ਆਈਏਐਸ ਸੰਜੇ ਪੋਪਲੀ ਦੀਆਂ ਮੁਸ਼ਕਲਾਂ ਵਧੀਆਂ, ਦੋ ਹੋਰ ਠੇਕੇਦਾਰਾਂ ਨੇ ਦਿੱਤੀਆਂ ਸ਼ਿਕਾਇਤਾਂ

ਵਿਜੀਲੈਂਸ ਨੂੰ ਅਧਿਕਾਰੀ ਦੇ ਘਰ ਦੀ ਤਲਾਸ਼ੀ ਦੌਰਾਨ .32 ਬੋਰ ਦੇ 73 ਜਿੰਦਾ ਕਾਰਤੂਸ ਮਿਲੇ

ਸੰਜੇ ਪੋਪਲੀ ਦੇ ਕਾਰਜਕਾਲ ਦੌਰਾਨ ਸੀਵਰੇਜ ਪ੍ਰਾਜੈਕਟ ਕੰਮਾਂ ਦੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ
ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕਰਨਾਲ (ਹਰਿਆਣਾ) ਦੇ ਦੋ ਹੋਰ ਠੇਕੇਦਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਭੇਜੀ ਗਈ ਹੈ। ਠੇਕੇਦਾਰਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰੂਪਨਗਰ ਦੇ ਮੋਰਿੰਡਾ ਅਤੇ ਤਲਵਾੜਾ ਵਿੱਚ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਲਈ ਕੀਤੇ ਕੰਮ ਦੀ ਅਦਾਇਗੀ ਬਦਲੇ ਉਨ੍ਹਾਂ ਤੋਂ 2 ਫੀਸਦੀ ਕਮਿਸ਼ਨ ਮੰਗਿਆ ਗਿਆ ਸੀ। ਉਨ੍ਹਾਂ ਨੂੰ ਜਲੰਧਰ ਦੇ ਇੱਕ ਹੋਟਲ ਵਿੱਚ ਸੱਦ ਕੇ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਜੇਕਰ ਕਮਿਸ਼ਨ ਨਾ ਦਿੱਤੀ ਤਾਂ ਉਸ ਦੇ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਵਿਜੀਲੈਂਸ ਨੇ ਬੀਤੇ ਦਿਨੀਂ ਸੰਜੇ ਪੋਪਲੀ ਅਤੇ ਉਸ ਦੇ ਸਹਾਇਕ ਸਕੱਤਰ ਸੰਦੀਪ ਵਤਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਵਾਸੀ ਕਰਨਾਲ (ਹਰਿਆਣਾ) ’ਤੇ ਕੀਤੀ ਗਈ ਹੈ। ਇਸ ਸਮੇਂ ਉਹ ਵਿਜੀਲੈਂਸ ਕੋਲ 4 ਦਿਨ ਦੇ ਪੁਲੀਸ ਰਿਮਾਂਡ ’ਤੇ ਹਨ।
ਉਧਰ, ਹੁਣ ਰਾਜੇਸ਼ ਕੰਸਟਰੱਕਸ਼ਨ ਕੰਪਨੀ ਨੇ ਸੰਜੇ ਪੋਪਲੀ ਖ਼ਿਲਾਫ਼ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ 16 ਕਰੋੜ ਦੀ ਅਦਾਇਗੀ ਦੇ ਬਦਲੇ ਉਸ ਤੋਂ 2 ਫੀਸਦੀ ਰਿਸ਼ਵਤ ਮੰਗੀ ਗਈ ਸੀ। ਉਸ ਨੇ ਮੋਰਿੰਡਾ ਅਤੇ ਤਲਵਾੜਾ ਵਿੱਚ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਕੀਤਾ ਸੀ। ਕਮਿਸ਼ਨ ਨਾ ਦੇਣ ’ਤੇ ਅਦਾਇਗੀ ਨਾ ਕਰਨ ਦੀ ਧਮਕੀ ਦਿੱਤੀ ਸੀ।
ਇਸ ਠੇਕੇਦਾਰ ਨੂੰ ਪਿਛਲੇ ਸਾਲ 12 ਦਸੰਬਰ ਨੂੰ ਜਲੰਧਰ ਦੇ ਇੱਕ ਹੋਟਲ ਵਿੱਚ ਸੱਦਿਆ ਗਿਆ ਸੀ। ਠੇਕੇਦਾਰ ਨੇ ਦੋਸ਼ ਲਾਇਆ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸ ਤੋਂ ਦੋ ਦਿਨਾਂ ਬਾਅਦ 14 ਦਸੰਬਰ ਨੂੰ ਸੰਜੇ ਪੋਪਲੀ ਨੇ ਠੇਕੇਦਾਰ ਨੂੰ ਆਪਣੇ ਦਫ਼ਤਰ ਆਉਣ ਲਈ ਕਿਹਾ ਗਿਆ। ਜਿੱਥੇ ਠੇਕੇਦਾਰ ਤੋਂ ਕਮਿਸ਼ਨ ਵਜੋਂ 5 ਲੱਖ ਰੁਪਏ ਦੀ ਮੰਗ ਕੀਤੀ ਗਈ। ਠੇਕੇਦਾਰ ਨੇ ਆਪਣੇ ਕਿਸੇ ਦੋਸਤ ਤੋਂ ਪੈਸੇ ਉਧਾਰ ਮੰਗੇ ਅਤੇ ਪੋਪਲੀ ਵੱਲੋਂ ਭੇਜੇ ਗਏ ਵਿਅਕਤੀ ਨੂੰ ਪੈਸੇ ਦਿੱਤੇ ਗਏ। ਇੰਜ ਹੀ ਇੱਕ ਹੋਰ ਠੇਕੇਦਾਰ ਨੇ ਸ਼ਿਕਾਇਤ ਕਰਨ ਬਾਰੇ ਪਤਾ ਲੱਗਾ ਹੈ। ਉਂਜ ਵੀ ਪੰਜਾਬ ਸੀਵਰੇਜ ਬੋਰਡ ਦੇ ਸੀਈਓ ਰਹੇ ਸੰਜੇ ਪੋਪਲੀ ਦੇ ਕਾਰਜਕਾਲ ਦੌਰਾਨ ਸੀਵਰੇਜ ਪ੍ਰਾਜੈਕਟ ਅਤੇ ਹੋਰਨਾਂ ਕੰਮਾਂ ਦੇ ਟੈਂਡਰ ਅਲਾਟ ਕਰਨ ਦੇ ਸਾਰੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ, ਵਿਜੀਲੈਂਸ ਨੇ ਮੁਲਜ਼ਮ ਅਧਿਕਾਰੀ ਦਾ ਪੁਲੀਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਚੰਡੀਗੜ੍ਹ ਸਥਿਤ ਸੰਜੇ ਪੋਪਲੀ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਅਧਿਕਾਰੀ ਦੇ ਘਰੋਂ .32 ਬੋਰ ਦੇ 73 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਸੰਜੇ ਪੋਪਲੀ ਖ਼ਿਲਾਫ਼ ਅਸਲਾ ਐਕਟ ਦਾ ਨਵਾਂ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਪੋਪਲੀ ਤੋਂ ਭ੍ਰਿਸ਼ਟਾਚਾਰ ਅਤੇ ਨਵੀਆਂ ਮਿਲੀਆਂ ਸ਼ਿਕਾਇਤਾਂ ਬਾਰੇ ਪੁੱਛਗਿੱਤ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਧਿਕਾਰੀ ਨੇ ਐਨੇ ਜ਼ਿਆਦਾ ਕਾਰਤੂਸ ਕਿਸ ਮੰਤਵ ਲਈ ਆਪਣੇ ਘਰ ਰੱਖੇ ਹੋਏ ਸੀ। ਇਹ ਰੌਂਦ ਲਾਇਸੈਂਸੀ ਹਨ ਜਾਂ ਨਾਜਾਇਜ਼ ਹਨ, ਇਸ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ 3 ਜੂਨ ਨੂੰ ਸਰਕਾਰੀ ਠੇਕੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਜਾਰੀ ਨੰਬਰ ਵਟਸਅਪ ਨੰਬਰ ਅਤੇ ਐਂਟੀ ਕੁਰੱਪਸ਼ਨ ਸੈੱਲ ਨੂੰ ਲਿਖਤੀ ਸ਼ਿਕਾਇਤ ਦੇ ਨਾਲ ਕਮਿਸ਼ਨ ਦੇ ਲੈਣ ਦੇਣ ਸਬੰਧੀ ਕੀਤੀ ਵੀਡੀਓ ਰਿਕਾਰਡਿੰਗ ਵੀ ਭੇਜੀ ਗਈ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਆਈਏਐਸ ਸੰਜੇ ਪੋਪਲੀ ਅਤੇ ਸਹਾਇਕ ਸਕੱਤਰ-ਕਮ-ਸੁਪਰਡੈਂਟ ਸੰਦੀਪ ਵਤਸ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ। ਇਸ ਮਗਰੋਂ ਸੰਜੇ ਪੋਪਲੀ ਅਤੇ ਸੰਦੀਪ ਵਤਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਸੀਐਸ ਤੋਂ ਆਈਏਐਸ ਬਣੇ ਸੰਜੇ ਪੋਪਲੀ ਸ਼ੁਰੂ ਤੋਂ ਚੰਗੇ ਅਹੁਦਿਆਂ ’ਤੇ ਤਾਇਨਾਤੀ ਕਾਰਨ ਕਾਫ਼ੀ ਚਰਚਾ ਵਿੱਚ ਰਿਹਾ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਹੋਰ ਕਈ ਅਧਿਕਾਰੀਆਂ ਦੀ ਵੀ ਨੀਂਦ ਉੱਡ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…