Share on Facebook Share on Twitter Share on Google+ Share on Pinterest Share on Linkedin ਮਾਜਰੀ ਬਲਾਕ ਵਿੱਚ ਧੜੱਲੇ ਨਾਲ ਚਲ ਰਿਹਾ ਹੈ ਨਾਜਾਇਜ਼ ਮਾਈਨਿੰਗ ਦਾ ਧੰਦਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ, ਪੁਲੀਸ ਪ੍ਰਸ਼ਾਸਨ ਨੇ ਵੀ ਚੁੱਪ ਧਾਰੀ ਅਧਿਕਾਰੀਆਂ ਨੇ ਇੱਕ ਦੂਜੇ ’ਤੇ ਸੁੱਟੀ ’ਤੇ ਜ਼ਿੰਮੇਵਾਰੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 21 ਜਨਵਰੀ: ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ, ਮੀਆਂਪੁਰ ਚੰਗਰ, ਲੁਬਾਣਗੜ੍ਹ, ਕੁੱਬਾਹੇੜੀ, ਅਭੀਪੁਰ, ਸਿਆਲਬਾ ਮਾਜਰੀ, ਫਾਂਟਵਾ, ਸਿਆਮੀਪੁਰ ਟੱਪਰੀਆਂ ਵਿਖੇ ਇਕ ਦਰਜਨ ਤੋਂ ਵੱਧ ਅਣਅਧਿਕਾਰਿਤ ਕਰੈਸ਼ਰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਅਣਦੇਖ ਕਾਰਨ ਧੜੱਲੇ ਨਾਲ ਚਲ ਰਹੇ ਹਨ। ਕਰੈਸ਼ਰ ਮਾਲਕਾਂ ਦੀ ਸਿਆਸੀ ਪਹੁੰਚ ਹੋਣ ਕਾਰਨ ਇਹ ਕਰੈਸ਼ਰ ਪਿਛਲੇ ਲੰਮੇਂ ਸਮੇਂ ਤੋਂ ਚੱਲ ਰਹੇ ਹਨ ਜਦ ਕਿ ਸਬ ਡਵੀਜਨ ਖਰੜ ਅਧੀਨ ਪੈਂਦੇ ਕਿਸੇ ਵੀ ਖੇਤਰ ਵਿਚ ਮਾਈਨਿੰਗ ਕਰਨ ਦੀ ਪੂਰਨ ਤੌਰ ਤੇ ਮਨਾਹੀ ਹੈ। ਪਰ ਇਸ ਦੇ ਬਾਵਜੂਦ ਵੀ ਕਰੈਸ਼ਰ ਮਾਲਕਾਂ ਵੱਲੋਂ ਅਸਿੱਧੇ ਢੰਗ ਨਾਲ ਰਾਤ ਸਮੇਂ ਧੜੱਲੇ ਨਾਲ ਮਾਈਨਿੰਗ ਕਰਵਾਈ ਜਾਂਦੀ ਹੈ। ਉਧਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ’ਤੇ ਜ਼ਿੰਮੇਵਾਰੀ ਸੁੱਟ ਕੇ ਆਪਣਾ ਪਿੱਛਾ ਛੁਡਵਾ ਲਿਆ। ਇਥੇ ਦੱਸਣਾ ਬਣਦਾ ਹੈ ਕਿ ਜ਼ਿਆਦਾਤਰ ਕਰੈਸ਼ਰ ਮਾਲਕ ਅਕਾਲੀ ਦਲ ਤੇ ਕਾਂਗਰਸ ਨਾਲ ਸਬੰਧ ਰੱਖਦੇ ਹਨ। ਜਿਸ ਕਾਰਨ ਮਾਈਨਿੰਗ ਵਿਭਾਗ ਅਤੇ ਪੁਲੀਸ ਵੀ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਹੱਥ ਪਾਉਣ ਤੋਂ ਡਰਦੇ ਹਨ। ਵਿੱਚ ਅਕਾਲੀ ਦਲ ਦੇ ਵੱਡੇ ਆਗੂਆਂ ਤੋਂ ਇਲਾਵਾ ਕਾਂਗਰਸੀ ਵੀ ਦਿਨ ਰਾਤ ਪੈਸਾ ਬਟੋਰ ਰਹੇ ਹਨ। ਜਿਸ ਨਾਲ ਦੋਨੋਂ ਪਾਰਟੀਆਂ ਦੀ ਅਪਸੀ ਸਾਂਝ ਜੱਗ ਜਾਹਰ ਹੁੰਦੀ ਹੈ। ਮਾਈਨਿੰਗ ਦੇ ਇਸ ਗੋਰਖ ਧੰਦੇ ਨੂੰ ਚੱਲਦਾ ਰੱਖਣ ਲਈ ਇਹ ਲੋਕ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਚੋਣਾਂ ਵਿਚ ਮਦਦ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਨਾਜਾਇਜ਼ ਮਾਈਨਿੰਗ ਦੇ ਧੰਦੇ ’ਤੇ ਕੋਈ ਰੁਕਾਵਟ ਨਾ ਆਵੇ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਪਿੰਡਾਂ ਤੋਂ ਇਲਾਵਾ ਪਿੰਡ ਖਿਜ਼ਰਾਬਾਦ, ਮੀਆਂਪੁਰ ਚੰਗਰ ਦੀ ਬਰਸਾਤੀ ਨਦੀ ਦੇ ਵਹਾਅ ’ਚੋਂ, ਸ਼ਾਮਲਾਤ ਜ਼ਮੀਨ ਅਤੇ ਨਦੀ ਦੇ ਨਾਲ ਲਗਦੀਆਂ ਖੇਵਟ ਜ਼ਮੀਨਾਂ ’ਚੋਂ ਰਾਤ ਸਮੇਂ ਲਗਾਤਾਰ ਮਾਈਨਿੰਗ ਕੀਤੀ ਜਾ ਰਹੀ ਹੈ। ਜਿਸ ਕਾਰਨ ਨਦੀ ਦੇ ਵਹਾਅ ਵਿੱਚ ਲਗਭਗ 20-20 ਫੁੱਟ ਦੇ ਡੂੰਘੇ ਟੋਏ ਪੁੱਟ ਦਿੱਤੇ ਗਏ ਹਨ। ਇਸ ਤਰ੍ਹਾਂ ਜਿੱਥੇ ਛੋਟੇ ਖਣਿਜਾਂ ਨਾਲ ਛੇੜਛਾੜ ਹੋ ਰਹੀ ਹੈ ਉੱਥੇ ਹੀ ਇਨ੍ਹਾਂ ਟੋਇਆਂ ਵਿਚ ਜਿਥੇ ਪਹਿਲਾਂ ਕਈ ਲੋਕ ਜਾਨ ਗੁਆ ਚੁੱਕੇ ਹਨ ਉਥੇ ਆਊਣ ਵਾਲੇ ਸਮੇਂ ਵਿਚ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਪਰ ਮਾਈਨਿੰਗ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨਜਾਇਜ਼ ਮਾਈਨਿੰਗ ਸਬੰਧੀ ਪਤਾ ਹੋਣ ਦੇ ਬਾਵਜੂਦ ਵੀ ਇਸ ਨੂੰ ਅਣਦੇਖਾ ਕਰ ਰਹੇ ਹਨ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਭਾਰੀ ਰੋਸ ਹੈ। ਪੁਲੀਸ ਦੀ ਕਥਿਤ ਮਿਲੀਭੁਗਤ ਨਾਲ ਇਹ ਲੋਕ ਰਾਤ ਨੂੰ 8 ਵਜੇ ਤੋਂ ਲੈ ਕੇ ਤੜਕੇ ਸਵੇਰੇ 4 ਵਜੇ ਤੱਕ ਨਾਜਾਇਜ਼ ਮਾਈਨਿੰਗ ਦਾ ਕੰਮ ਕਰਦੇ ਹਨ। ਜਿਸ ਨਾਲ ਆਸ ਪਾਸ ਦੇ ਲੋਕ ਬਹੁਤ ਤੰਗ ਪ੍ਰੇਸ਼ਾਨ ਹਨ। ਪਿੰਡਾਂ ਦੇ ਵਸਨੀਕਾਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਬਲਾਕ ਮਾਜਰੀ ਦੇ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਇਆ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਰੋਜ਼ਾਨਾ ਹੋ ਰਹੇ ਸੜਕੀ ਹਾਦਸਿਆਂ ਨੂੰ ਨੱਥ ਪਾਈ ਜਾ ਸਕੇ। ਉਧਰ, ਇਸ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨ ਦਲਜੀਤ ਸਿੰਘ ਮਾਂਗਟ ਨਾਲ ਫੋਨ ’ਤੇ ਮਾਈਨਿੰਗ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਮਾਈਨਿੰਗ ਅਫ਼ਸਰ ਨਾਲ ਸੰਪਰਕ ਕਰਨ ਦੀ ਗੱਲ ਆਖਦਿਆਂ ਮੀਡੀਆ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ। ਇਸ ਮਗਰੋਂ ਜਦੋਂ ਮਾਈਨਿੰਗ ਵਿਭਾਗ ਦੇ ਜੀ.ਐਮ. ਚਮਨ ਲਾਲ ਨਾਲ ਫੋਨ ’ਤੇ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਉਹ ਕਈ ਵਾਰ ਚੈਕਿੰਗ ਕਰ ਚੁੱਕੇ ਹਨ ਪ੍ਰੰਤੂ ਉਨ੍ਹਾਂ ਕੁਝ ਨਹੀਂ ਮਿਲਿਆ ਅਤੇ ਰਾਤ ਸਮੇਂ ਚੈਕਿੰਗ ਕਰਨ ਲਈ ਉਨ੍ਹਾਂ ਕੋਲ ਲੋੜੀਂਦੀ ਫੋਰਸ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਕਰਨ ਵਾਲਿਆਂ ਨੂੰ ਪੁਲੀਸ ਵਾਲਿਆਂ ਨੇ ਫੜਨਾ ਹੁੰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ