ਗੈਰ-ਕਾਨੂੰਨੀ ਮਾਈਨਿੰਗ: ਮੁਹਾਲੀ ਜ਼ਿਲ੍ਹੇ ਵਿੱਚ ਸਿਰਫ਼ ਇੱਕ ਹੀ ਡੀ-ਸਿਲਟਿੰਗ ਸਾਈਟ: ਡੀਸੀ ਆਸ਼ਿਕਾ ਜੈਨ
ਐਸਡੀਐਮਜ਼ ਨੂੰ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਬਾਰੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼
ਮੁਹਾਲੀ ਵਿੱਚ ਪੁਲੀਸ ਤੇ ਸਿਵਲ ਪ੍ਰਸ਼ਾਸਨ ਅਤੇ ਮਾਈਨਿੰਗ ਅਫ਼ਸਰਾਂ ਨਾਲ ਕੀਤੀ ਅਹਿਮ ਮੀਟਿੰਗ
ਨਬਜ਼-ਏ-ਪੰਜਾਬ, ਮੁਹਾਲੀ, 10 ਫਰਵਰੀ:
ਜ਼ਿਲ੍ਹਾ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਡੀ-ਸਿਲਟਿੰਗ/ਮਾਈਨਿੰਗ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਰੱਖਣ ਅਤੇ ਲੋਕਾਂ ਨੂੰ ਸੂਚਿਤ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਠੇਕੇ ਬਾਰੇ ‘ਪਬਲਿਕ ਡੋਮੇਨ’ ਵਿੱਚ ਸਾਰੀ ਜਾਣਕਾਰੀ ਸਪੱਸ਼ਟ ਹੋਣੀ ਚਾਹੀਦੀ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਪੁਲੀਸ ਤੇ ਸਿਵਲ ਪ੍ਰਸ਼ਾਸਨਿਕ ਅਤੇ ਮਾਈਨਿੰਗ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਡੀਸੀ ਨੇ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮੂਹ ਐਸਡੀਐਮਜ਼ ਨੂੰ ਕਿਹਾ ਕਿ ਪੁਲੀਸ ਅਤੇ ਮਾਈਨਿੰਗ ਅਫ਼ਸਰਾਂ ਨਾਲ ਤਾਲਮੇਲ ਕਰਕੇ ਗੈਰ-ਕਾਨੂੰਨੀ ਮਾਈਨਿੰਗ ’ਤੇ ਤਿੱਖੀ ਨਜ਼ਰ ਰੱਖਣ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਫੌਰੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਡੀਸੀ ਨੇ ਐਸਡੀਐਮ ਡੇਰਾਬੱਸੀ ਅਮਿਤ ਗੁਪਤਾ ਨੂੰ ਬਨੂੜ ਵੀਅਰ ਡੀ-ਸਿਲਟਿੰਗ ਵਾਲੀ ਥਾਂ ’ਤੇ ਨਿਯਮਿਤ ਸਮੇਂ ’ਤੇ ਤਹਿਸੀਲਦਾਰ ਅਤੇ ਪਟਵਾਰੀ ਭੇਜ ਕੇ ਚੈਕਿੰਗ ਕਰਦੇ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਠੇਕੇਦਾਰ ਨੂੰ ਹੋਰ ਡੀ-ਸਿਲਟਿੰਗ ਸਾਈਟਾਂ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਜਾਣਕਾਰੀ ਸਬੰਧਤ ਐਸਡੀਐਮ ਅਤੇ ਪੁਲੀਸ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਕੰਮ ’ਤੇ ਨਿਯਮਤ ਨਿਗਰਾਨੀ ਰੱਖੀ ਜਾ ਸਕੇ।
ਮਾਈਨਿੰਗ ਅਫ਼ਸਰਾਂ ਨੇ ਡੀਸੀ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿੱਚ ਸਿਰਫ਼ ਇੱਕ ਹੀ ਡੀ-ਸਿਲਟਿੰਗ ਸਾਈਟ ਬਨੂੜ ਵੀਅਰ ਚਾਲੂ ਹੈ। ਇਸ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਵਿੱਚ ਕੋਈ ਵੀ ਡੀ-ਸਿਲਟਿੰਗ ਸਾਈਟ ਜਾਂ ਮਾਈਨਿੰਗ ਸਾਈਟ ਨਹੀਂ ਹੈ। ਜੇਕਰ ਕੋਈ ਗੈਰ-ਕਾਨੂੰਨੀ ਸਾਈਟ ਸਾਹਮਣੇ ਆਉਂਦੀ ਹੈ ਤਾਂ ਉਹ ਤੁਰੰਤ ਕੇਸ ਦਰਜ ਕਰਵਾਉਣ ਲਈ ਪੁਲੀਸ ਦੇ ਧਿਆਨ ਵਿੱਚ ਲਿਆਉਣਗੇ।
ਆਸ਼ਿਕਾ ਜੈਨ ਨੇ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੂੰ ਜ਼ੋਰ ਦੇ ਕੇ ਆਖਿਆ ਕਿ ਬਨੂੜ ਵੀਅਰਸਾਈਟ ’ਤੇ ਰੈਗੂਲਰ ਰਾਤ ਦੀ ਗਸ਼ਤ ਜਾਰੀ ਰੱਖਣ। ਇਸ ਸਾਈਟ ਦਾ ਸੰਚਾਲਨ ਮਾਈਨਿੰਗ ਅਧਿਕਾਰੀਆਂ ਦੀ ਮੌਜੂਦਗੀ ਅਤੇ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਜਾਵੇਗਾ। ਉਨ੍ਹਾਂ ਮਾਈਨਿੰਗ ਅਧਿਕਾਰੀਆਂ ਨੂੰ ਸਾਈਟ ਦੀ ਲੰਬਾਈ, ਚੌੜਾਈ ਅਤੇ ਡੂੰਘਾਈ ਬਾਰੇ ਸਪੱਸ਼ਟ ਜਾਣਕਾਰੀ ਰੱਖਣ ਦੇ ਆਦੇਸ਼ ਦਿੱਤੇ। ਜਿਸ ’ਤੇ ਕਾਰਜਕਾਰੀ ਇੰਜੀਨੀਅਰ ਨੇ ਭਰੋਸਾ ਦਿੱਤਾ ਕਿ ਇਸ ਸਾਈਟ ਦੀ ਕੇਐਮਐਲ ਫਾਈਲ ਵਿੱਚ ਸਾਈਟ ਬਾਰੇ ਸਾਰਾ ਡਾਟਾ ਉਪਲਬਧ ਹੈ।