Nabaz-e-punjab.com

ਪਾਦਰੀ ਕੇਸ: ਸਟੇਟ ਕਰਾਈਮ ਵਿੰਗ ਵੱਲੋਂ ਮੁਲਜ਼ਮ ਥਾਣੇਦਾਰਾਂ ਦੀ ਨਿਸ਼ਾਨਦੇਹੀ ’ਤੇ 2.10 ਕਰੋੜ ਰੁਪਏ ਹੋਰ ਬਰਾਮਦ

ਏਐਸਆਈ ਰਾਜਪ੍ਰੀਤ ਸਿੰਘ ਦੇ ਪੁਰਾਣੇ ਘਰ ’ਚੋਂ ਮਿਲੇ 1 ਕਰੋੜ, ਜੋਗਿੰਦਰ ਸਿੰਘ ਨੇ ਆਪਣੇ ਘਰ ਨੇੜੇ ਜ਼ਮੀਨ ’ਚ ਦੱਬੇ ਹੋਏ 1.10 ਕਰੋੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰ ਕੋਲੋਂ ਛਾਪੇਮਾਰੀ ਦੌਰਾਨ ਬਰਾਮਦ ਕਰੋੜਾਂ ਰੁਪਏ ਦੀ ਰਾਸ਼ੀ ’ਚੋਂ 6.66 ਕਰੋੜ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਏਐਸਆਈ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਦੀ ਟੀਮ ਨੇ ਅੱਜ 2.10 ਕਰੋੜ ਰੁਪਏ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਦੋਂਕਿ ਬੀਤੇ ਦਿਨੀਂ ਮੁਲਜ਼ਮ ਥਾਣੇਦਾਰ ਰਾਜਪ੍ਰੀਤ ਸਿੰਘ ਦੇ ਚਾਚਾ ਸਹੁਰਾ ਹੌਲਦਾਰ ਅਮਰੀਕ ਸਿੰਘ ਸਮੇਤ ਹੋਰਨਾਂ ਜਾਣਕਾਰਾਂ ਦੇ ਘਰੋਂ 2 ਕਰੋੜ 39 ਲੱਖ 50 ਹਜ਼ਾਰ ਬਰਾਮਦ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਸਟੇਟ ਕਰਾਈਮ ਵਿੰਗ ਦੇ ਏਆਈਜੀ ਰਾਕੇਸ਼ ਕੌਸਲ ਦੀ ਅਗਵਾਈ ਵਾਲੀ ਟੀਮ ਨੇ ਅੱਜ ਮੁਲਜ਼ਮ ਥਾਣੇਦਾਰਾਂ ਨੂੰ ਲੈ ਕੇ ਪਟਿਆਲਾ ਸਥਿਤ ਉਨ੍ਹਾਂ ਦੇ ਘਰਾਂ ਵਿੱਚ ਤਲਾਸ਼ੀ ਲਈ ਗਈ। ਇਸ ਦੌਰਾਨ ਪੁਲੀਸ ਨੇ 2 ਕਰੋੜ 10 ਲੱਖ ਰੁਪਏ ਬਰਾਮਦ ਕੀਤੇ ਗਏ। ਹੁਣ ਤੱਕ 4 ਕਰੋੜ 49 ਲੱਖ 60 ਹਜ਼ਾਰ ਬਰਾਮਦ ਕਰ ਲਏ ਗਏ ਹਨ ਅਤੇ ਬਾਕੀ ਪੈਸੇ ਵੀ ਜਲਦੀ ਬਰਾਮਦ ਕਰ ਲਏ ਜਾਣਗੇ। ਦੱਸਿਆ ਗਿਆ ਹੈ ਕਿ ਏਐਸਆਈ ਜੋਗਿੰਦਰ ਸਿੰਘ ਨੇ 1.10 ਕਰੋੜ ਰੁਪਏ ਬਲਬੀਰ ਕਲੋਨੀ, ਪਟਿਆਲਾ ਵਿੱਚ ਆਪਣੇ ਘਰ ਦੇ ਨੇੜੇ ਇਕ ਖਾਲੀ ਪਲਾਟ ਵਿੱਚ ਜ਼ਮੀਨ ਵਿੱਚ ਦੱਬੇ ਹੋਏ ਸਨ। ਜਿਨ੍ਹਾਂ ਨੂੰ ਅੱਜ ਲੋਕਾਂ ਦੀ ਮੌਜੂਦਗੀ ਵਿੱਚ ਪੁਲੀਸ ਨੇ ਬਰਾਮਦ ਕੀਤਾ ਹੈ। ਇੰਝ ਹੀ ਸਾਥੀ ਥਾਣੇਦਾਰ ਰਾਜਪ੍ਰੀਤ ਸਿੰਘ ਤੋਂ 1 ਕਰੋੜ ਬਰਾਮਦ ਕੀਤੇ ਗਏ ਹਨ। ਮੁਲਜ਼ਮ ਥਾਣੇਦਾਰ ਨੇ ਇਹ ਰਾਸ਼ੀ ਨਿਊ ਮਹਿੰਦਰਾ ਕਲੋਨੀ ਪਟਿਆਲਾ ਸਥਿਤ ਆਪਣੇ ਪੁਰਾਣੇ ਘਰ ਵਿੱਚ ਛੁਪਾ ਕੇ ਰੱਖੀ ਹੋਈ ਸੀ। ਥਾਣੇਦਾਰ ਨੇ ਆਪਣੇ ਪੁਰਾਣੇ ਘਰ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ। ਇੰਝ ਹੀ ਬੀਤੀ 3 ਮਈ ਨੂੰ 1.05 ਲੱਖ ਰੁਪਏ ਗੁਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਸਤਰਾਜ ਗੰਜ, ਉੱਤਰਾਖੰਡ ’ਚੋਂ ਬਰਾਮਦ ਕੀਤੇ ਗਏ ਹਨ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਹੁਣ ਤੱਕ ਕਰੀਬ 4.5 ਕਰੋੜ ਰਾਸ਼ੀ ਬਰਾਮਦ ਕਰ ਲਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬਾਕੀ ਖੁਰਦ ਬੁਰਦ ਕੀਤੀ ਰਾਸ਼ੀ ਵੀ ਜਲਦੀ ਹੀ ਬਰਾਮਦ ਕਰ ਲਈ ਜਾਵੇਗੀ। ਉੱਚ ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਜੇਕਰ ਕਿਸੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ, ਉਹ ਭਾਵੇਂ ਕਿੰਨੇ ਵੀ ਵੱਡੇ ਅਹੁਦੇ ’ਤੇ ਤਾਇਨਾਤ ਹੋਵੇ।
ਜਾਣਕਾਰੀ ਅਨੁਸਾਰ ਉਕਤ ਦੋਵੇਂ ਮੁਲਜ਼ਮ ਥਾਣੇਦਾਰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਚੱਲ ਰਹੇ ਹਨ ਜਦੋਂਕਿ ਬਾਕੀ ਮੁਲਜ਼ਮ ਹੌਲਦਾਰ ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਮੁਹੰਮਦ ਸ਼ਕੀਲ, ਸੰਜੀਵ ਕੁਮਾਰ ਅਤੇ ਦਵਿੰਦਰ ਸਿੰਘ ਤਿੰਨ ਦਿਨ ਪੁਲੀਸ ਰਿਮਾਂਡ ’ਤੇ ਹਨ। ਇਸ ਸਬੰਧੀ ਮੁਹਾਲੀ ਸਥਿਤ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਉਕਤ ਥਾਣੇਦਾਰਾਂ ਸਮੇਤ ਪੁਲੀਸ ਦੇ ਮੁਖ਼ਬਰ ਸੁਰਿੰਦਰ ਸਿੰਘ ਵਾਸੀ ਨੌਸ਼ਹਿਰਾ ਖੁਰਦ, ਜ਼ਿਲ੍ਹਾ ਗੁਰਦਾਸਪੁਰ ਅਤੇ ਬਾਕੀ ਮੁਲਜ਼ਮਾਂ ਦੇ ਖ਼ਿਲਾਫ਼ ਧਾਰਾ 406, 34 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਅਦ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 392 ਜੋੜ ਕੇ ਡਕੈਤੀ ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ। ਥਾਣੇਦਾਰ ਦਿਲਬਾਗ ਸਿੰਘ ਅਤੇ ਮੁਖ਼ਬਰ ਸੁਰਿੰਦਰ ਸਿੰਘ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ। ਉਂਜ ਇਕ ਮੁਲਜ਼ਮ ਸੁਰਿੰਦਰਪਾਲ ਨੂੰ ਗ੍ਰਿਫ਼ਤਾਰੀ ਪਾਉਣ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ। ਇਕ ਮੁਲਜ਼ਮ ਨਿਰਮਲ ਸਿੰਘ ਹਾਲੇ ਤੱਕ ਫਰਾਰ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …