ਗੈਰ-ਕਾਨੂੰਨੀ ਮਾਈਨਿੰਗ: ਅੰਤਰਰਾਜੀ ਚੈੱਕ ਪੋਸਟਾਂ ’ਤੇ ਸੀਸੀਟੀਵੀ ਕੈਮਰਿਆਂ ਨੂੰ ਏਪੀਐਨਆਰ ਕੈਮਰਿਆਂ ਨਾਲ ਬਦਲਣ ਦੇ ਹੁਕਮ

ਡੀਸੀ ਆਸ਼ਿਕਾ ਜੈਨ ਨੇ 12 ਪੈਸਕੋ ਗਾਰਡਾਂ ਦੀ ਨਿਯੁਕਤੀ ਤੋਂ ਇਲਾਵਾ ਏਐਨਪੀਆਰਜ਼ ਲਗਾਉਣ ਨੂੰ ਦਿੱਤੀ ਪ੍ਰਵਾਨਗੀ

ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵਚਨਬੱਧਤਾ ਦੁਹਰਾਈ

ਨਬਜ਼-ਏ-ਪੰਜਾਬ, ਮੁਹਾਲੀ, 31 ਦਸੰਬਰ:
ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਮਾਈਨਿੰਗ ਅਧਿਕਾਰੀਆਂ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਜ਼ਿਲ੍ਹਾ ਅੰਤਰਰਾਜੀ ਚੈੱਕ ਪੋਸਟਾਂ ’ਤੇ ਲਗਾਏ ਸੀਸੀਟੀਵੀ ਕੈਮਰਿਆਂ ਨੂੰ ਏਐਨਪੀਆਰ (ਆਟੋਮੈਟਿਕ ਨੰਬਰ ਪਲੇਟ ਪਛਾਣ) ਕੈਮਰਿਆਂ ਨਾਲ ਬਦਲਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਨਾਲ ਮੁਹਾਲੀ ਆਧੁਨਿਕ ਚੈੱਕ ਸਿਸਟਮ ਲਗਾਉਣ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਜਾਵੇਗਾ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਆਪਣੇ ਯਤਨਾਂ ਨੂੰ ਹੋਰ ਮਜ਼ਬੂਤ ਕਰੇਗਾ।
ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਸਿਸਵਾਂ ਟੀ-ਪੁਆਇੰਟ, ਡੱਫਰਪੁਰ ਅਤੇ ਹੰਡੇਸਰਾ ਵਿੱਚ ਸਥਾਪਿਤ ਮੌਜੂਦਾ ਤਿੰਨ ਅੰਤਰਰਾਜੀ ਚੈੱਕ ਪੋਸਟਾਂ ਤੋਂ ਇਲਾਵਾ ਡੇਰਾਬੱਸੀ-ਬਰਵਾਲਾ ਰੋਡ ’ਤੇ ਇਕ ਹੋਰ ਚੈੱਕਪੋਸਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਉਪਰਾਲਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਅੰਤਰਰਾਜੀ ਚੈੱਕ ਪੋਸਟਾਂ ’ਤੇ ਸੀਸੀਟੀਵੀ ਕੈਮਰਿਆਂ ਨੂੰ ਏਪੀਐਨਆਰ ਨਾਲ ਬਦਲਣ ਤੋਂ ਇਲਾਵਾ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਤੋਂ ਲੈ ਕੇ ਸਾਰੀਆਂ ਚਾਰ ਚੈੱਕ ਪੋਸਟਾਂ ਉੱਤੇ 12 ਗਾਰਡ ਵੀ ਤਾਇਨਾਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਅੰਤਰਰਾਜੀ ਚੈਕ ਪੋਸਟਾਂ ਇਹ ਵੀ ਯਕੀਨੀ ਬਣਾਉਂਦੀਆਂ ਹਨ ਕਿ ਮਾਈਨਿੰਗ ਸਮੱਗਰੀ ਲੈ ਕੇ ਜਾਣ ਵਾਲੇ ਕਿਸੇ ਵੀ ਵਾਹਨ ਕੋਲ ਕਿਊ ਆਰ ਕੋਡ ਵਾਲਾ ਕੀਤਾ ਜੀਐਸਟੀ ਬਿੱਲ ਹੋਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਾਹਨ ਦੁਆਰਾ ਲੋਡ ਕੀਤੀ ਗਈ ਸਮੱਗਰੀ ਨੂੰ ਕਾਨੂੰਨੀ ਤੌਰ ’ਤੇ ਖ਼ਰੀਦਿਆ ਗਿਆ ਹੈ। ਇਨ੍ਹਾਂ ਵਾਹਨਾਂ ਦਾ ਇਨ੍ਹਾਂ ਚੈੱਕਪੋਸਟਾਂ ਦੇ ਰਿਕਾਰਡ ਵਿੱਚ ਇੰਦਰਾਜ਼ ਕਰਨ ਲਈ ਜ਼ੀਰੋ ਸਲਿੱਪ ਜਾਰੀ ਕੀਤੀ ਜਾਂਦੀ ਹੈ। ਜੇਕਰ, ਮਾਈਨਿੰਗ ਸਮਗਰੀ ਨੂੰ ਲੈ ਕੇ ਜਾਣ ਵਾਲਾ ਟਿੱਪਰ ਸਮੱਗਰੀ ਬਾਰੇ ਕੋਈ ਬਿੱਲ ਜਾਂ ਜਾਇਜ਼ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਪੰਜਾਬ ਮਾਈਨਰ ਮਿਨਰਲ ਰੂਲਜ਼ (ਪੀਐਮਐਮਆਰ) ਸੈਕਸ਼ਨ 74 ਅਤੇ 75 ਦੇ ਤਹਿਤ ਚਲਾਨ ਜਾਰੀ ਕੀਤਾ ਜਾਂਦਾ ਹੈ।
ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ 3.36 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ। ਏਐਨਪੀਆਰ ਕੈਮਰਿਆਂ ਦੀ ਰਜਿਸਟ੍ਰੇਸ਼ਨ ਪਲੇਟਾਂ ਅਤੇ ਵਾਹਨਾਂ ਦੀਆਂ ਹੋਰ ਪਛਾਣਾਂ ਰਾਹੀਂ ਚੈੱਕਪੋਸਟ ਤੋਂ ਭੱਜਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਨਾਜਾਇਜ਼ ਮਾਈਨਿੰਗ ਲਈ ਜ਼ਿੰਮੇਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਲੰਘਣਾ ਕਰਨ ਵਾਲੇ ਹਰ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬੀ ਵਾਧੂ ਵਿਸ਼ਾ ਸੈਸ਼ਨ 2023-24 ਦੀ ਚੌਥੀ ਤਿਮਾਹੀ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ

ਪੰਜਾਬੀ ਵਾਧੂ ਵਿਸ਼ਾ ਸੈਸ਼ਨ 2023-24 ਦੀ ਚੌਥੀ ਤਿਮਾਹੀ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਨਬਜ਼-ਏ-ਪੰਜਾਬ, ਮੁਹਾਲੀ,…