
ਨਾਜਾਇਜ਼ ਸ਼ਰਾਬ ਦੀ ਬੌਟਲਿੰਗ ਲਈ ਗੈਰ-ਕਾਨੂੰਨੀ ਢੱਕਣ ਬਣਾਉਣ ਵਾਲੇ ਰੈਕੇਟ ਦਾ ਪਰਦਾਫਾਸ਼
ਸੰਚੇਤੀ ਪੈਕੇਜਿੰਗ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਦੇ ਤਕਰੀਬਨ 2 ਲੱਖ ਢੱਕਣ ਕੀਤੇ ਬਰਾਮਦ
ਸਰ ਸ਼ਾਦੀ ਲਾਲ ਡਿਸਟਿਲਰੀ, ਮਨਸੂਰਪੁਰ (ਯੂਪੀ) ਦੇ ਵੀ ਲਗਪਗ 20 ਹਜ਼ਾਰ ਢੱਕਣ ਮਿਲੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
‘ਅਪਰੇਸ਼ਨ ਰੈਡ ਰੋਜ਼’ ਅਧੀਨ ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੀ ਬੌਟਲਿੰਗ ਅਤੇ ਤਸਕਰੀ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਆਬਕਾਰੀ ਵਿਭਾਗ ਨੇ ਨਾਜ਼ਾਇਜ਼ ਸ਼ਰਾਬ ਦੀ ਬੌਟਲਿੰਗ ਲਈ ਗੈਰ ਕਾਨੂੰਨੀ ਢੱਕਣ ਬਣਾਉਣ ਵਾਲੇ ਰੈਕੇਟ ਦਾ ਪਰਦਾਫਾਸ਼ ਕਰਨ ਅਤੇ ਡੇਰਾਬੱਸੀ ਖੇਤਰ ਵਿੱਚ ਇਨ੍ਹਾਂ ਢੱਕਣਾਂ ਦੇ ਨਿਰਮਾਣ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਵਿੱਚ ਫੈਕਟਰੀ ਮਾਲਕ ਨੂੰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੰਯੁਕਤ ਆਬਕਾਰੀ ਕਮਿਸ਼ਨਰ ਪੰਜਾਬ ਨਰੇਸ਼ ਦੂਬੇ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਪੁਲੀਸ ਵਿਭਾਗ ਦੇ ਨਾਲ ਮਿਲ ਕੇ ਇਕ ਵਾਰ ਫਿਰ ਗੈਰ ਕਾਨੂੰਨੀ ਸ਼ਰਾਬ ਦੇ ਨਿਰਮਾਣ ਸੰਘਟਕਾਂ ਦੀ ਸਪਲਾਈ ਚੇਨ ‘ਤੇ ਸ਼ਿਕੰਜਾ ਕੱਸਿਆ ਹੈ ਤਾਂ ਜੋ ਉਨ੍ਹਾਂ ਦੀ ਸਪਲਾਈ ‘ਤੇ ਰੋਕ ਲਗਾਈ ਜਾ ਸਕੇ ਅਤੇ ਇਸ ਤਰ੍ਹਾਂ ਸੂਬੇ ਦਾ ਮਾਲੀਆ ਬਚਾਉਣ ਦੇ ਨਾਲ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਗੁਪਤ ਜਾਣਕਾਰੀ ਮਿਲੀ ਸੀ ਕਿ ਹੰਸਾ ਇੰਡਸਟਰੀਅਲ ਪਾਰਕ, ਬਰਵਾਲਾ ਰੋਡ ਡੇਰਾਬੱਸੀ (ਮੁਹਾਲੀ) ਵਿੱਚ ਬੋਤਲਾਂ ਦੇ ਢੱਕਣ ਬਣਾਉਣ ਵਾਲੀ ਇਕਾਈ ਹੈ ਜੋ ਕਿ ਨਾਜਾਇਜ਼ ਸ਼ਰਾਬ ਦੇ ਨਿਰਮਾਣ ਲਈ ਕੁਝ ਬੌਟਲਿੰਗ ਪਲਾਂਟਾਂ ਨਾਲ ਮਿਲ ਕੇ ਗੈਰ ਕਾਨੂੰਨੀ ਢੱਕਣ ਬਣਾਉਣ ਵਿੱਚ ਵੀ ਸ਼ਾਮਲ ਹੈ। ਇਸ ਤੋਂ ਬਾਅਦ ਇਨ੍ਹਾਂ ਢੱਕਣਾਂ ਦੀ ਪੰਜਾਬ ਵਿੱਚ ਤਸਕਰੀ ਕਰਨ ਦਾ ਦੋਸ਼ ਵੀ ਲਗਾਇਆ ਗਿਆ। ਪ੍ਰਾਪਤ ਜਾਣਕਾਰੀ ਦੀ ਅੱਗੇ ਪੜਤਾਲ ਕਰਨ ’ਤੇ ਇਹ ਪਾਇਆ ਗਿਆ ਕਿ ਹੰਸਾ ਇੰਡਸਟਰੀ ਪਾਰਕ ਬਰਵਾਲਾ ਰੋਡ ਡੇਰਾਬੱਸੀ ਵਿੱਚ ਚੱਲ ਰਹੀ ਕੈਪ ਮੈਨੂਫੈਕਚਰਿੰਗ ਯੂਨਿਟ ਅਤੇ ਚੰਡੀਗੜ੍ਹ ਯੂਟੀ ਸਥਿਤ ਕੁਝ ਸ਼ਰਾਬ ਬੌਟਲਿੰਗ ਇਕਾਈਆਂ ਵਿਚਕਾਰ ਆਪਸ ਵਿੱਚ ਸਬੰਧ ਹੈ। ਇਹ ਬੌਟਲਿੰਗ ਇਕਾਈਆਂ ਇਨ੍ਹਾਂ ਕੈਪਸ ਦੀ ਖਰੀਦ ਕਿਸੇ ਅਣ-ਅਧਿਕਾਰਤ ਢੰਗ ਨਾਲ ਨਕਦ ਰੂਪ ‘ਚ ਗੁਪਤ ਤਰੀਕੇ ਨਾਲ ਕਰਦੀਆਂ ਸਨ। ਢੱਕਣਾਂ ਦੀ ਗੈਰ-ਕਾਨੂੰਨੀ ਅਤੇ ਬਿਨਾਂ ਰਿਕਾਰਡ ਵਾਲੀ ਸਪਲਾਈ ਦੀ ਵਰਤੋਂ ਨਾਜਾਇਜ਼ ਸ਼ਰਾਬ ਦੀ ਬੌਟਲਿੰਗ ਲਈ ਕੀਤੀ ਜਾਂਦੀ ਸੀ ਜੋ ਬਾਅਦ ਵਿੱਚ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਪਲਾਈ ਕੀਤੀਆਂ ਜਾਂਦੀਆਂ ਸਨ।
24/25 ਜੂਨ, 2021 ਦੀ ਦਰਮਿਆਨੀ ਰਾਤ ਨੂੰ ਆਬਕਾਰੀ ਕਮਿਸ਼ਨਰੇਟ ਪੰਜਾਬ ਅਤੇ ਮੁਹਾਲੀ ਪੁਲਿਸ ਦੀ ਇੱਕ ਟੀਮ ਨੇ ਹੰਸਾ ਇੰਡਸਟਰੀ ਪਾਰਕ, ਬਰਵਾਲਾ ਰੋਡ ਡੇਰਾਬੱਸੀ (ਮੁਹਾਲੀ) ਵਿਖੇ ਪਲਾਟ ਨੰਬਰ 235 ਵਿਖੇ ਸਥਿਤ ਮੈਸਰਜ਼ ਸੀਆ ਇੰਡਸਟਰੀ ’ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਮਿਲੇ। ਨਿਰਮਾਣ ਯੂਨਿਟ ਇਸ ਸਬੰਧੀ ਕੋਈ ਦਸਤਾਵੇਜ਼ ਨਹੀਂ ਵਿਖਾ ਸਕੀ। ਸੰਚੇਤੀ ਪੈਕੇਜਿੰਗ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ ਦੇ ਲਗਭਗ ਦੋ ਲੱਖ ਢੱਕਣ ਬਰਾਮਦ ਕੀਤੇ ਗਏ। ਜਿਸ ਲਈ ਫੈਕਟਰੀ ਦੇ ਮਾਲਕ ਸਮਰਿਤਪਾਲ ਸਿੰਘ ਦੁਆਰਾ ਕੋਈ ਵਰਕ ਆਰਡਰ ਨਹੀਂ ਪੇਸ਼ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਉਸ ਜਗ੍ਹਾ ‘ਤੇ ਉਪਲਬਧ ਰਿਕਾਰਡ ਤੋਂ ਪਤਾ ਚੱਲਿਆ ਕਿ ਇਸ ਤੋਂ ਪਹਿਲਾਂ ਇਸ ਬੌਟਲਿੰਗ ਪਲਾਂਟ ਨੂੰ ਨਕਦੀ ਦੇ ਆਧਾਰ ’ਤੇ ਗੈਰ ਕਾਨੂੰਨੀ ਢੰਗ ਨਾਲ ਢੱਕਣ ਵੀ ਭੇਜੇ ਗਏ ਸਨ। ਇਹ ਢੱਕਣ ਬਾਅਦ ਵਿਚ ਨਾਜਾਇਜ਼ ਸ਼ਰਾਬ ਦੀ ਪੈਕਿੰਗ ਲਈ ਵਰਤੇ ਜਾ ਸਕਦੇ ਸਨ। ਇਸ ਰੈਕੇਟ ਦੀ ਅਗਲੇਰੀ ਪੜਤਾਲ ਕਰਨ ਲਈ ਰਿਕਾਰਡ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ। ਦੱਸਣਯੋਗ ਹੈ ਕਿ ਢੱਕਣਾਂ ਦਾ ਗੈਰਕਾਨੂੰਨੀ ਨਿਰਮਾਣ, ਭੰਡਾਰਨ ਅਤੇ ਵਿਕਰੀ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 63-ਏ, 24-ਏ ਅਤੇ 61- (1) -14 ਅਨੁਸਾਰ ਗੈਰਕਾਨੂੰਨੀ ਅਤੇ ਸਜ਼ਾਯੋਗ ਹੈ।
ਇਸ ਤੋਂ ਇਲਾਵਾ ਸਰ ਸ਼ਾਦੀ ਲਾਲ ਡਿਸਟਿਲਰੀ, ਮਨਸੂਰਪੁਰ (ਯੂਪੀ) ਦੇ ਲਗਭਗ 20,000 ਢੱਕਣ ਵੀ ਮਿਲੇ। ਪੜਤਾਲ ਦੇ ਦੌਰਾਨ ਉੱਤਰ ਪ੍ਰਦੇਸ਼ ਦੇ ਆਬਕਾਰੀ ਵਿਭਾਗ ਦੁਆਰਾ ਇਹ ਪਾਇਆ ਗਿਆ ਕਿ ਸਰ ਸ਼ਾਦੀ ਲਾਲ ਡਿਸਟਿਲਰੀ ਨੇ ਇਨ੍ਹਾਂ ਕੈਪਾਂ ਲਈ ਪੰਜਾਬ ਵਿੱਚ ਇਸ ਨਿਰਮਾਣ ਯੂਨਿਟ ਨੂੰ ਕੋਈ ਆਰਡਰ ਨਹੀਂ ਦਿੱਤਾ ਸੀ। ਮੁਲਜ਼ਮਾਂ ਖ਼ਿਲਾਫ਼ ਪੰਜਾਬ ਆਬਕਾਰੀ ਐਕਟ ਦੀ ਧਾਰਾ 63-ਏ, 24-ਏ ਅਤੇ 61/1/14 ਅਤੇ ਆਈਪੀਸੀ ਦੀ ਧਾਰਾ 420 ਅਤੇ 120-ਬੀ ਅਧੀਨ ਐਫ਼ਆਈਆਰ ਨੰ 211, ਮਿਤੀ 25.06.2021 ਦਰਜ ਕੀਤੀ ਗਈ ਹੈ। ਇਸ ਅਨੁਸਾਰ ਫੈਕਟਰੀ ਦੇ ਮਾਲਕ ਸਿਮਰਤਪਾਲ ਸਿੰਘ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁਲੀਸ ਇਸ ਮਾਮਲੇ ਵਿਚ ਸਾਰੇ ਸਬੰਧਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਅੱਗੇ ਜਾਂਚ ਕਰ ਰਹੀ ਹੈ। ਮੁਲਜ਼ਮ ਸਮਰਿਤਪਾਲ ਸਿੰਘ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਕੱਲ੍ਹ 26.06.2021 ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਰਿਮਾਂਡ ਵਿੱਚ ਹੋਰ ਦੋ ਦਿਨਾਂ ਦਾ ਵਾਧਾ ਕੀਤਾ ਗਿਆ।
ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਰਾਬ ਦੇ ਨਾਜਾਇਜ਼/ਗੈਰ-ਕਾਨੂੰਨੀ ਨਿਰਮਾਣ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਸਥਿਤ ਕੁਝ ਬੌਟਿਲਿੰਗ ਪਲਾਂਟਾਂ ਦੁਆਰਾ ਸ਼ਰਾਬ ਦੀ ਗੈਰਕਾਨੂੰਨੀ ਬੌਟਲਿੰਗ ਸਬੰਧੀ ਸ਼ੱਕ ਹੋਣ ਦਾ ਮਾਮਲਾ ਆਬਕਾਰੀ ਕਮਿਸ਼ਨਰ ਚੰਡੀਗੜ੍ਹ ਕੋਲ ਉਠਾਇਆ ਹੈ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਉਹ ਇਸ ਮਾਮਲੇ ਨੂੰ ਮੁੜ ਵਿੱਤ ਸਕੱਤਰ ਚੰਡੀਗੜ੍ਹ ਕੋਲ ਉਠਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਸ਼ਿਕਾਇਤ ਨੰਬਰ 9875961126 ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਨਾਗਰਿਕਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਕੇ ਨਾਜਾਇਜ਼ ਸ਼ਰਾਬ ਦੇ ਨੈੱਟਵਰਕ ਨੂੰ ਤੋੜਨ ਵਿਚ ਵਿਭਾਗ ਦੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।