂ ਵੀ ਉਨ੍ਹਾਂ ਦੀ ਫੇਜ਼-7 ਵਾਲੀ ਨਿੱਜੀ ਰਿਹਾਇਸ਼ ਦਾ ਹੈ। ਸਿੱਧੂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਵੀ ਇਸ ਮਾਮਲੇ ਵਿੱਚ ਬੁਰੀ ਤਰ੍ਹਾਂ ਫਸਾ ਲਿਆ ਹੈ ਅਤੇ ਸਾਥੀ ਮੰਤਰੀ ਨਾਲ ਗੱਢਤੁੱਪ ਕਰਕੇ ਗਰਾਮ ਪੰਚਾਇਤ ਬਲੌਂਗੀ ਦੀ 10.4 ਏਕੜ, ਬੇਸ਼ਕੀਮਤੀ ਸ਼ਾਮਲਾਟ ਜ਼ਮੀਨ, 33 ਸਾਲ ਲਈ ਕਿਰਾਏ ਦਾ ਪਟਾ (ਲੀਜ਼ ਡੀਡ) ਆਪਣੇ ਟਰੱਸਟ ਦੇ ਨਾਮ ’ਤੇ ਲਿਖਵਾ ਲਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦਾ ‘ਟਰੱਸਟ’ ਇਸ ਜ਼ਮੀਨ ’ਤੇ ਗਊਆਂ ਦੇ ਬਸੇਰੇ ਲਈ ਇੱਕ ਢਾਰਾ ਬਣਾਉਣ ਤੋਂ ਇਲਾਵਾ ਇੱਕ ਅਤਿਆਧੁਨਿਕ ਤੇ ਸ਼ਾਨਦਾਰ, ‘ਡਾਇਗਨੌਸਟਿਕ ਸੈਂਟਰ’ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਤੁਰੰਤ ਨਿੱਜੀ ਦਖ਼ਲ ਦੇ ਕੇ ਉੱਚ ਪੱਧਰੀ ਜਾਂਚ ਕਰਵਾਉਣ।
ਉਧਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗਊਸ਼ਾਲਾ ਲਈ ਸ਼ਾਮਲਾਤ ਜ਼ਮੀਨ ਲੀਜ਼ ’ਤੇ ਲੈਣ ਸਬੰਧੀ ਉਨ੍ਹਾਂ ਦੇ ਪਰਿਵਾਰ ’ਤੇ ਲਗਾਏ ਜਾ ਰਹੇ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …