ਆਈਜੀ ਕਰਾਈਮ ਤੇ ਐਸਐਸਪੀ ਤਰਨਤਾਰਨ ਪੰਜਾਬ ਐਸਸੀ ਕਮਿਸ਼ਨ ਅੱਗੇ ਪੇਸ਼
ਕਮਿਸ਼ਨ ਨੇ ਪੰਜਾਬ ਪੁਲੀਸ ਤੋਂ ਸੂਬੇ ਵਿੱਚ ਚੋਣਾਂ ਦੌਰਾਨ ਐਸਸੀ ਵਰਗ ਦੇ ਲੋਕਾਂ ਨਾਲ ਹੋਈਆਂ ਘਟਨਾਵਾਂ ਦੀ ਰਿਪੋਰਟ ਤਲਬ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਫਰਵਰੀ:
ਪੰਜਾਬ ਪੁਲੀਸ ਦੇ ਆਈ.ਜੀ. (ਕਰਾਈਮ) ਸ੍ਰੀਮਤੀ ਵਿਭੂ ਰਾਜ ਅਤੇ ਤਰਨਤਾਰਨ ਦੇ ਐਸਐਸਪੀ ਹਰਜੀਤ ਸਿੰਘ ਮੰਗਲਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਨਮੁੱਖ ਪੇਸ਼ ਹੋਏ। ਉਨ੍ਹਾਂ ਕਮਿਸ਼ਨ ਨੂੰ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੌਰ ਵਿੱਚ ਇੱਕ 32 ਸਾਲਾ ਦਲਿਤ ਨੌਜਵਾਨ ਸੁਰਜੀਤ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ 8 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸ੍ਰੀ ਰਾਜ ਬਹਾਦਰ ਸਿੰਘ ਨੇ ਦੱਸਿਆ ਕਿ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਭਲਾਈ ਵਿਭਾਗ, ਪੰਜਾਬ ਨੂੰ ਮ੍ਰਿਤਕ ਸੁਰਜੀਤ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜਾ ਦੇਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੌਰ ਵਿਖੇ ਦਲਿਤ ਨੌਜਵਾਨ ਸੁਰਜੀਤ ਸਿੰਘ ਦੇ ਕਤਲ ਸਬੰਧੀ ਐਸ.ਐਸ.ਪੀ. ਤਰਨਤਾਰਨ ਨੂੰ ਸੋਧੇ ਹੋਏ ਐਸ.ਸੀ./ਐਸ.ਟੀ. ਐਕਟ ਤਹਿਤ ਚੋਣਾਂ ਤੋਂ ਬਾਅਦ ਹਿੰਸਾ ਦੀ ਧਾਰਾ 3 (1) ਐਨ ਦਰਜ਼ ਕਰਨ ਅਤੇ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਬਣਾਉਣ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਪੰਜਾਬ ਪੁਲੀਸ ਨੂੰ ਚੋਣਾਂ ਦੌਰਾਨ ਸੂਬੇ ਭਰ ਵਿੱਚ ਅਨੁਸੂਚਿਤ ਵਰਗ ਨਾਲ ਸਬੰਧਤ ਲੋਕਾਂ ’ਤੇ ਹੋਏ ਅੱਤਿਆਚਾਰ/ਘਟਨਾਵਾਂ ਸਬੰਧੀ ਰਿਪੋਰਟ 16 ਮਾਰਚ ਤੱਕ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਪੰਜਾਬ ਪੁਲੀਸ ਨੂੰ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੇ ਦਿਨਾਂ ਦੌਰਾਨ ਹੋਈਆਂ ਘਟਨਾਵਾਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਅੱਤਿਆਚਾਰ ਨਿਵਾਰਣ ਐਕਟ-1989 ਦੇ ਸੋਧੇ ਹੋਏ ਉਪਬੰਧ ਲਾਗੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।