ਆਈਏਐਸ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ

ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਕੈਪਟਨ ਸਿੱਧੂ ਨੂੰ ਮੁਹਾਲੀ ਤੋਂ ਅਕਾਲੀ ਦਲ ਦੀ ਟਿਕਟ ਮਿਲਣੀ ਲਗਭਗ ਤੈਅ, ਬੱਸ ਰਸਮੀ ਐਲਾਨ ਬਾਕੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪੰਜਾਬ ਵਿੱਚ ਹੁਕਮਰਾਨ ਪਾਰਟੀ ਨੇ ਸਥਾਨਕ ਅਕਾਲੀ ਆਗੂਆਂ ਨੂੰ ਉਨ੍ਹਾਂ ਦੀ ਅਸਲੀ ਥਾਂ ਦਿਖਾਉਂਦੇ ਹੋਏ ਐਤਕੀਂ ਇੱਕ ਸੀਨੀਅਰ ਆਈਏਐਸ ਅਫ਼ਸਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਮੁਹਾਲੀ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ ਹੈ। ਅਕਾਲੀ ਦਲ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਨੇ ਇਸ ਸਬੰਧੀ ਲਗਭਗ ਨਿਰਣਾ ਲੈ ਲਿਆ ਹੈ। ਬੱਸ ਰਸਮੀ ਐਲਾਨ ਹੋਣਾ ਬਾਕੀ ਰਹਿ ਗਿਆ ਹੈ। ਕੈਪਟਨ ਸਿੱਧੂ ਅਕਾਲੀ ਦਲ ਦੇ ਰਾਜ ਸਭਾ ਦੇ ਮੈਂਬਰ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਦੇ ਦਾਮਾਦ ਹਨ। ਉਨ੍ਹਾਂ ਨੇ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਦੇ ਅਹੁਦੇ ’ਤੇ ਰਹਿੰਦਿਆਂ ਆਪਣੇ ਰੁਤਬੇ ਦੀ ਪ੍ਰਵਾਹ ਨਾ ਕਰਦਿਆਂ ਇੱਕ ਸੇਵਾਦਾਰ ਵਾਂਗ ਕੰਮ ਕਰਕੇ ਲੋਕਾਂ ਦੇ ਮਨਾਂ ’ਤੇ ਭਾਰੀ ਛਾਪ ਬਣਾਈ ਹੈ।
ਉਧਰ, ਸੋਮਵਾਰ ਨੂੰ ਦੇਰ ਸ਼ਾਮੀ ਤੇਜਿੰਦਰਪਾਲ ਸਿੰਘ ਸਿੱਧੂ ਨੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਇਸ ਗੱਲ ਵੱਲ ਇਸ਼ਾਰਾ ਕਰ ਦਿੱਤਾ ਹੈ। ਉਹ ਚੋਣ ਲੜਨ ਦੇ ਚਾਹਵਾਨ ਹਨ। ਅਧਿਕਾਰੀ ਨੇ ਆਪਣਾ ਅਸਤੀਫ਼ਾ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤਾ ਹੈ। ਹੁਕਮਰਾਨ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਤਾਕ ਵਿੱਚ ਹਨ। ਇੱਕ ਤਾਂ ਰਾਜਨੀਤੀ ਦੇ ਖੇਤਰ ਵਿੱਚ ਉੱਚੇ ਕੱਦਵਾਰ ਢੀਂਡਸਾ ਪਰਿਵਾਰ ਨਾਲ ਆਪਣੀ ਸਾਂਝ ਹੋਰ ਮਜ਼ਬੂਤ ਹੋਵੇਗੀ ਦੂਜੇ ਪਾਸੇ ਸਥਾਨਕ ਵੱਖ-ਵੱਖ ਧੜਿਆਂ ਵਿੱਚ ਵੰਡੇ ਅਕਾਲੀ ਆਗੂਆਂ ਨੂੰ ਇੱਕ ਝੰਡੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਧੜੇਬੰਦੀ ਕਾਰਨ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਮੁਹਾਲੀ ਵਿੱਚ ਲਗਾਤਾਰ ਹਾਰਦਾ ਆ ਰਿਹਾ ਹੈ।
ਉਧਰ, ਸੰਪਰਕ ਕਰਨ ’ਤੇ ਕੈਪਟਨ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸ਼ਾਮੀ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਸਤੀਫ਼ਾ ਕੁੱਝ ਤਕਨੀਕੀ ਕਾਰਨਾਂ ਕਰਕੇ ਦਿੱਤਾ ਹੈ। ਉਂਜ ਉਨ੍ਹਾਂ ਏਨਾ ਜਰੂਰ ਆਖਿਆ ਕਿ ਜੇਕਰ ਅਕਾਲੀ ਦਲ ਨੇ ਟਿਕਟ ਦੇ ਕੇ ਚੋਣ ਲੜਨ ਦਾ ਮੌਕਾ ਦਿੱਤਾ ਤਾਂ ਉਹ ਜਰੂਰ ਲੋਕਾਂ ਦੀ ਸੇਵਾ ਕਰਨੀ ਚਾਹੁਣਗੇ।
ਸੂਤਰਾਂ ਦਾ ਕਹਿਣਾ ਹੈ ਕਿ ਸਥਾਨਕ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਗੁੱਟਬੰਦੀ ਦੇ ਚਲਦਿਆਂ ਪਾਰਟੀ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਮੌਜੂਦਾ ਸਮੇਂ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਅਕਾਲੀ ਕੌਂਸਲਰਾਂ ਦੇ ਧੜਿਆਂ ਵਿੱਚ ਦੂਰੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅਤੇ ਦੋਵੇਂ ਧੜਿਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਇੱਕ ਦੂਜੇ ਦੇ ਸਮਾਗਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਜਿਥੇ ਮੇਅਰ ਧੜਾ ਬਿਨਾਂ ਬੁਲਾਏ ਕਿਸੇ ਸਮਾਗਮ ਵਿੱਚ ਪਹੁੰਚਣ ਲਈ ਤਿਆਰ ਨਹੀਂ ਹੈ। ਉਥੇ ਕੌਂਸਲਰ ਧੜਾ ਮੇਅਰ ਦੇ ਸਮਾਗਮ ਵਿੱਚ ਸੱਦੇ ਜਾਣ ਦੇ ਬਾਵਜੂਦ ਵੀ ਨਹੀਂ ਪਹੁੰਚਦਾ ਹੈ। ਇਹੀ ਨਹੀਂ ਕੌਂਸਲਰ ਧੜੇ ਦੇ ਇੱਕ ਦੋ ਆਗੂਆਂ ਵੱਲੋਂ ਗਰੁੱਪ ਵਿੱਚ ਮੈਸਜ ਪਾ ਕੇ ਸਾਥੀਆਂ ਨੂੰ ਸਮਾਗਮ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਹਾਲਾਂਕਿ ਕੁੱਝ ਸਮਾਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਦੋਵਾਂ ਧੜਿਆਂ ਵਿੱਚ ਸੁਲ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਲੇਕਿਨ ਮੰਤਰੀ ਨੇ ਵੀ ਬਹੁਤੀ ਤਵੱਜੋਂ ਨਹੀਂ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਕਿਰਨਬੀਰ ਸਿੰਘ ਕੰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਲੇਬਰਫੈੱਡ ਪੰਜਾਬ ਦੇ ਐਮ.ਡੀ. ਪਰਵਿੰਦਰ ਸਿੰਘ ਬੈਦਵਾਨ ਮੁਹਾਲੀ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਸੀ। ਇਹੀ ਨਹੀਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ, ਜ਼ਿਲ੍ਹਾ ਇਸਤਰੀ ਅਕਾਲੀ ਦਲ ਸ਼ਹਿਰੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਅਤੇ ਸੀਨੀਅਰ ਆਗੂ ਗੁਰਮੀਤ ਸਿੰਘ ਬਾਕਰਪੁਰ ਵੀ ਟਿਕਟ ਦੀ ਦੌੜ ਵਿੱਚ ਸ਼ਾਮਲ ਹੋ ਗਏ ਸੀ ਅਤੇ ਉਕਤ ਸਾਰੇ ਆਗੂਆਂ ਨੇ ਟਿਕਟ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ। ਲੇਕਿਨ ਕੁੱਝ ਦਿਨ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੌਂਸਲਰ ਧੜੇ ਦੇ ਕੁੱਝ ਆਗੂਆਂ ਨੂੰ ਸਾਫ਼ ਕਹਿ ਦਿੱਤਾ ਕਿ ਉਹ ਇਸ ਦੌੜ ’ਚੋਂ ਪਾਸੇ ਹਟ ਜਾਣ। ਕਿਉਂਕਿ ਟਿਕਟ ਤਾਂ ਉਸੇ ਵਿਅਕਤੀ ਨੂੰ ਦਿੱਤੀ ਜਾਵੇਗੀ, ਜੋ ਚੋਣ ਜਿੱਤਣ ਦੇ ਸਮਰਥ ਹੋਵੇਗਾ। ਇਸ ਤਰ੍ਹਾਂ ਆਈਏਐਸ ਤੇਜਿੰਦਰਪਾਲ ਸਿੰਘ ਸਿੱਧੂ ਦੇ ਨਾਂ ’ਤੇ ਚਰਚਾ ਸ਼ੁਰੂ ਹੋ ਗਈ। ਇਹੀ ਨਹੀਂ ਖੁਫ਼ੀਆ ਵਿਭਾਗ ਅਤੇ ਸੁਖਬੀਰ ਦੀ ਗੁਪਤ ਸਰਵੇ ਰਿਪੋਰਟ ਨੇ ਵੀ ਸ੍ਰੀ ਸਿੱਧੂ ਦੇ ਨਾਂ ’ਤੇ ਮੋਹਰ ਲਗਾਈ ਹੈ। ਹਾਲਾਂਕਿ ਇਸ ਸਬੰਧੀ ਅਜੇ ਤਾਈ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ ਹੈ ਪ੍ਰੰਤੂ ਸ੍ਰੀ ਸਿੱਧੂ ਦਾ ਮੰਡੀ ਬੋਰਡ ਦੇ ਸਕੱਤਰ ਤੋਂ ਅਸਤੀਫ਼ਾ ਦੇਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ।
ਉਧਰ, ਪਾਰਟੀ ਵਿੱਚ ਅਣਦੇਖੀ ਦਾ ਸ਼ਿਕਾਰ ਅਕਾਲੀ ਦਲ ਦੇ ਜੁਝਾਰੂ ਵਰਕਰ ਕਿਰਨਬੀਰ ਸਿੰਘ ਕੰਗ ਕਾਫੀ ਸਮੇਂ ਤੋਂ ਖਾਮੋਸ ਬੈਠੇ ਹਨ। ਹਾਲਾਂਕਿ ਤਤਕਾਲੀ ਹਲਕਾ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਪਾਰਟੀ ਛੱਡ ਕੇ ਯੂ.ਪੀ. ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਵਿੱਚ ਜੇਲ੍ਹ ਮੰਤਰੀ ਬਣਨ ਤੋਂ ਬਾਅਦ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਬੇਟੇ ਹਰਿੰਦਰਪਾਲ ਸਿੰਘ ਨੇ ਇਲਾਕੇ ਵਿੱਚ ਹਲਕਾ ਇੰਚਾਰਜ ਵਜੋਂ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਲੇਕਿਨ ਕੁੱਝ ਸਮੇਂ ਬਾਅਦ ਹੀ ਪਾਰਟੀ ਨੇ ਉਨ੍ਹਾਂ ਸਨੌਰ ਭੇਜ ਦਿੱਤਾ। ਇਸ ਮਗਰੋਂ ਹੁਕਮਰਾਨਾਂ ਵੱਲੋਂ ਸ੍ਰੀ ਕੰਗ ਨੂੰ ਹਲਕਾ ਸਾਂਭਣ ਲਈ ਆਖਿਆ ਗਿਆ ਸੀ ਲੇਕਿਨ ਸ੍ਰੀ ਕੰਗ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਸੀ ਕਿ ਪਿਛਲੇ 9 ਸਾਲਾਂ ਵਿੱਚ ਉਸ ਨੂੰ ਕੁੱਝ ਨਹੀਂ ਦਿੱਤਾ ਅਤੇ ਹੁਣ ਉਹ ਕਿਸ ਆਧਾਰ ’ਤੇ ਵੋਟਾਂ ਮੰਗਣ ਲਈ ਲੋਕਾਂ ਵਿੱਚ ਜਾਣਗੇ। ਇਸ ਤੋਂ ਬਾਅਦ ਹੁਕਮਰਾਨ ਆਪਣੀ ਢੇਰ ਢਾਹ ਕੇ ਬੈਠ ਗਏ ਅਤੇ ਸਾਰਾ ਕੁੱਝ ਰੱਬ ਭਰੋਸੇ ਛੱਡ ਦਿੱਤਾ ਅਤੇ ਅੱਜ ਹਾਲਾਤ ਸਭ ਦੇ ਸਾਹਮਣੇ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…