nabaz-e-punjab.com

ਨਾਜਾਇਜ਼ ਮਾਈਨਿੰਗ: ਰੈਵੇਨਿਊ ਵਿਭਾਗ ਨੇ ਧਰਮਗੜ੍ਹ\ਕੋਰੇਮਾਜਰਾ ਦੀ ਜ਼ਮੀਨ ਮਾਲਕਾਂ ਬਾਰੇ ਰਿਪੋਰਟ ਦਿੱਤੀ

ਜ਼ਮੀਨ ਮਾਲਕਾਂ ਨੂੰ ਜੁਰਮਾਨੇ ਦੀ ਵਸੂਲੀ ਜਲਦੀ ਨੋਟਿਸ ਭੇਜੇ ਜਾਣਗੇ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣ ਤੋਂ ਬਾਅਦ ਮਾਈਨਿੰਗ ਵਿਭਾਗ ਅਤੇ ਰੈਵੇਨਿਊ ਵਿਭਾਗ ਵੀ ਸਰਗਰਮ ਹੋ ਗਿਆ ਹੈ। ਮੁਹਾਲੀ ਨੇੜਲੇ ਪਿੰਡ ਧਰਮਗੜ੍ਹ\ਕੋਰੇਮਾਜਰਾ ਦੇ ਖੇਤਾਂ ਵਿੱਚ ਹੋਈ ਨਾਜਾਇਜ਼ ਮਾਈਨਿੰਗ ਸਬੰਧੀ ਰੈਵੇਨਿਊ ਵਿਭਾਗ ਨੇ ਆਪਣੀ ਚੁੱਪੀ ਤੋੜਦਿਆਂ ਐਸਡੀਐਮ ਰਾਹੀਂ ਜ਼ਿਲ੍ਹਾ ਮਾਈਨਿੰਗ ਵਿਭਾਗ ਨੂੰ ਆਪਣੀ ਰਿਪੋਰਟ ਦੇ ਦਿੱਤੀ ਹੈ। ਹਾਲਾਂਕਿ ਪਹਿਲਾਂ ਮਾਈਨਿੰਗ ਅਧਿਕਾਰੀ ਇਹ ਕਹਿੰਦੇ ਆਏ ਹਨ ਕਿ ਹਾਲੇ ਤੱਕ ਉਨ੍ਹਾਂ ਨੂੰ ਰੈਵੇਨਿਊ ਵਿਭਾਗ ਦੀ ਕੋਈ ਲਿਖਤੀ ਰਿਪੋਰਟ ਨਹੀਂ ਮਿਲੀ ਹੈ ਅਤੇ ਜਿਹੜੀ ਰਿਪੋਰਟ ਬਾਰੇ ਅਧਿਕਾਰੀ ਗੱਲ ਕਰ ਰਹੇ ਹਨ। ਉਸ ਉੱਤੇ ਕਿਸੇ ਅਧਿਕਾਰੀ ਦੇ ਦਸਖ਼ਤ ਨਹੀਂ ਹਨ। ਪ੍ਰੰਤੂ ਹੁਣ ਪਟਵਾਰੀ ਰਜਿੰਦਰ ਸਿੰਘ ਨੇ ਆਪਣੀ ਹੱਥ ਲਿਖਤ ਦੋ ਪੰਨਿਆਂ ਦੀ ਰਿਪੋਰਟ ਵਿੱਚ ਸਬੰਧਤ ਜ਼ਮੀਨ ਮਾਲਕਾਂ ਦਾ ਵੇਰਵਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਾਲ ਵਿਭਾਗ ’ਤੇ ਇਹ ਦੋਸ਼ ਲਗਦੇ ਰਹੇ ਹਨ ਕਿ ਅਧਿਕਾਰੀ ਸਿਆਸੀ ਦਬਾਅ ਪੈਣ ਕਾਰਨ ਜ਼ਮੀਨ ਮਾਲਕਾਂ ਦਾ ਵੇਰਵਾ ਦੇਣ ਤੋਂ ਕੰਨੀ ਕਤਰਾ ਰਹੇ ਹਨ। ਕਿਉਂਕਿ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਕਰਨ ਵਾਲਿਆਂ ਵਿੱਚ ਹੁਕਮਰਾਨ ਪਾਰਟੀ ਦੇ ਸਮਰਥਕਾਂ ਦਾ ਨਾਂ ਵੀ ਸਾਹਮਣੇ ਆ ਚੁੱਕਾ ਹੈ।
ਪਟਵਾਰੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਮਾਈਨਿੰਗ ਇੰਸਪੈਕਟਰ ਗੁਰਜੀਤ ਸਿੰਘ ਨਾਲ ਮਿਲ ਕੇ ਪਿੰਡ ਧਰਮਗੜ੍ਹ\ਕੋਰੇਮਾਜਰਾ ਦਾ ਮੌਕਾ ਦੇਖਣ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਜ਼ਮੀਨ ਮਾਲਕਾਂ ਦੇ ਨਾਂ ਲਿਖਤੀ ਰੂਪ ਵਿੱਚ ਦੱਸੇ ਗਏ ਹਨ। ਰਿਪੋਰਟ ਮੁਤਾਬਕ ਰੈਵੇਨਿਊ ਰਿਕਾਰਡ ਵਿੱਚ ਇਕ ਜੱਜ ਦੀ ਪਤਨੀ ਸਮੇਤ ਮਲਕੀਤ ਸਿੰਘ, ਅਜੈਬ ਸਿੰਘ, ਮਹਿੰਦਰ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਮੰਜੂਬਾਲਾ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ, ਹਰਜੀਤ ਕੌਰ, ਸਾਹਿਬ ਕੌਰ ਦੇ ਨਾਂ ਬੋਲਦੀ ਹੈ। ਜਿਨ੍ਹਾਂ ਵਿੱਚ ਕਈ ਵਿਅਕਤੀ ਹਿੱਸੇਦਾਰ ਵੀ ਹਨ। ਪਟਵਾਰੀ ਨੇ ਅਗਲੀ ਕਾਰਵਾਈ ਲਈ ਆਪਣੀ ਰਿਪੋਰਟ ਨਾਲ ਉਕਤ ਜ਼ਮੀਨ ਦੀ ਨਕਲ ਜਮ੍ਹਾਬੰਦੀ ਵੀ ਦਿੱਤੀ ਹੈ।
ਇਸ ਸਬੰਧੀ ਤਹਿਸੀਲਦਾਰ ਸੁਖਪਿੰਦਰ ਕੌਰ ਨੇ ਦੱਸਿਆ ਕਿ ਮਾਲ ਵਿਭਾਗ ਨੇ ਮਾਈਨਿੰਗ ਵਿਭਾਗ ਨੂੰ ਐਸਡੀਐਮ ਰਾਹੀਂ ਆਪਣੀ ਰਿਪੋਰਟ ਦੇ ਦਿੱਤੀ ਹੈ। ਜੇਕਰ ਅਧਿਕਾਰੀਆਂ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਉਹ ਲਿਖਤੀ ਰੂਪ ਵਿੱਚ ਮੰਗ ਸਕਦੇ ਹਨ। ਉਂਜ ਵੀ ਸਮੁੱਚੇ ਜ਼ਿਲ੍ਹੇ ਦੀ ਜ਼ਮੀਨ ਦਾ ਸਾਰਾ ਡਾਟਾ ਆਨਲਾਈਨ ਉਪਲਬਧ ਹੈ, ਉੱਥੋਂ ਵੀ ਹਾਸਲ ਕੀਤਾ ਜਾ ਸਕਦਾ ਹੈ।
(ਬਾਕਸ ਆਈਟਮ)
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਅਤੇ ਮਾਈਨਿੰਗ ਵਿਭਾਗ ਦੀ ਰਿਪੋਰਟ ਮਿਲਣ ਤੋਂ ਬਾਅਦ ਸਬੰਧਤ ਜ਼ਮੀਨ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਬਣਦਾ ਜੁਰਮਾਨਾ ਵਸੂਲਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਂਜ ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਮੌਜੂਦਾ ਸਮੇਂ ਵਿੱਚ ਨਾਜਾਇਜ਼ ਮਾਈਨਿੰਗ ਦਾ ਧੰਦਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਮਾਜਰੀ ਵਿੱਚ 10 ਗੈਰ ਕਾਨੂੰਨੀ ਕਰੱਸ਼ਰ ਸੀਲ ਕੀਤੇ ਗਏ ਹਨ ਅਤੇ ਮੌਜੂਦਾ ਸਮੇਂ ਵਿੱਚ 22 ਕਰੱਸ਼ਰ ਚਲ ਰਹੇ ਹਨ।
ਡੀਸੀ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮਾਈਨਿੰਗ ਵਿਭਾਗ ਅਤੇ ਪੁਲੀਸ ਨੂੰ ਆਦੇਸ਼ ਦਿੱਤੇ ਕਿ ਕਾਨੂੰਨੀ ਤੌਰ ’ਤੇ ਚੱਲ ਰਹੇ ਕਰੱਸ਼ਰਾਂ ਵਿੱਚ ਸਟਾਕ ਦੀ ਵੀ ਜਾਂਚ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਉਨ੍ਹਾਂ ਕੋਲ ਰੇਤਾ ਜਾਂ ਹੋਰ ਸਮੱਗਰੀ ਕਿੱਥੋਂ ਆ ਰਹੀ ਹੈ। ਇਸ ਸਬੰਧੀ ਬਾਕਾਇਦਾ ਪੱਕੇ ਬਿੱਲਾਂ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ, ਉਸ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੰਚਾਇਤ ਅਤੇ ਪੰਚਾਇਤ ਸਕੱਤਰਾਂ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਜੇ ਉਨ੍ਹਾਂ ਦੀ ਅਣਗਹਿਲੀ ਸਾਹਮਣੇ ਆਈ ਤਾਂ ਉਨ੍ਹਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਸਬੰਧਤ ਇਲਾਕੇ ਦਾ ਬੀਡੀਪੀਓ ਵੀ ਜ਼ਿੰਮੇਵਾਰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…