Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਿਗਮ ਦੀ ਅਣਦੇਖੀ: ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ: ਮੁਹਾਲੀ ਨਗਰ ਨਿਗਮ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਸਮੇਤ ਸ਼ਹਿਰ ਦੀਆਂ ਹੋਰ ਵੱਖ ਵੱਖ ਮਾਰਕੀਟਾਂ ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਸਥਾਨਕ ਸੈਕਟਰ-70, ਸੈਕਟਰ-71, ਫੇਜ਼-1, ਫੇਜ਼-6, ਫੇਜ਼-7, ਫੇਜ਼-9, ਫੇਜ਼-10 ਅਤੇ ਫੇਜ਼-11 ਸਮੇਤ ਪਿੰਡ ਕੁੰਭੜਾ, ਸ਼ਾਹੀਮਾਜਰਾ, ਸੋਹਾਣਾ ਅਤੇ ਮਟੌਰ ਵਿੱਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਫੇਜ਼-3ਬੀ2 ਦੀ ਮਾਰਕੀਟ ਵਿੱਚ ਸ਼ੱਕੀ ਕਿਸਮ ਦੇ ਅਣਪਛਾਤੇ ਵਿਅਕਤੀਆਂ ਨੇ ਜਿੱਥੇ ਨਾਜਾਇਜ਼ ਰੇਹੜੀਆਂ ਫੜੀਆਂ ਲਗਾ ਕੇ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਕਈ ਅਣਪਛਾਤੇ ਵਿਅਕਤੀਆਂ ਨੇ ਇੱਥੇ ਨਾਜਾਇਜ਼ ਕਬਜ਼ੇ ਕਰਕੇ ਰੇਡੀਮੇਡ ਕੱਪੜੇ ਅਤੇ ਹੋਰ ਸਮਾਨ ਵੀ ਵੇਚਣਾ ਸ਼ੁਰੂ ਕਰ ਦਿੱਤਾ ਹੈ। ਕਈ ਵਿਅਕਤੀਆਂ ਨੇ ਤਾਂ ਮਾਰਕੀਟ ਦੇ ਬਰਾਂਡੇ ਵਿੱਚ ਹੀ ਹੈਂਗਰਾਂ ਉੱਤੇ ਕੱਪੜੇ ਟੰਗ ਕੇ ਅਤੇ ਹੋਰ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਜਿਸ ਕਰਕੇ ਮਾਰਕੀਟ ਦੇ ਬਰਾਂਡਿਆਂ ਵਿੱਚ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਹਾਲਾਂਕਿ ਸ਼ਹਿਰ ਦੇ ਵੱਖ ਵੱਖ ਕੌਂਸਲਰਾਂ ਵੱਲੋਂ ਨਗਰ ਨਿਗਮ ਦੀ ਹਰੇਕ ਮੀਟਿੰਗ ਵਿੱਚ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਾ ਜਾਂਦਾ ਹੈ ਅਤੇ ਅਧਿਕਾਰੀ ਹਾਊਸ ਵਿੱਚ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਕੌਂਸਲਰਾਂ ਨੂੰ ਸ਼ਾਂਤ ਕਰ ਦਿੰਦੇ ਹਨ ਅਤੇ ਪਿਛਲੀ ਮੀਟਿੰਗ ਵਿੱਚ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਸ਼ਹਿਰ ਵਿੱਚ ਵਿਸ਼ੇਸ਼ ਅਭਿਆਨ ਚਲਾਉਣ ਦਾ ਐਲਾਨ ਵੀ ਕੀਤਾ ਸੀ ਪ੍ਰੰਤੂ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਇਸ ਸਬੰਧੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਦਿੱਤੀ ਗਈ ਹੈ ਪ੍ਰੰਤੂ ਨਗਰ ਨਿਗਮ ਦੇ ਮੁਲਾਜ਼ਮ ਇਨ੍ਹਾਂ ਨਾਜਾਇਜ਼ ਰੇਹੜੀਆਂ ਫੜੀਆਂ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਲਟਾ ਦੁਕਾਨਦਾਰਾਂ ਨੂੰ ਹੀ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਰੇਹੜੀਆਂ ਫੜੀਆਂ ਨਿਗਮ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਲੱਗੀਆਂ ਹੋਣ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੀ ਅਨੇਕਾਂ ਨਾਜਾਇਜ਼ ਰੇਹੜੀਆਂ ਲੱਗ ਗਈਆਂ ਹਨ। ਕਈ ਰੇਹੜੀਆਂ ਫੜੀਆਂ ਉੱਤੇ ਮਾਸਾਹਾਰੀ ਖਾਧ ਪਦਾਰਥ ਵੀ ਵੇਚੇ ਜਾ ਰਹੇ ਹਨ। ਇਸ ਤੋਂ ਇਲਾਵਾ ਨਾਜਾਇਜ਼ ਰੇਹੜੀਆਂ ਫੜੀਆਂ ’ਤੇ ਗੈਰਮਿਆਰੀ ਅਤੇ ਗੰਦੇ ਮਾਹੌਲ ਵਿੱਚ ਬਣਿਆ ਖਾਣ ਪੀਣ ਦਾ ਸਮਾਨ ਵੇਚਿਆ ਜਾ ਰਿਹਾ ਹੈ। ਜਿਸ ਨਾਲ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ ਪ੍ਰੰਤੂ ਪ੍ਰਸ਼ਾਸਨ ਨੇ ਜਾਂਚ ਕਰਨ ਦੀ ਥਾਂ ਚੁੱਪ ਧਾਰ ਲਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ