ਗੈਰਕਾਨੂੰਨੀ ਮਾਈਨਿੰਗ ਧੜੱਲੇ ਨਾਲ ਜਾਰੀ, 3 ਟਿੱਪਰ ਫੜ ਕੇ ਥਾਣੇ ’ਚ ਡੱਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲੰਮੀ ਚੁੱਪੀ ਤੋਂ ਬਾਅਦ ਗੈਰ-ਕਾਨੂੰਨੀ ਮਾਈਨਿੰਗ ਦੇ ਕਾਰੋਬਾਰ ਨੇ ਮੁੜ ਜ਼ੋਰ ਫੜ ਲਿਆ ਹੈ। ਕੰਡੀ ਇਲਾਕੇ ਦੇ ਪਿੰਡਾਂ ਵਿੱਚ ਇਹ ਬੇਰੋਕ ਟੋਕ ਚੱਲ ਰਿਹਾ ਹੈ। ਸ਼ਿਵਾਲਿਕ ਪਹਾੜੀਆਂ ਦੀ ਜੂਹ ਨੇੜੇ ਬਿੰਦਰੱਖ, ਪਿੰਡ ਟੱਪਰੀਆਂ ਤੋਂ ਲੈ ਕੇ ਕਰੀਬ 40 ਕਿੱਲੋਮੀਟਰ ਤੱਕ ਕੋਈ ਖੱਡ ਨਹੀਂ ਹੈ ਪ੍ਰੰਤੂ ਇਸ ਦੇ ਬਾਵਜੂਦ ਪਿੰਡ ਤਾਰਾਪੁਰ, ਗੋਚਰ, ਮੀਆਂਪੁਰ ਚੰਗਰ, ਅਭੀਪੁਰ, ਕੁੱਬਾਹੇੜੀ, ਖ਼ਿਜ਼ਰਾਬਾਦ, ਲੁਬਾਣਗੜ੍ਹ, ਸੈਣੀਮਾਜਰਾ ਵਿੱਚ ਕਥਿਤ ਤੌਰ ’ਤੇ ਗੈਰਕਾਨੂੰਨੀ ਮਾਈਨਿੰਗ ਹੋਣ ਦੀ ਖ਼ਬਰ ਮਿਲੀ ਹੈ।
ਇਹੀ ਨਹੀਂ ਨੰਗਲੀਆਂ, ਢਕੋਰਾਂ, ਸਿਸਵਾਂ, ਮੁੱਲਾਂਪੁਰ ਗਰੀਬਦਾਸ, ਕਰੋਰਾਂ ਆਦਿ ਬਰਸਾਤੀ ਨਦੀਆਂ ਅਤੇ ਪਟਿਆਲਾ ਕੀ ਰਾਓ ਨੂੰ ਵੀ ਨਾਜਾਇਜ਼ ਖਣਨ ਲਈ ਵਰਤਿਆ ਜਾ ਰਿਹਾ ਹੈ ਪ੍ਰੰਤੂ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਗੂੜੀ ਨੀਂਦ ਵਿੱਚ ਸੁੱਤੇ ਪਏ ਹਨ। ਹਾਲਾਂਕਿ ਕੁੱਝ ਦਿਨ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੈਰ ਸਪਾਟਾ ਤੇ ਕਿਰਤ ਮੰਤਰੀ ਅਨਮੋਲ ਗਗਨ ਮਾਲ ਵੱਲੋਂ ਆਪੋ ਆਪਣੇ ਇਲਾਕਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਸਬੰਧੀ ਚੈਕਿੰਗ ਕੀਤੀ ਗਈ ਸੀ ਪ੍ਰੰਤੂ ਬਲਾਕ ਮਾਜਰੀ ਖੇਤਰ ਸਮੇਤ ਹੋਰ ਕਈ ਥਾਵਾਂ ’ਤੇ ਕੋਈ ਖੱਡ ਨਾ ਹੋਣ ਦੇ ਬਾਵਜੂਦ ਕਈ ਕਰੈਸਰ ਧੜੱਲੇ ਨਾਲ ਚੱਲ ਰਹੇ ਹਨ।
ਉਧਰ, ਮਾਈਨਿੰਗ ਵਿਭਾਗ ਦੇ ਉਪ ਮੰਡਲ ਅਫ਼ਸਰ ਜੀਵਨਜੋਤ ਸਿੰਘ ਨੇ ਅੱਜ ਅਚਨਚੇਤ ਚੈਕਿੰਗ ਦੌਰਾਨ ਨਾਜਾਇਜ਼ ਮਾਈਨਿੰਗ ਨਾਲ ਸਬੰਧਤ 3 ਟਿੱਪਰ ਫੜੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਨਾਜਾਇਜ਼ ਮਾਈਨਿੰਗ ਦੇ 2 ਟਿੱਪਰ ਫੜੇ ਗਏ ਹਨ। ਜਿਨ੍ਹਾਂ ਵਿੱਚ ਇੱਕ ਸਿੰਗਲ ਐਕਸ ਅਤੇ 1 ਮਲਟੀਐਕਸ ਟਿੱਪਰ ਸੀ। ਇਨ੍ਹਾਂ ਟਿੱਪਰਾਂ ’ਚੋਂ ਇੱਕ ਵਿੱਚ ਤਕਰੀਬਨ 200 ਫੁੱਟ ਗਟਕਾ ਅਤੇ 800 ਫੁੱਟ ਰੇਤਾ ਭਰਿਆ ਹੋਇਆ ਸੀ। ਇੰਜ ਹੀ ਸੈਕਟਰ-79 ਨੇੜੇ ਇੱਕ ਹੋਰ ਟਿੱਪਰ ਫੜਿਆ ਗਿਆ, ਜਿਸ ਵਿੱਚ ਤਕਰੀਬਨ 800 ਫੁੱਟ ਰੇਤਾ ਭਰਿਆ ਹੋਇਆ ਸੀ।
ਮਾਈਨਿੰਗ ਅਧਿਕਾਰੀ ਨੇ ਜਦੋਂ ਟਿੱਪਰ ਚਾਲਕਾਂ ਨੂੰ ਵਾਹਨਾਂ ਵਿੱਚ ਭਰੇ ਮਾਲ ਬਾਰੇ ਬਿੱਲ ਦਿਖਾਉਣ ਲਈ ਆਖਿਆ ਤਾਂ ਉਹ ਅਧਿਕਾਰੀ ਨੂੰ ਆਪਣੇ ਵਾਹਨ ਵਿੱਚ ਭਰੇ ਗਟਕੇ ਅਤੇ ਰੇਤੇ ਦੀ ਖ਼ਰੀਦ ਬਾਰੇ ਬਿੱਲ ਪੇਸ਼ ਨਹੀਂ ਕਰ ਸਕੇ। ਇਸ ਤਰ੍ਹਾਂ ਇਹ ਸਾਰਾ ਮਟੀਰੀਅਲ ਗੈਰਕਾਨੂੰਨੀ ਪਾਇਆ ਗਿਆ। ਜਿਸ ਦੇ ਮੱਦੇਨਜ਼ਰ ਉਪ ਮੰਡਲ ਅਫ਼ਸਰ ਵੱਲੋਂ ਮੌਕੇ ’ਤੇ ਹੀ ਇਨ੍ਹਾਂ ਟਿੱਪਰਾਂ ਦਾ ਚਲਾਨ ਕੀਤਾ ਗਿਆ ਅਤੇ ਇਹ ਤਿੰਨੇ ਟਿੱਪਰ ਫੜ ਕੇ ਸੋਹਾਣਾ ਥਾਣੇ ਵਿੱਚ ਬੰਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…