nabaz-e-punjab.com

ਜੇ ਮੁੱਖ ਮੰਤਰੀ ਨੇ ਪੰਜਾਬ ਲਈ ਕੁੱਝ ਕੀਤਾ ਹੁੰਦਾ ਤਾਂ ਅੱਜ ਪ੍ਰਸ਼ਾਂਤ ਕਿਸ਼ੋਰ ਵਰਗਿਆਂ ਦੀ ਲੋੜ ਨਾ ਪੈਂਦੀ: ਬੀਰਦਵਿੰਦਰ ਸਿੰਘ

ਪ੍ਰਸ਼ਾਂਤ ਕਿਸ਼ੋਰ ਝੂਠ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਵਾਲਾ ਇੱਕ ਪੇਸ਼ਾਵਰ ਜੁਮਲੇਬਾਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕਰਨ ’ਤੇ ਤਿੱਖੀ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੁੱਖ ਬੁਲਾਰੇ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਹੱਲ ਲਈ ਕੁੱਝ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਨੂੰ ਪ੍ਰਸ਼ਾਂਤ ਕਿਸ਼ੋਰ ਵਰਗੇ ਝੂਠ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਵਾਲੇ ਇਕ ਪੇਸ਼ੇਵਰ ਜੁਮਲੇਬਾਜ਼ ਦੀ ਲੋੜ ਨਾ ਪੈਂਦੀ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਸ ਤੋਂ ਵੱਡੀ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਕਾਂਗਰਸ ਦੇ ਦੋ ਵਾਰ ਮੁੱਖ ਮੰਤਰੀ ਬਣੇ ਰਹਿਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕ ਮਨਾਂ ਵਿੱਚ ਆਪਣਾ ਸਾਫ਼-ਸੁਥਰਾ ਅਕਸ ਨਹੀਂ ਬਣਾ ਸਕੇ। ਇਸ ਲਈ ਉਨ੍ਹਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਸਾਲ ਪਹਿਲਾਂ ਆਪਣਾ ਅਕਸ ਸੁਧਾਰਨ ਲਈ ਇੱਕ ਪੇਸ਼ਾਵਰ ਰਣਨੀਤੀਕਾਰ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਰੁਜ਼ਗਾਰ ਦਾ ਬੂਰਾ ਹਾਲ ਹੈ, ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਸਨਅਤ ਆਪਣਾ ਵਜੂਦ ਬਚਾਉਣ ਦੀ ਜੱਦੋ-ਜਹਿਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਵਿਕਾਸ, ਖ਼ੁਸ਼ਹਾਲੀ ਚਾਹੁੰਦੇ ਹਨ ਪ੍ਰੰਤੂ ਕੈਪਟਨ ਸਰਕਾਰ ਨੇ ਸਿਰਫ਼ ਮਾਫ਼ੀਆ ਦੀ ਪੁਸ਼ਤ-ਪਨਾਹੀ ਕੀਤੀ ਹੈ, ਜਿਸ ਤੋਂ ਹਰ ਵਰਗ ਦੁਖੀ ਹੈ। ਅਜਿਹੇ ਵਿੱਚ ਕੋਈ ਵੀ ਰਣਨੀਤੀਕਾਰ ਕਾਂਗਰਸ ਦੀ ਬੇੜੀ ਪਾਰ ਨਹੀਂ ਲਗਾ ਸਕੇਗਾ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਤਾਜ਼ਾ ਨਿਯੁਕਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਝੂਠੇ ਵਾਅਦਿਆਂ ਦੇ ਅਡੰਬਰ ਰਚ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਸਾਜ਼ਿਸ਼ ਰਚਣਗੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਸਲਾਹਕਾਰਾਂ ਦੀ ਫੌਜ ਏਨੀ ਵੱਡੀ ਹੋ ਗਈ ਹੈ, ਕਿ ਸ਼ਾਇਦ ਅਮਰਿੰਦਰ ਸਿੰਘ ਨੂੰ ਖ਼ੁਦ ਵੀ ਪਤਾ ਨਹੀਂ ਹੋਵੇਗਾ ਕਿ ਸਲਾਹਕਾਰਾਂ ਦੀ ਗਿਣਤੀ ਕਿੰਨੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਲਾਹਕਾਰਾਂ ਦੀ ਨਿਯੁਕਤੀਆਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਲਾਹਕਾਰਾਂ ਦੀ ਗਿਣਤੀ ਕੈਬਨਿਟ ਮੰਤਰੀਆਂ ਤੋਂ ਵੀ ਵੱਧ ਹੋ ਜਾਵੇਗੀ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਅਸਲ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਦੇ ਮੰਤਵਾਂ ਲਈ ਕੀਤੀ ਗਈ ਹੈ ਅਤੇ ਇਸ ਦਾ ਬੋਝ ਸਰਕਾਰੀ ਖ਼ਜਾਨੇ ’ਤੇ ਪਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਬੇਵਜ੍ਹਾ ਕੀਤੀਆਂ ਨਿਯੁਕਤੀਆਂ ਤੁਰੰਤ ਰੱਦ ਕੀਤੀਆਂ ਜਾਣੀ ਚਾਹੀਦੀਆਂ ਹਨ।

Load More Related Articles

Check Also

ਨਿਰੋਗ ਜੀਵਨ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ: ਐਸਡੀਐਮ ਦਮਨਦੀਪ ਕੌਰ

ਨਿਰੋਗ ਜੀਵਨ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ: ਐਸਡੀਐਮ ਦਮਨਦੀਪ ਕੌਰ ਟਰੇਨਰ ਸ਼ਿਵਨੇਤਰ ਸਿੰਘ ਵੱਲੋਂ ਵੱਖ-ਵੱਖ ਥ…