Nabaz-e-punjab.com

ਬਲੌਂਗੀ ਵਿੱਚ ਵੱਡੀ ਪੱਧਰ ’ਤੇ ਚੱਲ ਰਿਹਾ ਹੈ ਗੈਰ ਕਾਨੂੰਨੀ ਗੈਸ ਸਿਲੰਡਰਾਂ ਦਾ ਧੰਦਾ

ਨਬਜ਼-ਏ-ਪੰਜਾਬ ਬਿਊਰੋ, ਬਲੌਂਗੀ, 25 ਦਸੰਬਰ:
ਬਲੌਂਗੀ ਕਲੋਨੀ ਵਿੱਚ ਨਾਜਾਇਜ਼ ਤੌਰ ’ਤੇ ਵੱਡੇ ਸਿਲੰਡਰਾਂ ’ਚੋਂ ਗੈਸ ਕੱਢ ਕੇ ਛੋਟੇ ਸਿਲੰਡਰਾਂ ਵਿੱਚ ਭਰਕੇ ਵੇਚਣ ਦਾ ਧੰਦਾ ਬਹੁਤ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਗੈਰਕਾਨੂੰਨੀ ਧੰਦੇ ਵਿਰੁੱਧ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਧੰਦਾ ਬਹੁਤ ਵੱਧ ਫੁਲ ਗਿਆ ਹੈ। ਬਲੌਂਗੀ ਵਿੱਚ ਹਾਲਾਤ ਇਹ ਹਨ ਕਿ ਕਰਿਆਨੇ ਦੀਆਂ ਦੁਕਾਨਾਂ ਅਤੇ ਹੋਰ ਸਮਾਨ ਵੇਚਣ ਵਾਲੀਆਂ ਦੁਕਾਨਾਂ ਉੱਤੇ ਵੀ ਰਸੋਈ ਗੈਸ ਦੇ ਵੱਡੇ ਸਿਲੰਡਰਾਂ ’ਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਨ ਦਾ ਕੰਮ ਦਿਨ ਦਿਹਾੜੇ ਕੀਤਾ ਜਾ ਰਿਹਾ ਹੈ।
ਇਸ ਇਲਾਕੇ ਵਿੱਚ ਪੀਜੀ ਅਤੇ ਕਿਰਾਏਦਾਰ ਬਹੁਤ ਹਨ, ਜਿਸ ਕਾਰਨ ਛੋਟੇ ਗੈਸ ਸਿਲੰਡਰਾਂ ਦੀ ਬਹੁਤ ਮੰਗ ਹੈ, ਇਹ ਮੰਗ ਪੂਰੀ ਕਰਨ ਲਈ ਕਰਿਆਨੇ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਅਤੇ ਹੋਰ ਸਮਾਨ ਵੇਚਣ ਵਾਲਿਆਂ ਵੱਲੋਂ ਵੱਡੇ ਰਸੋਈ ਸਿਲੰਡਰਾਂ ਵਿਚੋੱ ਛੋਟੇ ਸਿੰਲਡਰਾਂ ਵਿੱਚ ਗੈਸ ਭਰ ਕੇ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਵੱਲੋਂ ਇਹ ਛੋਟੇ ਰਸੋਈ ਗੈਸ ਸਿਲੰਡਰ ਬਲੈਕ ਵਿੱਚ ਮਹਿੰਗੇ ਭਾਅ ਵੇਚੇ ਜਾਂਦੇ ਹਨ ਅਤੇ ਮੋਟੀ ਕਮਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਗੈਰਕਾਨੂੰਨੀ ਤਰੀਕਿਆਂ ਨਾਲ ਗੈਸ ਭਰਨ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ ਅਤੇ ਲੱਗਦਾ ਹੈ ਜਿਵੇਂ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੈ।
ਬਲੌਂਗੀ ਦੀ ਏਕਤਾ ਕਲੋਨੀ ਦੇ ਪੰਚ ਵਿਜੈ ਪਾਠਕ ਨੇ ਦੱਸਿਆ ਕਿ ਉਹਨਾਂ ਨੇ ਇਸ ਇਲਾਕੇ ਵਿੱਚ ਕੁਝ ਦੁਕਾਨਦਾਰਾਂ ਨੂੰ ਰਸੋਈ ਗੈਸ ਛੋਟੇ ਸਿਲੰਡਰਾਂ ਵਿੱਚ ਭਰ ਕੇ ਵੇਚਣ ਦਾ ਗੈਰਕਾਨੂੰਨੀ ਧੰਦਾ ਬੰਦ ਕਰਨ ਲਈ ਕਿਹਾ ਸੀ ਪ੍ਰੰਤੂ ਇਹਨਾਂ ਦੁਕਾਨਦਾਰਾਂ ਨੇ ਆਪਣੀ ਉਚ ਸਿਆਸੀ ਪਹੁੰਚ ਹੋਣ ਦਾ ਹਵਾਲਾ ਦਿੰਦਿਆਂ ਉਸ ਨੂੰ ਡਰਾਊਣ ਦੀ ਕੋਸ਼ਿਸ਼ ਕੀਤੀ ਅਤੇ ਚੁਪ ਰਹਿਣ ਲਈ ਕਿਹਾ। ਵਿਜੈ ਪਾਠਕ ਨੇ ਕਿਹਾ ਕਿ ਏਕਤਾ ਕਲੋਨੀ ਵਿੱਚ ਦੋ ਵਾਹਨ ਵੱਡੇ ਸਿੰਲਡਰਾਂ ਦੀ ਸਪਲਾਈ ਲੈ ਕੇ ਆਉਂਦੇ ਹਨ ਅਤੇ ਇਹ ਸਲਿੰਡਰ ਇਕ ਦੁਕਾਨ ਵਿੱਚ ਉਤਾਰ ਦਿੱਤੇ ਜਾਂਦੇ ਹਨ। ਫਿਰ ਉਸ ਦੁਕਾਨਦਾਰ ਵੱਲੋਂ ਇਹ ਸਿੰਲਡਰ ਹੋਰਨਾਂ ਦੁਕਾਨਦਾਰਾਂ ਨੂੰ ਸਪਲਾਈ ਕੀਤੇ ਜਾਂਦੇ ਹਨ ਅਤੇ ਹੋਰ ਦੁਕਾਨਦਾਰ ਆਪਣੇ ਕੋਲ ਆਉਣ ਵਾਲੇ ਗਾਹਕਾਂ ਨੂੰ ਛੋਟੇ ਸਿਲੰਡਰ ਵਿੱਚ ਗੈਸ ਭਰ ਕੇ ਵੇਚਦੇ ਹਨ। ਇਹਨਾਂ ’ਚੋਂ ਕੁੱਝ ਦੁਕਾਨਦਾਰ ਆਪਣੇ ਗ੍ਰਾਹਕਾਂ ਨੂੰ ਉਹਨਾਂ ਦੇ ਘਰ ਜਾ ਕੇ ਵੀ ਬਲੈਕ ਵਿੱਚ ਰਸੋਈ ਗੈਸ ਸਿੰਲਡਰ ਸਪਲਾਈ ਕਰਦੇ ਹਨ ਅਤੇ ਰਸੋਈ ਗੈਸ ਦਾ ਗੈਰਕਾਨੂੰਨੀ ਧੰਦਾ ਬਹੁਤ ਜ਼ੋਰਾਂ ’ਤੇ ਚੱਲ ਰਿਹਾ ਹੈ।
ਸ੍ਰੀ ਪਾਠਕ ਨੇ ਕਿਹਾ ਕਿ ਰਸੋਈ ਗੈਸ ਦੀ ਕਾਲਾਬਜਾਰੀ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਜਿਹੜੇ ਉਚ ਸਿਆਸੀ ਆਗੂਆਂ ਅਤੇ ਉਚ ਅਧਿਕਾਰੀਆਂ ਦਾ ਨਾਮ ਲੈਂਦੇ ਹਨ, ਅਸਲ ਵਿੱਚ ਇਹ ਉਹਨਾਂ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਨੂੰ ਬਦਨਾਮ ਕਰ ਰਹੇ ਹਨ, ਕਿਉਂਕਿ ਕੋਈ ਵੀ ਉਚ ਸਿਆਸੀ ਆਗੂ ਅਤੇ ਉੱਚ ਸਰਕਾਰੀ ਅਧਿਕਾਰੀ ਅਜਿਹੇ ਗੈਰਕਾਨੂੰਨੀ ਧੰਦੇ ਨੂੰ ਸਮਰਥਣ ਨਹੀਂ ਦਿੰਦਾ। ਉਹਨਾਂ ਕਿਹਾ ਕਿ ਜਦੋਂ ਵੀ ਪ੍ਰਸ਼ਾਸ਼ਨ ਦੀ ਟੀਮ ਰਸੋਈ ਗੈਸ ਦੇ ਇਸ ਗੈਰਕਾਨੂੰਨੀ ਧੰਦੇ ਅਤੇ ਛੋਟੇ ਸਿਲੰਡਰਾਂ ਵਿੱਚ ਗੈਸ ਭਰਨ ਦੇ ਕੰਮ ਨੂੰ ਬੰਦ ਕਰਵਾਉਣ ਲਈ ਆਉੱਦੀ ਹੈ ਤਾਂ ਇਹਨਾਂ ਦੁਕਾਨਦਾਰਾਂ ਨੂੰ ਉਸਦੀ ਪਹਿਲਾਂ ਹੀ ਖਬਰ ਮਿਲ ਜਾਂਦੀ ਹੈ ਅਤੇ ਉਹ ਪ੍ਰਸ਼ਾਸ਼ਨ ਦੀ ਟੀਮ ਆਉਣ ਤੋਂ ਪਹਿਲਾਂ ਹੀ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਗਾਇਬ ਹੋ ਜਾਂਦੇ ਹਨ। ਉਹਨਾਂ ਮੰਗ ਕੀਤੀ ਹੈ ਕਿ ਰਸੋਈ ਗੈਸ ਦੀ ਕਾਲਾਬਾਜ਼ਾਰੀ ਅਤੇ ਵੱਡੇ ਸਿੰਲਡਰਾਂ ਵਿਚੋੱ ਛੋਟੇ ਸਿੰਲਡਰਾਂ ਵਿੱਚ ਭਰ ਕੇ ਗੈਸ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਐਸਡੀਐਮ ਮੁਹਾਲੀ ਜਗਦੀਪ ਸਹਿਗਲ ਨੇ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਸਿਲੰਡਰਾਂ ਵਿੱਚ ਗੈਸ ਭਰਨ ਦਾ ਕੰਮ ਬਹੁਤ ਖਤਰਨਾਕ ਹੈ, ਜਿਸ ਕਾਰਨ ਅੱਗ ਲੱਗਣ ਦਾ ਖਤਰਾ ਹੈ ਅਤੇ ਪ੍ਰਸ਼ਾਸਨ ਇਸ ਕੰਮ ਨੂੰ ਕਦੇ ਵੀ ਹੋਣ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਉਹ ਹੁਣੇ ਬਲੌਂਗੀ ਵਿੱਚ ਫੂਡ ਸਪਲਾਈ ਦੀ ਟੀਮ ਭੇਜ ਕੇ ਇਹ ਗੈਰਕਾਨੂੰਨੀ ਧੰਦਾ ਬੰਦ ਕਰਵਾਉਣਗੇ ਅਤੇ ਅੱਗੇ ਤੋਂ ਇਹ ਗੈਰਕਾਨੂੰਨੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…