ਆਈਜੀ ਭੁੱਲਰ ਤੇ ਐਸਐਸਪੀ ਗਰਗ ਵੱਲੋਂ ਮੁਹਾਲੀ ਜ਼ਿਲ੍ਹੇ ਦੇ 35 ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ

ਰਾਸ਼ਟਰ ਤੇ ਰਾਜ ਪ੍ਰਤੀ ਜ਼ਿੰਮੇਵਾਰੀ ਤੇ ਵਚਨਬੱਧਤਾ ਦੀ ਯਾਦ ਦਿਵਾਉਂਦਾ ਹੈ ਪੁਲੀਸ ਯਾਦਗਾਰੀ ਦਿਵਸ: ਭੁੱਲਰ

ਨਬਜ਼-ਏ-ਪੰਜਾਬ, ਮੁਹਾਲੀ, 21 ਅਕਤੂਬਰ:
ਦੇਸ਼ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਪੰਜਾਬ ਪੁਲੀਸ ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸਐੱਸਪੀ ਸੰਦੀਪ ਗਰਗ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਵੱਲੋਂ ਪੁਲੀਸ ਯਾਦਗਾਰੀ ਦਿਵਸ ਮਨਾਇਆ ਗਿਆ ਅਤੇ 35 ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਆਈਜੀ ਭੁੱਲਰ ਨੇ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੁਲੀਸ ਬਲ ਅਤੇ ਨੀਮ-ਫੌਜੀ ਬਲਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਖ਼ਤ ਸੰਘਰਸ਼ ਨਾਲ ਬਹਾਲ ਹੋਈ ਅਮਨ-ਸ਼ਾਂਤੀ ਦੌਰਾਨ ਪੁਲੀਸ ਦੀ ਲਾਮਿਸਾਲ ਬਹਾਦਰੀ ਹਰ ਇੱਕ ਨੇ ਦੇਖੀ ਹੈ ਕਿਵੇਂ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੰਜਾਬ ਦੇ ਲੋਕਾਂ ਲਈ ਭੈਅ-ਮੁਕਤ ਮਾਹੌਲ ਸਿਰਜਣ ਤੋਂ ਇਲਾਵਾ ਅਮਨ-ਕਾਨੂੰਨ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਏਐਸਆਈ ਕਰਮ ਸਿੰਘ ਦੀ ਅਗਵਾਈ ਵਿੱਚ ਆਈਟੀਬੀਪੀ/ਸੀਆਰਪੀਐਫ਼ ਦੇ ਜਵਾਨਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 21 ਅਕਤੂਬਰ 1959 ਨੂੰ ਲਦਾਖ਼ ਦੇ ਹੌਟ ਸਪ੍ਰਿੰਗਜ਼ ਵਿੱਚ ਗਸ਼ਤ ਦੌਰਾਨ ਚੀਨੀ ਫੌਜਾਂ ਦੇ ਘਾਤਕ ਹਮਲੇ ਵਿੱਚ ਆਪਣੀ ਜਾਨ ਗੁਆ ਦਿੱਤੀ ਸੀ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਆਪਣੀ ਡਿਊਟੀ ਕਰਦਿਆਂ ਇੱਕ ਮਿਸਾਲ ਕਾਇਮ ਕੀਤੀ ਸੀ।
ਐਸਐਸਪੀ ਸੰਦੀਪ ਗਰਗ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਆਪਣੇ 35 ਪੁਲੀਸ ਸ਼ਹੀਦਾਂ ਦੀ ਵਿਰਾਸਤ ਨੂੰ ਹਮੇਸ਼ਾ ਯਾਦ ਰੱਖੇਗਾ, ਜਿਨ੍ਹਾਂ ਨੇ ਅਮਨ-ਕਾਨੂੰਨ ਬਣਾਈ ਰੱਖਣ, ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਗੁਆਂਢੀ ਮੁਲਕ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜਨ ਖੁੱਲਰ, ਚੀਫ਼ ਜੁਡੀਸ਼ਲ ਮੈਜਿਸਟਰੇਟ ਅਨੀਸ਼ ਗੋਇਲ, ਐਸਡੀਐਮ ਚੰਦਰਜੋਤੀ ਸਿੰਘ ਅਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸੇਵਾਮੁਕਤ ਪੁਲੀਸ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਤੋਂ ਪਹਿਲਾਂ ਐਸਪੀ (ਐਚ) ਜਯੋਤੀ ਯਾਦਵ ਨੇ ਰਾਸ਼ਟਰ ਦੇ 189 ਪੁਲੀਸ ਸ਼ਹੀਦਾਂ ਦੇ ਨਾਮ ਪੜ੍ਹ ਕੇ ਸੁਣਾਏ ਜਿਨ੍ਹਾਂ ਨੇ ਇਸ ਸਾਲ ਡਿਊਟੀ ਦੌਰਾਨ ਆਪਣੀ ਜਾਨ ਗਵਾਈ। ਪੁਲੀਸ ਯਾਦਗਾਰੀ ਦਿਵਸ ’ਤੇ ਸੋਗ ਪਰੇਡ ਦੀ ਅਗਵਾਈ ਡੀਐਸਪੀ ਪ੍ਰਿਆ ਖੇੜਾ ਨੇ ਕੀਤੀ ਅਤੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ। ਜ਼ਿਲ੍ਹਾ ਪੁਲੀਸ ਵੱਲੋਂ ਸ਼ਹੀਦ ਪਰਿਵਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੈਲਪਲਾਈਨ ਨੰਬਰ 94175-01418 ਵੀ ਜਾਰੀ ਕੀਤਾ ਗਿਆ। ਜਿਸ ਦੀ ਨਿਗਰਾਨੀ ਐਸਪੀ (ਐਚ) ਜਯੋਤੀ ਯਾਦਵ ਕਰਨਗੇ।

ਇਸ ਮੌਕੇ ਐਸਪੀ ਅਮਨਦੀਪ ਸਿੰਘ ਬਰਾੜ, ਅਕਾਸ਼ਦੀਪ ਸਿੰਘ ਅੌਲਖ, ਏਐਸਪੀ ਦਰਪਨ ਆਹਲੂਵਾਲੀਆ, ਡੀਐਸਪੀਜ਼ ਨਰਿੰਦਰਪਾਲ ਚੌਧਰੀ, ਰੁਪਿੰਦਰਦੀਪ ਕੌਰ ਸੋਹੀ, ਹਰਸਿਮਰਨ ਸਿੰਘ ਬੱਲ, ਪ੍ਰਭਜੋਤ ਕੌਰ, ਧਰਮਵੀਰ ਸਿੰਘ, ਸਮਰ ਵਨੀਤ, ਅਸ਼ੋਕ ਕੁਮਾਰ ਅਤੇ ਐਸਪੀ ਹਰਸਿਮਰਤ ਸਿੰਘ ਛੇਤਰਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…