nabaz-e-punjab.com

ਮੁਹਾਲੀ ਵਿੱਚ ਨਾਜਾਇਜ਼ ਉਸਾਰੀਆਂ ਦੀ ਭਰਮਾਰ, ਡੀਸੀ ਦੇ ਹੁਕਮਾਂ ’ਤੇ ਐਸਡੀਐਮ ਨੇ ਕੀਤੀ ਚੈਕਿੰਗ

ਐਸਡੀਐਮ ਦੀ ਜਾਂਚ ਦੌਰਾਨ ਸੈਕਟਰ-80 ਸਥਿਤ ਮੌਲੀ ਬੈਦਵਾਨ ਵਿੱਚ ਫਿਰਨੀ ’ਤੇ ਨਾਜਾਇਜ਼ ਉਸਾਰੀਆਂ ਦੀ ਗੱਲ ਸਾਹਮਣੇ ਆਈ

ਐਸਡੀਐਮ ਨੇ ਡੀਸੀ ਨੂੰ ਸੌਂਪੀ ਪੜਤਾਲੀਆਂ ਰਿਪੋਰਟ, ਡੀਸੀ ਨੇ ਜਾਂਚ ਰਿਪੋਰਟ ਅਧੂਰੀ ਹੋਣ ਕਾਰਨ ਵਾਪਸ ਮੋੜੀ

ਸਾਬਕਾ ਸਰਪੰਚ ਵੱਲੋਂ ਨਾਜਾਇਜ਼ ਉਸਾਰੀਆਂ ਦੇ ਨਾਲ ਨਾਲ ਅਣਅਧਿਕਾਰਤ ਪੀਜੀ ਹਾਊਸ ’ਤੇ ਵੀ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਾਜਾਇਜ਼ ਉਸਾਰੀਆਂ ਦੀ ਕਾਫੀ ਭਰਮਾਰ ਹੈ। ਕੁਝ ਰਸੂਖਵਾਨਾਂ ਵੱਲੋਂ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਸ਼ਰ੍ਹੇਆਮ ਬਹੁ ਮੰਜ਼ਲਾਂ ਇਮਾਰਤਾਂ ਦੀ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਮੁਹਾਲੀ ਦੀ ਜੂਹ ਵਿੱਚ ਵਸਦੇ ਪਿੰਡਾਂ ਅਤੇ ਨਵੇਂ ਸੈਕਟਰਾਂ ਵਿੱਚ ਨਾਜਾਇਜ਼ ਉਸਾਰੀਆਂ ਦਾ ਕੰਮ ਬੇਰੋਕ ਟੋਕ ਜਾਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁਝ ਲੋਕਾਂ ਵੱਲੋਂ ਬਹੁ ਮੰਜ਼ਲਾ ਇਮਾਰਤਾਂ ਨੂੰ ਪੀਜੀ ਵਜੋਂ ਵਰਤਿਆਂ ਜਾ ਰਿਹਾ ਹੈ। ਜਿਨ੍ਹਾਂ ਵਿੱਚ ਬਾਹਰਲੇ ਇਲਾਕੇ ਦੇ ਮੁੰਡੇ ਕੁੜੀਆਂ ਰਹਿੰਦੇ ਹਨ ਅਤੇ ਅਨੁਸ਼ਾਸਨਹੀਨਤਾ ਕਾਰਨ ਗੁਆਂਢੀ ਵੀ ਤੰਗ ਪ੍ਰੇਸ਼ਾਨ ਹਨ।
ਉਧਰ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਡਾ. ਆਰਪੀ ਸਿੰਘ ਵੱਲੋਂ ਇੱਥੋਂ ਦੇ ਸੈਕਟਰ-80 ਸਥਿਤ ਪਿੰਡ ਮੌਲੀ ਬੈਦਵਾਨ ਦਾ ਦੌਰਾ ਕਰਕੇ ਨਿਰਮਾਣ ਅਧੀਨ ਬਹੁ ਮੰਜ਼ਲਾਂ ਇਮਾਰਤਾਂ ਦੀ ਪੜਤਾਲ ਕੀਤੀ ਗਈ। ਜਿਨ੍ਹਾਂ ’ਚੋਂ ਜ਼ਿਆਦਾਤਰ ਨਾਜਾਇਜ਼ ਉਸਾਰੀਆਂ ਪਾਈਆਂ ਗਈਆਂ। ਐਸਡੀਐਮ ਦੀ ਪੜਤਾਲ ਅਨੁਸਾਰ ਮੌਲੀ ਬੈਦਵਾਨ ਦੀ ਫਿਰਨੀ ’ਤੇ ਗ਼ੈਰ ਕਾਨੂੰਨੀ ਢੰਗ ਨਾਲ ਬੇਸਮੈਂਟ ਦੀ ਉਸਾਰੀ ਕਰਕੇ ਉਸ ਦੇ ਉੱਤੇ ਤਿੰਨ ਤੋਂ ਛੇ ਮੰਜ਼ਲਾਂ ਇਮਾਰਤਾਂ ਦੀਆਂ ਉਸਾਰੀਆਂ ਗਈਆਂ ਹਨ। ਅਧਿਕਾਰੀ ਅਨੁਸਾਰ ਪੜਤਾਲ ਦੌਰਾਨ ਮੌਕੇ ’ਤੇ ਮੌਜੂਦ ਅਤੇ ਆਂਢੀ ਗੁਆਂਢੀ ਇਨ੍ਹਾਂ ਇਮਾਰਤਾਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰੀ ਹਨ।
ਐਸਡੀਐਮ ਦੀ ਮੁੱਢਲੀ ਜਾਂਚ ਅਨੁਸਾਰ ਜ਼ਿਆਦਾਤਰ ਬਹੁ ਮੰਜ਼ਲਾ ਇਮਾਰਤਾਂ ਦੇ ਮਾਲਕਾਂ ਵੱਲੋਂ ਉਸਾਰੀ ਕਰਨ ਲਈ ਕੋਈ ਸੈਕਸ਼ਨ ਨਹੀਂ ਲਈ ਗਈ ਜਾਪਦੀ ਹੈ ਅਤੇ ਨਾ ਹੀ ਕੋਈ ਨਕਸ਼ਾ ਵਗੈਰਾ ਪਾਸ ਕਰਵਾਇਆ ਗਿਆ ਹੈ। ਰਿਪੋਰਟ ਅਨੁਸਾਰ ਜੇਕਰ ਕੋਈ ਹਲਕਾ ਜਿਹਾ ਭੁਚਾਲ ਆ ਜਾਵੇ ਤਾਂ ਸਬੰਧਤ ਇਮਾਰਤਾਂ ਪਲਾਂ ਵਿੱਚ ਢਹਿ ਢੇਰੀ ਹੋ ਸਕਦੀਆਂ ਹਨ। ਜਿਸ ਨਾਲ ਲੋਕਾਂ ਦੀ ਜਾਨ ਮਾਲ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਇਮਾਰਤਾਂ ਰਿਹਾਇਸ਼ੀ ਅਤੇ ਵਪਾਰਕ ਹਨ। ਜਾਂਚ ਅਧਿਕਾਰੀ ਅਨੁਸਾਰ ਇਮਾਰਤਾਂ ਦੀ ਉਸਾਰੀ ਸਮੇਂ ਮਾਲਕਾਂ ਵੱਲੋਂ ਬਿਲਡਿੰਗ ਬਾਈਲਾਜ ਦੀ ਉਲੰਘਣਾ ਕੀਤੀ ਗਈ ਹੈ। ਇਸ ਦੀ ਡੂੰਘਾਈ ਨਾਲ ਪੜਤਾਲ ਕਰਨੀ ਅਤੇ ਗਮਾਡਾ ਅਤੇ ਨਗਰ ਨਿਗਮ ਤੋਂ ਵੀ ਰਿਪੋਰਟ ਤਲਬ ਕਰਨੀ ਬਣਦੀ ਹੈ।
(ਬਾਕਸ ਆਈਟਮ)
ਮੌਲੀ ਬੈਦਵਾਨ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਉਨ੍ਹਾਂ ਦੇ ਪਿੰਡ ਵਿੱਚ ਧੜੱਲੇ ਨਾਲ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ। ਜਿਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਈ ਬਹੁ ਮੰਜ਼ਲਾਂ ਇਮਾਰਤਾਂ ਵਿੱਚ ਅਣਅਧਿਕਾਰਤ ਪੀਜੀ ਚਲ ਰਹੇ ਹਨ। ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬਾਹਰਲੇ ਸੂਬਿਆਂ ਅਤੇ ਜ਼ਿਲ੍ਹਿਆਂ ਦੇ ਮੁੰਡੇ ਕੁੜੀਆਂ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪੀਜੀ ਵਿੱਚ ਰਹਿੰਦੇ ਮੁੰਡੇ ਕੁੜੀਆਂ ’ਤੇ ਮਾਪਿਆਂ ਦਾ ਕੋਈ ਕੰਟਰੋਲ ਨਾ ਹੋਣ ਕਾਰਨ ਉਹ ਸ਼ਰ੍ਹੇਆਮ ਹੱੁਲੜਬਾਜ਼ੀ ਕਰਦੇ ਹਨ ਅਤੇ ਉਨ੍ਹਾਂ ਦਾ ਪਹਿਰਾਵਾ ਵੀ ਠੀਕ ਨਹੀਂ ਹੈ। ਜਿਸ ਕਾਰਨ ਹੋਰਨਾਂ ਬੱਚਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੀਜੀ ਵਿੱਚ ਰਹਿੰਦੇ ਵਿਅਕਤੀਆਂ ਦੀ ਪੁਲੀਸ ਵੈਰੀਫਿਕੇਸ਼ਨ ਕਰਵਾਈ ਜਾਵੇ। ਸਾਬਕਾ ਸਰਪੰਚ ਨੇ ਦੱਸਿਆ ਕਿ ਪੁਲੀਸ ਨੇ ਕੁਝ ਕੁ ਪੀਜੀ ਮਾਲਕਾਂ ਦੇ ਖ਼ਿਲਾਫ਼ ਧਾਰਾ 188 ਅਧੀਨ ਕੇਸ ਵੀ ਦਰਜ ਕੀਤੇ ਸਨ ਪ੍ਰੰਤੂ ਧਰਾਵਾਂ ਨਰਮ ਹੋਣ ਕਾਰਨ ਪੀਜੀ ਮਾਲਕਾਂ ਨੂੰ ਕਾਨੂੰਨ ਦਾ ਕੋਈ ਖੌਫ਼ ਨਹੀਂ ਹੈ।
(ਬਾਕਸ ਆਈਟਮ)
ਮੁਹਾਲੀ ਦੇ ਐਸਡੀਐਮ ਡਾ. ਆਰਪੀ ਸਿੰਘ ਨੇ ਦੱਸਿਆ ਕਿ ਅੱਜ ਅਤੇ ਬੀਤੇ ਕੱਲ੍ਹ ਉਨ੍ਹਾਂ ਨੇ ਖ਼ੁਦ ਮੌਲੀ ਬੈਦਵਾਨ ਦਾ ਦੌਰਾ ਕਰਕੇ ਬਹੁ ਮੰਜ਼ਲਾਂ ਇਮਾਰਤਾਂ ਦੀ ਜਾਂਚ ਕੀਤੀ ਹੈ ਅਤੇ ਜ਼ਿਆਦਾਤਰ ਨਾਜਾਇਜ਼ ਉਸਾਰੀਆਂ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਉਸਾਰੀਆਂ ਬਾਰੇ ਪੜਤਾਲੀਆਂ ਰਿਪੋਰਟ ਡੀਸੀ ਮੁਹਾਲੀ ਨੂੰ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਅੰਦਰ ਵੀ ਨਾਜਾਇਜ਼ ਉਸਾਰੀਆਂ ਬਾਰੇ ਪਤਾ ਲੱਗਾ ਹੈ। ਅਗਲੇ ਦਿਨਾਂ ਵਿੱਚ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ।
(ਬਾਕਸ ਆਈਟਮ)
ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਐਸਡੀਐਮ ਨੇ ਨਾਜਾਇਜ਼ ਉਸਾਰੀਆਂ ਬਾਰੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਗਈ ਸੀ ਪ੍ਰੰਤੂ ਜਾਂਚ ਰਿਪੋਰਟ ਅਧੂਰੀ ਹੋਣ ਕਾਰਨ ਅਧਿਕਾਰੀ ਨੂੰ ਵਾਪਸ ਮੋੜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐਸਡੀਐਮ ਨੂੰ ਵਿਸਥਾਰ ਪੂਰਵਕ ਜਾਂਚ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਜਿਸ ਵਿੱਚ ਸਬੰਧਤ ਨਾਜਾਇਜ਼ ਉਸਾਰੀ ਕਿੰਨੀ ਜ਼ਮੀਨ ਵਿੱਚ ਕੀਤੀ ਗਈ ਹੈ ਜਾਂ ਕੀਤੀ ਜਾ ਰਹੀ ਹੈ। ਉਸ ਦਾ ਮਾਲਕ ਕੌਣ ਹੈ, ਲੋਕੇਸ਼ਨ ਆਦਿ ਸਾਰੇ ਤੱਥਾਂ ਬਾਰੇ ਪੂਰੀ ਰਿਪੋਰਟ ਮੰਗੀ ਗਈ ਹੈ ਅਤੇ ਸਪੈਸ਼ਲ ਐਨ ਚੋਅ ਦੇ ਨੇੜੇ ਤੇੜੇ ਨਾਜਾਇਜ਼ ਉਸਾਰੀਆਂ ਅਤੇ ਨਾਜਾਇਜ਼ ਕਬਜ਼ਿਆਂ ਬਾਰੇ ਜਾਣਕਾਰੀ ਦੇਣ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਮਾਸਟਰ ਪਲਾਨ ਮੁਤਾਬਕ ਵਸਾਇਆ ਗਿਆ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …