Nabaz-e-punjab.com

ਨਾਜਾਇਜ਼ ਮਾਈਨਿੰਗ: ਮਨਜ਼ੂਰਸ਼ੁਦਾ ਕਰੱਸਰਾਂ ਦੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਹੋਵੇ: ਕੰਵਰ ਸੰਧੂ

ਜ਼ਿਲ੍ਹਾ ਮੁਹਾਲੀ ਵਿੱਚ ਖੱਡਾਂ ਦੀ ਨਿਲਾਮੀ ਤੋਂ ਬਿਨਾਂ ਧੜੱਲੇ ਨਾਲ ਚੱਲ ਰਹੇ ਹਨ ਕਰੱਸਰ

ਆਪ ਦੇ ਬਾਗੀ ਵਿਧਾਇਕ ਕੰਵਰ ਸੰਧੂ ਦੀ ਅਗਵਾਈ ਹੇਠ ਪਿੰਡਾਂ ਦੇ ਲੋਕਾਂ ਨੇ ਡੀਸੀ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਮਾਜਰੀ ਬਲਾਕ ਦੇ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਲਈ ਮਨਜ਼ੂਰਸ਼ੁਦਾ ਕਰੱਸਰਾਂ ਦੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਸ੍ਰੀ ਸੰਧੂ ਨੇ ਅੱਜ ਇੱਥੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤਾਂ ਦਿੱਤੀਆਂ। ਇਨ੍ਹਾਂ ਸ਼ਿਕਾਇਤਾਂ ’ਤੇ ਕਈ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਅਤੇ ਮੋਹਤਬਰ ਵਿਅਕਤੀਆਂ ਦੇ ਦਸਖ਼ਤ ਕੀਤੇ ਹੋਏ ਹਨ।
ਡੀਸੀ ਨਾਲ ਕਾਫੀ ਦੇਰ ਤੱਕ ਚੱਲੀ ਇਸ ਮੀਟਿੰਗ ਵਿੱਚ ਵਿਧਾਇਕ ਸੰਧੂ ਅਤੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਬੇਸ਼ੱਕ ਮੌਜੂਦਾ ਸਮੇਂ ਵਿੱਚ ਕੁਝ ਹੱਦ ਤੱਕ ਨਾਜਾਇਜ਼ ਮਾਈਨਿੰਗ ਦੇ ਗੋਰਖਧੰਦੇ ਨੂੰ ਠੱਲ੍ਹ ਪਈ ਹੈ ਪ੍ਰੰਤੂ ਪਿੰਡ ਖ਼ਿਜ਼ਰਾਬਾਦ, ਕੁੱਬਾਹੇੜੀ, ਮੀਆਂਪੁਰ ਚੰਗਰ, ਅਭੀਪੁਰ, ਤਾਰਾਪੁਰ, ਲੁਬਾਣਗੜ੍ਹ, ਹਰਨਾਮਪੁਰਾ, ਸਲੇਮਪੁਰ ਕਲਾਂ, ਸਲੇਮਪੁਰ ਖੁਰਦ, ਸੈਣੀਮਾਜਰਾ ਵਿੱਚ ਚੱਲ ਰਹੇ ਸਕਰੀਨਿੰਗ ਪਲਾਂਟ ਅਤੇ ਕਰੱਸਰਾਂ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਕਤ ਪਿੰਡਾਂ ਵਿੱਚ 35-40 ਸਕਰੀਨਿੰਗ ਪਲਾਂਟ ਅਤੇ ਕਰੱਸਰ ਚੱਲ ਰਹੇ ਹਨ।
ਸ੍ਰੀ ਕੰਵਰ ਸੰਧੂ ਨੇ ਕਿਹਾ ਕਿ ਕੁਝ ਵਿਅਕਤੀ ਸਿਆਸੀ ਹੱਲਾਸ਼ੇਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਦਾ ਧੰਦਾ ਚਲਾ ਰਹੇ ਹਨ। ਉਨ੍ਹਾਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਜਦੋਂ ਬਲਾਕ ਮਾਜਰੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਰੇਤੇ ਦੀ ਨਿਕਾਸੀ ਲਈ ਕੋਈ ਇਕ ਖੱਡ ਵੀ ਨਿਲਾਮ ਨਹੀਂ ਕੀਤੀ ਗਈ ਤਾਂ ਫਿਰ ਕਰੱਸਰ ਕਿਵੇਂ ਚੱਲ ਰਹੇ ਹਨ। ਸਬੰਧਤ ਵਿਭਾਗਾਂ ਨੇ ਉਨ੍ਹਾਂ ਨੂੰ ਐਨਓਸੀ ਸਰਟੀਫਿਕੇਟ ਕਿਵੇਂ ਦਿੱਤੇ ਹੋਏ ਹਨ। ਮਨਜ਼ੂਰਸ਼ੁਦਾ ਕਰੱਸਰਾਂ ਕੋਲ ਕੱਚਾ ਮਾਲ ਕਿੱਥੋਂ ਸਪਲਾਈ ਹੋ ਰਿਹਾ ਹੈ। ਕੀ ਉਹ ਸਾਰੀਆਂ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਆਦਿ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਮੌਕੇ ਪਿੰਡ ਅਭੀਪੁਰ ਦੇ ਭਾਗ ਸਿੰਘ, ਰਾਮ ਸਿੰਘ, ਸ਼ੇਰ ਮੁਹੰਮਦ ਖਾਨ, ਜਰਨੈਲ ਸਿੰਘ, ਪ੍ਰੀਤਮ ਸਿੰਘ, ਦਰਸ਼ਨ ਸਿੰਘ, ਪ੍ਰੇਮ ਸਿੰਘ ਦੁਲੂਆਂ ਖੱਦਰੀ, ਬਹਾਦਰ ਸਿੰਘ, ਅਮਰੀਕ ਸਿੰਘ, ਰਣਜੋਧ ਸਿੰਘ ਤੇ ਸੁਦਾਗਰ ਸਿੰਘ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਕਾਰਨ ਮਾਜਰੀ ਬਲਾਕ ਦੇ ਕਾਫੀ ਪਿੰਡਾਂ ਵਿੱਚ ਕਾਫੀ ਡੂੰਘੇ ਖੱਡੇ ਪੈ ਚੁੱਕੇ ਹਨ। ਕਈ ਥਾਵਾਂ ਉੱਤੇ 50 ਤੋਂ 80 ਫੁੱਟ ਡੂੰਘੇ ਖੱਡੇ ਦੇਖੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਾਤ ਨੂੰ ਨਾਜਇਜ਼ ਮਾਈਨਿੰਗ ਦੇ ਭਾਰੀ ਵਾਹਨਾਂ\ਟਿੱਪਰਾਂ ਦੇ ਸ਼ੋਰ ਸ਼ਰਾਬੇ ਕਾਰਨ ਪਿੰਡਾਂ ਦੇ ਲੋਕ ਰਾਤ ਨੂੰ ਸੌਂ ਵੀ ਨਹੀਂ ਸਕਦੇ ਹਨ। ਇਸ ਤੋਂ ਇਲਾਵਾ ਭਾਰੀ ਵਾਹਨਾਂ ਨੇ ਇਲਾਕੇ ਦੀਆਂ ਸਾਰੀਆਂ ਸੜਕਾਂ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਸਕੂਲੀ ਬੱਚਿਆਂ ਅਤੇ ਕੰਮ ਕਾਜੀ ਅੌਰਤਾਂ ਨੂੰ ਆਪਣੇ ਦਫ਼ਤਰਾਂ ਵਿੱਚ ਮੁਸ਼ਕਲ ਹੋਇਆ ਪਿਆ ਹੈ।
(ਬਾਕਸ ਆਈਟਮ)
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਵਿਧਾਇਕ ਕੰਵਰ ਸੰਧੂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਬਣਦੀ ਕਾਰਵਾਈ ਭਰੋਸਾ ਦਿੱਤਾ। ਉਨ੍ਹਾਂ ਵਫ਼ਦ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਜਾਇਜ਼ ਮਾਈਨਿੰਗ ਦੇ ਸਖ਼ਤ ਖ਼ਿਲਾਫ਼ ਹੈ। ਇਸ ਸਬੰਧੀ 193 ਜ਼ਮੀਨ ਮਾਲਕਾਂ ਨੂੰ 54 ਕਰੋੜ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਇਸ ਕੰਮ ਵਿੱਚ ਲੱਗੇ ਵਾਹਨਾਂ ਨੂੰ ਜ਼ਬਤ ਕਰਕੇ ਮੌਜੂਦਾ ਕੀਮਤ ਦੀ 50 ਫੀਸਦੀ ਰਾਸੀ ਵਸੂਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਨੂੰ ਹਦਾਇਤ ਕੀਤੀ ਗਈ ਕਿ ਮਨਜ਼ੂਰਸ਼ੁਦਾ ਕਰੱਸਰਾਂ ਦੀ ਕਾਰਗੁਜ਼ਾਰੀ ’ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਉਨ੍ਹਾਂ ਕੋਲ ਰੇਤਾ, ਬਜਰੀ ਕਿੱਥੋਂ ਸਪਲਾਈ ਹੋ ਰਿਹਾ ਹੈ। ਕਿੰਨੀ ਬਿਜਲੀ ਖਪਤ ਹੋ ਰਹੀ ਹੈ ਅਤੇ ਕੱਚਾ ਮਾਲ ਆਉਣ ਅਤੇ ਅੱਗੇ ਸਪਲਾਈ ਹੋ ਰਹੇ ਮਟੀਰੀਅਲ ਦੇ ਬਿੱਲਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਅਤੇ ਮੁੱਖ ਮੰਤਰੀ ਮੈਡਲ ਨਾਲ ਕੀਤਾ ਸਨਮਾਨਿਤ

ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਅਤੇ ਮੁ…