ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲਾਂ ਦਾ ਸਿਧਾਂਤਕ ਵਿਰੋਧ ਸ਼ਲਾਘਾਯੋਗ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲਾਂ ਦਾ ਸਿਧਾਂਤਕ ਵਿਰੋਧ ਕਰਨ ਦੇ ਮਾਮਲੇ ਸਬੰਧੀ ਆਪਣੀ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਅਜੋਕੀ ਰਾਜਨੀਤੀ ਵਿੱਚ ਇਹ ਪਹਿਲਾ ਸਮਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਕਿਸੇ ਸੀਨੀਅਰ ਆਗੂ ਨੇ ਪੰਥ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਸਿੱਖ ਸਿਧਾਂਤਾਂ ਦੀ ਦ੍ਰਿਸ਼ਟੀ ਵਿੱਚ ਇੱਕ ਸਾਫ਼ ਤੇ ਪੁਖਤਾ ਨਜ਼ਰੀਆਂ ਇਖ਼ਤਿਆਰ ਕੀਤਾ ਹੈ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਲਗਭਗ ਅਧੀ ਸਦੀ ਦੇ ਆਪਣੇ ਰਾਜਨੀਤਕ ਜੀਵਨ ਵਿੱਚ ਕਦੇ ਵੀ ਆਪਣੀ ਰਾਜਨੀਤਕ ਛਵੀ ਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ। ਸ੍ਰੀ ਢੀਂਡਸਾ ਵੱਲੋਂ ਛੇ ਮਹੀਨੇ ਪਹਿਲਾਂ, ਆਪਣੇ ਅਮਲੀ ਸਿਧਾਂਤਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਖ਼ਾਮੋਸ਼ੀ ਇਖ਼ਤਿਆਰ ਕਰ ਲੈਣਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਾਦਲਾਂ ਦੀ ਜ਼ਮੀਰ ਨੂੰ ਇੱਕ ਵੱਡਾ ਝਟਕਾ ਸੀ ਪ੍ਰੰਤੂ ਵੱਡੇ ਬਾਦਲ ਨੇ ਪੁੱਤਰ ਮੋਹ ਦੀ ਦ੍ਰਿਸ਼ਟੀ ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਸਿਧਾਂਤਕ ਇਤਰਾਜ਼ਾਂ ਨੂੰ ਦਰਕਿਨਾਰ ਕਰਕੇ ਪੰਥਕ ਹਿੱਤਾਂ ’ਤੇ ਪਹਿਰਾ ਦੇਣ ਦੀ ਬਜਾਏ ਕੇਵਲ ਤੇ ਕੇਵਲ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਹਿੰਡ ਪੁਗਾਉਣ ਨੂੰ ਹੀ ਤਰਜ਼ੀਹ ਦਿੱਤੀ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਲਈ ਇਹ ਗੱਲ ਹੋਰ ਵੀ ਤਸੱਲੀਜਨਕ ਤੇ ਕਾਬਿਲ-ਏ-ਇਹਤਰਾਮ ਹੈ, ਕਿ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਇਕਲੌਤੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵਜੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਇਸ ਦੇ ਬਾਵਜੂਦ ਵੀ ਉਨ੍ਹਾਂ ਦਾ ਪੁੱਤਰ ਚੋਣ ਲੜਦਾ ਹੈ ਤਾਂ ਉਹ ਬਾਦਲ ਪਰਿਵਾਰ ਨਾਲ ਸਿਧਾਂਤਕ ਮਤਭੇਦ ਹੋਣ ਕਾਰਨ ਕਿਸੇ ਵੀ ਕੀਮਤ ’ਤੇ ਚੋਣ ਪ੍ਰਚਾਰ ਵਿੱਚ ਸ਼ਾਮਲ ਨਹੀਂ ਹੋਣਗੇ। ਬੀਰਦਵਿੰਦਰ ਸਿੰਘ ਨੇ ਪਰਮਿੰਦਰ ਢੀਂਡਸਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿਤਾ ਦੀ ਗੱਲ ਮੰਨ ਕੇ ਬਾਦਲਾਂ ਦੀ ਟਿਕਟ ’ਤੇ ਸੰਗਰੂਰ ਤੋਂ ਚੋਣ ਨਾ ਲੜਨ ਸਗੋਂ ਪੰਥਕ ਹਿੱਤਾਂ ਲਈ ਆਪਣੇ ਪਿਤਾ ਦੀ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਮਦਰ ਅਮੰਗੜੇ ਦਾ ਸਬੂਤ ਦੇਣ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਰਾਜਨੀਤੀ ਵਿੱਚ ਇੱਕ ਸਾਫ਼-ਸੁਥਰੀ ਸ਼ੁਹਰਤ ਦੇ ਧਾਰਨੀ ਹਨ। ਉਨ੍ਹਾਂ ਤੋਂ ਪੂਰੇ ਪੰਜਾਬ ਅਤੇ ਸਿੱਖ ਪੰਥ ਨੂੰ ਉਮੀਦ ਹੈ ਕਿ ਉਹ ਆਪਣੇ ਪਿਤਾ ਵੱਲੋਂ ਅਪਣਾਏ ਗਏ ਸਿਧਾਂਤਕ ਨਜ਼ਰੀਏ ਤੇ ਪਹਿਰਾ ਦੇਣਗੇ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੀ ਬੇਦਾਗ ਸ਼ਖ਼ਸੀਅਤ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦਾ ਹਰ-ਸੂਰਤ ਵਿੱਚ ਸਨਮਾਨ ਕਰਨਗੇ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉੱਪਰਲੀ ਲੀਡਰਸ਼ਿਪ ਨਾਲ ਭਾਵ ਬਾਦਲ ਪਰਿਵਾਰ ਨਾਲ ਮਤਭੇਦ ਕਵੇਲ ਸਿਧਾਂਤਕ ਵਖਰੇਵਿਆਂ ਕਾਰਨ ਹੀ ਹਨ ਜੋ ਸਿੱਖ ਪੰਥ ਦੇ ਵਡੇਰੇ ਹਿੱਤਾਂ ਦੀ ਦ੍ਰਿਸ਼ਟੀ ਵਿੱਚ ਅਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਅਤੇ ਬਾਦਲਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਅਪਣਾਏ ਗਏ ਸਿੱਖ ਵਿਰੋਧੀ ਪੈਂਤੜਿਆਂ ’ਤੇ ਅਧਾਰਿਤ ਹਨ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…