
ਨਾਜਾਇਜ਼ ਕਬਜ਼ੇ: ਮੁਹਾਲੀ ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 12 ਅਪਰੈਲ ਨੂੰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਨਾਜਾਇਜ਼ ਕਬਜ਼ੇ ਦੇ ਮਾਮਲੇ ਸਬੰਧੀ ਅੱਜ ਸੁਣਵਾਈ ਹੋਈ ਅਤੇ ਚੀਫ਼ ਜੁਡੀਸ਼ਲ ਮੈਜਿਸਟਰੇਟ ਵਿਪਨਦੀਪ ਕੌਰ ਨੇ ਕੇਸ ਦੀ ਅਗਲੀ ਸੁਣਵਾਈ ਲਈ 12 ਅਪਰੈਲ ਦਾ ਦਿਨ ਨਿਰਧਿਾਰਤ ਕੀਤਾ ਹੈ। ਇਸ ਤੋਂ ਪਹਿਲੀ ਪੇਸ਼ੀ ’ਤੇ ਮਾਣਯੋਗ ਅਦਾਲਤ ਨੇ ਡੀਡੀਪੀਓ, ਬੀਡੀਪੀਓ ਅਤੇ ਹੋਰ ਕਈ ਅਧਿਕਾਰੀਆਂ ਦੇ ਗ਼ੈਰ ਰਹਿਣ ਕਾਰਨ ਉਨ੍ਹਾਂ ਨੂੰ ਐਕਸ ਪਾਰਟੀ ਕਰਾਰ ਦਿੱਤਾ ਜਾ ਚੁੱਕਾ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸਾਬਕਾ ਪੰਚ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਨੇ ਦੱਸਿਆ ਕਿ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਅਤੇ ਰਸਤਿਆਂ ਉਪਰ ਹੋਏ ਅਤੇ ਹੁਣ ਵੀ ਹੋ ਰਹੇ ਨਾਜਾਇਜ਼ ਕਬਜਿਆਂ ਬਾਰੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਚੁੱਪ ਧਾਰੀ ਹੋਈ ਹੈ। ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਛੁਡਾਉਣ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਬਣਦੀ ਹੈ ਪ੍ਰੰਤੂ ਅਧਿਕਾਰੀ ਕੂਭਕਰਨ ਦੀ ਨੀਂਦ ਵਿੱਚ ਸੁੱਤੇ ਹੋਏ ਹਨ ਜਦੋਂ ਕਿ ਸਾਬਕਾ ਪੰਚ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਸਰਕਾਰੀ ਜ਼ਮੀਨ ਨੂੰ ਬਚਾਉਣ ਲਈ ਕਾਨੂੰਨੀ ਲੜਾਈ ਲੜ ਰਿਹਾ ਹੈ।
ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਲੇ ਦੱਸਿਆ ਕਿ ਉਹ ਪਿਛਲੇ 6-7 ਸਾਲਾਂ ਤੋਂ ਲਗਾਤਾਰ ਪਿੰਡ ਦੀ ਸਰਕਾਰੀ ਗਲੀ ਉੱਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਲਾਂੀ ਇਨਸਾਫ਼ ਦੀ ਜੰਗ ਲੜ ਰਿਹਾ ਹੈ। ਉਸ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਨੇਕਾਂ ਵਾਰ ਦਰਖ਼ਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ ਲੇਕਿਨ ਕਿਸੇ ਅਧਿਕਾਰੀ ਨੇ ਉਸ ਦੀ ਇੱਕ ਨਹੀਂ ਸੁਣੀ। ਜਿਸ ਕਾਰਨ ਮੈਨੂੰ ਅਦਾਲਤ ਦਾ ਦਰਵਾਜ਼ਾਂ ਖੜਕਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਤੋਂ ਇਲਾਵਾ ਉਸ ਦੇ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਨਾਜਾਇਜ਼ ਕਬਜ਼ਿਆਂ ਬਾਰੇ ਸ਼ਿਕਾਇਤਾਂ ਦਿੱਤੀਆਂ ਸਨ ਪ੍ਰੰਤੂ ਛੋਟੇ ਬਾਦਲ ਦੇ ਭਰੋਸੇ ਦੇ ਬਾਵਜੂਦ ਨਾਜਾਇਜ਼ ਕਬਜ਼ੇ ਨਹੀਂ ਹਟਾਏ ਗਏ। ਉਨ੍ਹਾਂ ਦੱਸਿਆ ਕਿ ਪਿੱਛਲੇ 6-7 ਸਾਲਾਂ ਵਿੱਚ ਉਸ ਨੂੰ ਇਨਸਾਫ਼ ਦੀ ਥਾਂ ਖੱਜਲ ਖੁਆਰੀ ਹੀ ਪੱਲੇ ਪਈ ਹੈ।