nabaz-e-punjab.com

ਅਣਦੇਖੀ: 48 ਸਾਲਾਂ ਦੇ ਲੰਮੇ ਅਰਸੇ ਬਾਅਦ ਮਿਲੀ ਨੇਤਰਹੀਣ ਸਾਬਕਾ ਫੌਜੀ ਨੂੰ ਪੈਨਸ਼ਨ

ਐਕਸ ਸਰਵਿਸਮੈਨ ਗ੍ਰੀਵੈਸਿੰਸ ਸੈਲ ਦੇ ਯਤਨਾਂ ਨਾਲ ਭਾਰਤੀ ਫੌਜ ਨੇ ਦਿੱਤੀ ਪੀੜਤ ਸਾਬਕਾ ਫੌਜੀ ਨੂੰ ਪੈਨਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਸਾਬਕਾ ਫੌਜੀਆਂ ਦੀ ਭਲਾਈ ਲਈ ਯਤਨਸ਼ੀਲ ਸੰਸਥਾ ਐਕਸ ਸਰਵਿਸਮੈਨ ਗ੍ਰੀਵੈਸਿਸ ਸੈੱਲ ਦੇ ਯਤਨਾਂ ਸਦਕਾ ਨੇਤਰਹੀਣ ਸਾਬਕਾ ਫੌਜੀ ਮਹਿੰਦਰ ਸਿੰਘ ਨੂੰ ਕਰੀਬ 48 ਸਾਲਾਂ ਦੇ ਲੰਮੇ ਅਰਸੇ ਬਾਅਦ ਪੈਨਸ਼ਨ ਦਾ ਲਾਭ ਮਿਲਿਆ ਹੈ। ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਸਥਾ ਦੇ ਪ੍ਰਧਾਨ ਕਰਨਲ (ਸੇਵਾਮੁਕਤ) ਐਸ ਐਸ ਸੋਹੀ ਨੇ ਦੱਸਿਆ ਕਿ ਸਿਪਾਹੀ ਮਹਿੰਦਰ ਸਿੰਘ 3 ਫਰਵਰੀ 1968 ਵਿੱਚ ਆਰਮੀ ਫੋਰਸ ਵਿੱਚ ਭਰਤੀ ਹੋਇਆ ਸੀ ਅਤੇ 20 ਜੂਨ 1970 ਵਿੱਚ ਉਨ੍ਹਾਂ ਨੂੰ ਫੌਜ ਵਿੱਚ ਸਰੀਰਕ ਤੌਰ ’ਤੇ ਅਯੋਗ ਹੋਣ ਕਾਰਨ ਡਿਸਚਾਰਜ ਤਾਂ ਕਰ ਦਿੱਤਾ ਗਿਆ ਪ੍ਰੰਤੂ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਗਿਆ। ਜਿਸ ਕਾਰਨ ਸਾਬਕਾ ਸੈਨਿਕ ਨੂੰ ਲੰਮਾ ਸਮਾਂ ਖੱਜਲ ਖੁਆਰ ਹੋਣਾ ਪਿਆ ਹੈ।
ਇਸ ਮੌਕੇ ਸਿਪਾਹੀ ਮਹਿੰਦਰ ਸਿੰਘ ਨੇ ਦੱਸਿਆ ਕਿ ਨੌਕਰੀ ਦੌਰਾਨ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਘੱਟ ਗਈ ਸੀ। ਜਿਸ ਕਾਰਨ ਉਨ੍ਹਾਂ ਨੇ ਮਿਲਟਰੀ ਹਸਪਤਾਲ ਗਵਾਲੀਅਰ ਅਤੇ ਭੁਪਾਲ ਵਿੱਚ ਕਾਫੀ ਸਮਾਂ ਇਲਾਜ ਕਰਵਾਇਆ ਪ੍ਰੰਤੂ 40 ਫੀਸਦੀ ਨੇਤਰਹੀਣ ਹੋਣ ਕਾਰਨ ਉਨ੍ਹਾਂ ਨੂੰ ਫੌਜ ਤੋਂ ਡਿਸਚਾਰਜ ਕਰਕੇ ਘਰ ਭੇਜ ਦਿੱਤਾ। ਇਸ ਤੋਂ ਬਾਅਦ ਉਸ ਨੂੰ ਪੈਨਸ਼ਨ ਨਹੀਂ ਦਿੱਤੀ ਗਈ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਤੰਗੀ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਸ ਦੀ ਪਤਨੀ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪਿਆ।
ਕਰਨਲ ਸੋਹੀ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਮਹਿੰਦਰ ਸਿੰਘ ਨੇ ਉਨ੍ਹਾਂ ਦੀ ਸੰਸਥਾ ਐਕਸ ਸਰਵਿਸਮੈਨ ਗ੍ਰੀਵੈਸਿੰਸ ਨਾਲ ਸੰਪਰਕ ਕਰਕੇ ਆਪਣੀ ਹੱਡਬੀਤੀ ਸੁਣਾਈ। ਉਨ੍ਹਾਂ ਦੀ ਸੰਸਥਾ ਵੱਲੋਂ ਇਸ ਮਾਮਲੇ ਦੀ ਪੈਰਵੀ ਕਰਕੇ ਜ਼ਿਲ੍ਹਾ ਸੈਨਿਕ ਭਲਾਈ ਬੋਰਡ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਮਹਿੰਦਰ ਸਿੰਘ ਲਈ 1 ਲੱਖ ਤੋਂ ਵੱਧ ਰਾਸ਼ੀ ਦੀ ਆਰਥਿਕ ਮਦਦ ਕੀਤੀ ਗਈ। ਉਨ੍ਹਾਂ ਕਿਹਾ ਕਿ ਲਗਭਗ 4-5 ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਮਹਿੰਦਰ ਸਿੰਘ ਦੀ ਪੈਨਸ਼ਨ ਲਈ ਆਰਮਡ ਫੋਰਸ ਟ੍ਰਿਬਿਊਨਲ, ਚੰਡੀਮੰਦਰ ਵਿੱਚ ਉਨ੍ਹਾਂ ਦੀ ਪੈਨਸ਼ਨ ਲਈ ਮੁਕੱਦਮਾ ਦਰਜ ਕੀਤਾ ਗਿਆ।
ਐਡਵੋਕੇਟ ਆਰ.ਐਨ. ਓਝਾ ਨੇ ਉਸਾਰੂ ਬਹਿਸ ਤੋਂ ਬਾਅਦ ਇਸ ਕੇਸ ਵਿੱਚ ਜਿੱਤ ਪ੍ਰਾਪਤ ਕੀਤੀ। ਆਰਮਡ ਫੋਰਸ ਟ੍ਰਿਬਿਊਨਲ ਵੱਲੋਂ ਫੈਸਲਾ ਕੀਤਾ ਗਿਆ ਕਿ ਸਿਪਾਹੀ ਮਹਿੰਦਰ ਸਿੰਘ ਜੋ ਕਿ 40 ਫੀਸਦੀ ਨੇਤਰਹੀਣ ਹਨ, ਨੂੰ ਉਨ੍ਹਾਂ ਪਿਛਲੀ ਸਾਰੀ ਪੈਨਸ਼ਨ ਕਰੀਬ 4-5 ਲੱਖ ਅਤੇ 5-6 ਹਜ਼ਾਰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …