ਜੇ ਕੋਈ ਸਾਡਾ ਵਿਧਾਇਕ ਜਾਂ ਮੰਤਰੀ ਕਿਸੇ ਵਪਾਰੀ ਤੋਂ ਹਿੱਸਾ ਮੰਗੇਗਾ ਤਾਂ ਤੁਰੰਤ ਕਾਰਵਾਈ ਕਰਾਂਗੇ: ਅਰਵਿੰਦ ਕੇਜਰੀਵਾਲ

ਵਪਾਰੀਆਂ ਤੋਂ ਹਿੱਸਾ ਨਹੀਂ ਮੰਗਾਂਗੇ, ਸਗੋਂ ਉਨ੍ਹਾਂ ਨੂੰ ਸਰਕਾਰ ਵਿੱਚ ਹਿੱਸੇਦਾਰ ਬਣਾਵਾਂਗੇ: ਭਗਵੰਤ ਮਾਨ

ਲੋਕਾਂ ਦੀ ਸੰਘੀ ਘੁੱਟਣ ਲਈ ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਝੂਠੇ ਪਰਚੇ ਦਰਜ ਕਰਕੇ ਡਰ ਦਾ ਮਾਹੌਲ ਪੈਦਾ ਕੀਤਾ

ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਬਣਾਵਾਂਗੇ ‘ਵਰਲਡ ਆਇਕਨ ਸਿਟੀ’: ਕੇਜਰੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ’ਚੋਂ ਇੰਸਪੈਕਟਰੀ ਰਾਜ ਅਤੇ ਛਾਪੇਮਾਰੀ ਖ਼ਤਮ ਕਰਨ ਦੇ ਨਾਲ-ਨਾਲ ਸਿਆਸੀ ਆਗੂਆਂ ਦੀ ਹਫ਼ਤਾ ਵਸੂਲੀ ਖ਼ਤਮ ਕੀਤੀ ਜਾਵੇਗੀ। ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਪਾਰ, ਉਦਯੋਗ ਅਤੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਸੁਰੱਖਿਆ ਦਾ ਮਾਹੌਲ ਸਿਰਜਿਆ ਜਾਵੇਗਾ ਤਾਂ ਜੋ ਕਿਸੇ ਵੀ ਵਾਪਾਰੀ ਨੂੰ ਆਪਣਾ ਕਾਰੋਬਾਰ ਵਿੱਚ ਕੋਈ ਮੁਸ਼ਕਲ ਨਾ ਆਵੇ।
ਇਸ ਮੌਕੇ ਕੇਜਰੀਵਾਲ ਨੇ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਪੰਜਾਬ ਦੇ ਵਪਾਰੀਆਂ, ਕਾਰੋਬਾਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨਾਲ ਸਬੰਧਤ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਝੂਠੇ ਪਰਚੇ ਦਰਜ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ। ਜਿਸ ਕਾਰਨ ਅਜੋਕੇ ਸਮੇਂ ਵਿੱਚ ਰਾਜ ਦੇ ਲੋਕ ਦਹਿਸ਼ਤ ਦੇ ਸਾਏ ਹੇਠ ਜੀਵਨ ਬਸਰ ਕਰ ਰਹੇ ਹਨ ਅਤੇ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਆਪ ਦੀ ਸਰਕਾਰ ਝੂਠੇ ਪਰਚੇ ਦਰਜ ਦਾ ਰਾਜ ਖ਼ਤਮ ਕਰੇਗੀ ਅਤੇ ਸਾਰੇ ਝੂਠੇ ਪਰਚੇ ਰੱਦ ਕਰਕੇ ਲੋਕਾਂ ਦੀ ਸੁਰੱਖਿਆ ਅਤੇ ਡਰ ਰਹਿਤ ਮਾਹੌਲ ਦੇਵੇਗੀ।
ਆਪ ਮੁਖੀ ਨੇ ਕਿਹਾ ਕਿ ਪੰਜਾਬ ਦੇ ਵਾਪਾਰੀ ਭ੍ਰਿਸ਼ਟ ਆਗੂਆਂ ਅਤੇ ਅਧਿਕਾਰੀਆਂ ਤੋਂ ਕਾਫ਼ੀ ਪ੍ਰੇਸ਼ਾਨ ਹਨ ਪਰ ਹੁਣ ਆਪ ਵਪਾਰੀਆਂ ਦੇ ਨਾਲ ਮਿਲ ਕੇ ਕੰਮ ਕਰੇਗੀ ਅਤੇ ਵਪਾਰ ਨੂੰ ਵਧਾਉਣ ਲਈ ਨਵੀਆਂ ਯੋਜਨਾਵਾਂ ਬਣਾਏਗੀ। ਕੇਜਰੀਵਾਲ ਨੇ ਸਮੂਹ ਵਪਾਰੀਆਂ ਅਤੇ ਆੜ੍ਹਤੀਆਂ ਤੋਂ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਆਪ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ।
ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਦੇ ਵਪਾਰੀਆਂ, ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਕੋਈ ਆਗੂ ਵਪਾਰੀਆਂ ਤੋਂ ਹਿੱਸਾ ਨਹੀਂ ਮੰਗਾਂਗੇ, ਸਗੋਂ ਉਨ੍ਹਾਂ ਨੂੰ ਸਰਕਾਰ ਵਿੱਚ ਹਿੱਸੇਦਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰ ਨੂੰ ਪੁਲੀਸ ਅਤੇ ਰਾਜਨੀਤੀ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਜਾਵੇਗਾ ਅਤੇ ਡਰ ਕਾਰਨ ਪੰਜਾਬ ਛੱਡ ਕੇ ਬਾਹਰ ਜਾਣ ਵਾਲੇ ਵਪਾਰੀਆਂ ਨੂੰ ਰੋਕਿਆ ਜਾਵੇਗਾ। ਮਾਨ ਨੇ ਕਿਹਾ ਕਿ ਵਪਾਰ ਵਧਣ ਨਾਲ ਸਰਕਾਰ ਦੀ ਆਮਦਨ ਵਧੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਮਿਲਣਗੇ।
(ਬਾਕਸ ਆਈਟਮ)
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਵੇਂ ਸਿਰੇ ਤੋਂ ਵਿਕਾਸ ਕੀਤਾ ਜਾਵੇਗਾ ਅਤੇ ਇਸ ਨੂੰ ‘ਵਰਲਡ ਆਇਕਨ ਸਿਟੀ’ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਈ ਸਾਲਾਂ ਤੋਂ ਅੰਮ੍ਰਿਤਸਰ ਨੂੰ ਵਰਲਡ ਆਇਕਨ ਸਿਟੀ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਇਹ ਮੰਗ ਅੱਜ ਤੱਕ ਪੂਰੀ ਨਹੀਂ ਹੋ ਪਾਈ। ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ਆਪ ਦੀ ਸਰਕਾਰ ਅੰਮ੍ਰਿਤਸਰ ਨੂੰ ਵਰਲਡ ਆਇਕਨ ਸਿਟੀ ਬਣਾਉਣ ਲਈ ਹਰ ਜ਼ਰੂਰੀ ਕਦਮ ਚੁੱਕੇਗੀ ਅਤੇ ਪੰਜਾਬ ਦੇ ਲੋਕਾਂ ਸਮੇਤ ਸ਼ਰਧਾਲੂਆਂ ਦੀ ਮੰਗ ਨੂੰ ਪੂਰਾ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …