Nabaz-e-punjab.com

ਬਲੌਂਗੀ ਦੀਆਂ ਗਲੀਆਂ ਵਿੱਚ ਨਾਜਾਇਜ਼ ਡੂੰਘੇ ਬੋਰ ਕਰਾਉਣ ਦਾ ਕੰਮ ਜਾਰੀ, ਲੋਕਾਂ ’ਚ ਰੋਸ

ਬੀਡੀਪੀਓ ਵੱਲੋਂ ਵੀ ਪੁਲੀਸ ਨੂੰ ਲਿਖੀ ਜਾ ਚੁੱਕੀ ਹੈ ਬੋਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਚਿੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਇੱਥੋਂ ਦੇ ਨੇੜਲੇ ਪਿੰਡ ਬਲੌਂਗੀ ਅਤੇ ਬਲੌਂਗੀ ਕਲੋਨੀ ਵਿੱਚ ਕੁਝ ਲੋਕਾਂ ਵੱਲੋਂ ਆਪਣੇ ਘਰਾਂ ਦੇ ਬਾਹਰ ਸਰਕਾਰੀ ਗਲੀ ਦੀ ਥਾਂ ਵਿੱਚ ਅਣਅਧਿਕਾਰਤ ਤੌਰ ’ਤੇ ਸਬਮਰਸੀਬਲ ਪੰਪ ਲਗਾਉਣ ਲਈ ਬੋਰ ਕਰਵਾਉਣ ਦਾ ਕੰਮ ਰੁਕਣ ਦਾ ਨਾਮ ਨਹੀਂ ਲੈ ਲਿਆ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲ ਕਾਰਨ ਗਰਾਮ ਪੰਚਾਇਤ ਵੀ ਖ਼ੁਦ ਨੂੰ ਬੇਬਸ ਤੇ ਲਾਚਾਰ ਸਮਝਣ ਲੱਗ ਪਈ ਹੈ। ਬਲੌਂਗੀ ਵਿੱਚ ਇਕ ਗਲੀ ਕੀਤੇ ਜਾ ਰਹੇ ਬੋਰ ਦਾ ਕੰਮ ਰੁਕਵਾਉਣ ਲਈ ਪਹੁੰਚੀ ਬਲੌਂਗੀ ਕਲੋਨੀ ਦੀ ਸਰਪੰਚ ਸਰੋਜਾ ਦੇਵੀ ਨੇ ਦੱਸਿਆ ਕਿ ਇਕ ਵਿਅਕਤੀ ਵੱਲੋਂ ਨਾਜਾਇਜ਼ ਤਰੀਕੇ ਨਾਲ ਗਲੀ ਵਿੱਚ ਕੀਤਾ ਜਾ ਰਿਹਾ ਬੋਰ ਬੰਦ ਰੁਕਵਾਉਣ ਲਈ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪ੍ਰੰਤੂ ਉਕਤ ਵਿਅਕਤੀ ਵੱਲੋਂ ਬੋਰ ਕਰਨ ਦਾ ਕੰਮ ਜਾਰੀ ਹੈ।
ਉਨ੍ਹਾਂ ਨੇ ਪਿੰਡ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਨਾਲ ਮੌਕੇ ’ਤੇ ਪਹੁੰਚ ਕੇ ਕੰਮ ਰੋਕਣ ਲਈ ਕਿਹਾ ਗਿਆ ਪ੍ਰੰਤੂ ਉਸ ਨੇ ਕੰਮ ਬੰਦ ਨਹੀਂ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਥਾਣੇ ਦਾ ਬੂਹਾ ਖੜਕਾਉਣਾ ਪਿਆ। ਪੁਲੀਸ ਨੇ ਮੌਕੇ ’ਤੇ ਜਾ ਕੇ ਕੰਮ ਰੁਕਵਾ ਦਿੱਤਾ ਹੈ ਪ੍ਰੰਤੂ ਸਬੰਧਤ ਵਿਅਕਤੀ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਵੀ ਉੱਥੇ ਬੋਰ ਕਰਨ ਵਾਲੀ ਮਸ਼ੀਨ ਹੁਣ ਵੀ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਉਕਤ ਵਿਅਕਤੀ ਮੁੜ ਬੋਰ ਦਾ ਕੰਮ ਸ਼ੁਰੂ ਕਰ ਸਕਦਾ ਹੈ।
ਸਰਪੰਚ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਗਲੀ ਵਿੱਚ ਹੋਏ ਬੋਰਾਂ ਦੇ ਖ਼ਿਲਾਫ਼ ਬੀਡੀਪੀਓ ਵੱਲੋਂ ਪੁਲੀਸ ਨੂੰ ਨਾਜਾਇਜ਼ ਬੋਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਲਿਖਿਆ ਗਿਆ ਸੀ। ਬੀਡੀਪੀਓ ਵੱਲੋਂ ਲਿਖੀ ਚਿੱਠੀ ਵਿੱਚ ਪੰਚਾਇਤਾਂ ਨੂੰ ਵੀ ਜ਼ਿੰਮੇਵਾਰ ਦੱਸਿਆ ਗਿਆ ਸੀ ਅਤੇ ਪੁਲੀਸ ਤੋਂ ਇਸ ਤਰੀਕੇ ਨਾਲ ਬੋਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਜੇਕਰ ਬੀਡੀਪੀਓ ਦੀ ਚਿੱਠੀ ਦੇ ਮੁਤਾਬਕ ਪਹਿਲਾਂ ਹੀ ਪੁਲੀਸ ਵੱਲੋਂ ਨਾਜਾਇਜ਼ ਬੋਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੁੰਦੀ ਤਾਂ ਦੁਬਾਰਾ ਕੋਈ ਅਜਿਹੀ ਗਲਤੀ ਨਾ ਕਰਦਾ।
ਉਧਰ, ਬੀਡੀਪੀਓ ਵੱਲੋਂ ਇਸ ਮਾਮਲੇ ਵਿੱਚ ਪੰਚਾਇਤ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਹਾਲਾਤ ਇਹ ਹਨ ਕਿ ਜਦੋਂ ਪੰਚਾਇਤ ਵੱਲੋਂ ਬੋਰ ਦਾ ਕੰਮ ਰੁਕਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲੋਕ ਅੱਗੇ ਇਹ ਕਹਿੰਦੇ ਹਨ ਕਿ ਬੋਰ ਤਾਂ ਐਵੇਂ ਹੀ ਹੋਣਗੇ। ਜੇ ਪੰਚਾਇਤ ਵਿੱਚ ਹਿੰਮਤ ਵਿੱਚ ਹੈ ਤਾਂ ਰੋਕ ਕੇ ਦੇਖ ਲਵੇ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਸ਼ਾਇਦ ਇਹ ਕੰਮ ਸਿਆਸੀ ਸ਼ਹਿ ’ਤੇ ਹੋ ਰਿਹਾ ਹੈ। ਗਲੀ ਵਿੱਚ ਬੋਰ ਕਰਨ ਦਾ ਵਿਰੋਧ ਕਰਨ ਵਾਲਿਆਂ ਵਿੱਚ ਸਮਾਜ ਸੇਵੀ ਬੀਸੀ ਪ੍ਰੇਮੀ, ਪੰਚ ਵਿਜੇ ਪਾਠਕ, ਦਿਨੇਸ਼ ਕੁਮਾਰ, ਰਿੰਕੂ, ਰਾਜਿੰਦਰ ਅਤੇ ਹੋਰ ਲੋਕ ਮੌਜੂਦ ਸਨ।
ਇਸ ਸਬੰਧੀ ਥਾਣਾ ਬਲੌਂਗੀ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਛੁੱਟੀ ’ਤੇ ਹਨ। ਉਨ੍ਹਾਂ ਵੱਲੋਂ ਡਿਊਟੀ ’ਤੇ ਹਾਜ਼ਰ ਹੋਣ ਉਪਰੰਤ ਇਸ ਸਬੰਧੀ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…