Nabaz-e-punjab.com

ਨਾਜਾਇਜ਼ ਮਾਈਨਿੰਗ: ਰੇਤ ਮਾਫ਼ੀਆ ਵੱਲੋਂ ਅੰਗਹੀਣ ਸ਼ਿਕਾਇਤਕਰਤਾ ਦੀ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ

ਮਹੀਨਾ ਪਹਿਲਾਂ ਡੀਪੀਜੀ ਨੂੰ ਵੀ ਦਿੱਤੀ ਸੀ ਲਿਖਤੀ ਸ਼ਿਕਾਇਤ, ਪੜਤਾਲਾਂ ਵਿੱਚ ਉਲਝ ਦੇ ਰਹਿ ਗਈ ਪੀੜਤ ਦੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਭਾਵੇਂ ਮੁਹਾਲੀ ਵਿੱਚ ਨਾਜਾਇਜ਼ ਮਾਈਨਿੰਗ ਦੇ ਗੋਰਖਧੰਦੇ ਨੂੰ ਕੁਝ ਹੱਦ ਠੱਲ੍ਹ ਜ਼ਰੂਰ ਪਈ ਹੈ ਪ੍ਰੰਤੂ ਜਿੱਥੇ ਕਈ ਸ਼ਿਕਾਇਤਾਂ ਦਾ ਨਿਬੇੜਾ ਹੋਣਾ ਅਜੇ ਬਾਕੀ ਹੈ, ਉੱਥੇ ਹੁਣ ਰੇਤ ਮਾਫੀਆ ਨਾਲ ਜੁੜੇ ਲੋਕਾਂ ਨੇ ਸ਼ਿਕਾਇਤਕਰਤਾਵਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ।
ਅਜਿਹਾ ਹੀ ਇਕ ਤਾਜ਼ਾ ਮਾਮਲਾ ਪਿੰਡ ਬਹਾਲਪੁਰ ਵਿੱਚ ਸਾਹਮਣੇ ਆਇਆ ਹੈ। ਖੇਤਾਂ ’ਚੋਂ ਗੈਰਕਾਨੂੰਨੀ ਮਿੱਟੀ ਅਤੇ ਰੇਤ ਚੁੱਕਣ ਵਾਲੇ ਇਕ ਵਿਅਕਤੀ ਨੇ ਅੱਜ ਸਵੇਰੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਇਨਸਾਫ਼ ਪ੍ਰਾਪਤੀ ਲਈ ਡੀਜੀਪੀ ਦਾ ਬੂਹਾ ਖੜਕਾਉਣ ਵਾਲੇ ਅੰਗਹੀਣ\ਨੇਤਰਹੀਣ ਸੁਖਵਿੰਦਰ ਸਿੰਘ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਸ਼ਿਕਾਇਤਾਂ ਕਰਨ ਤੋਂ ਬਾਜ ਨਹੀਂ ਆਇਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਸ ਸਬੰਧੀ ਪੀੜਤ ਨੇ ਤੁਰੰਤ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਫੋਨ ’ਤੇ ਗੱਲ ਕਰਕੇ ਆਪਬੀਤੀ ਦੱਸੀ ਅਤੇ ਉਸ ਦੀ ਕੁੱਟਮਾਰ ਕਰਨ ਵਾਲੇ ਰੇਤ ਮਾਫੀਆ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਪੀੜਤ ਨੇਤਰਹੀਣ ਨੇ 181 ਹੈਲਪਲਾਈਨ ਨੰਬਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਹੀਨਾ ਕੁ ਪਹਿਲਾਂ ਉਸ ਨੇ ਡੀਜੀਪੀ ਨੂੰ ਦਿੱਤੀ ਹੱਥ ਲਿਖਤ ਸ਼ਿਕਾਇਤ ਵਿੱਚ ਸਥਾਨਕ ਪੁਲੀਸ ’ਤੇ ਦੋਸ਼ ਲਾਇਆ ਸੀ ਕਿ ਨਾਜਾਇਜ਼ ਮਾਈਨਿੰਗ ਸਬੰਧੀ ਉਸ ਨੇ 30 ਅਪਰੈਲ ਨੂੰ ਥਾਣੇ ਵਿੱਚ ਲਿਖਤੀ ਰਿਪੋਰਟ ਦਿੱਤੀ ਸੀ ਲੇਕਿਨ ਹੁਣ ਤੱਕ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਗੈਰ ਕਾਨੂੰਨੀ ਖਣਨ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਜ਼ਬਰਦਸਤੀ ਉਸ ਦੇ ਖੇਤਾਂ ਅਤੇ ਨੇੜਲੀ ਜ਼ਮੀਨ ’ਚੋਂ ਮਿੱਟੀ ਅਤੇ ਰੇਤਾ ਚੁੱਕਾ ਰਹੇ ਹਨ। ਜਿਸ ਕਾਰਨ ਉਸ ਦੀ ਉਪਜਾਊ ਜ਼ਮੀਨ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਡੀਜੀਪੀ ਨੂੰ ਲਿਖੀ ਸ਼ਿਕਾਇਤ ਵਿੱਚ ਆਪਣੀ ਜਾਨ ਨੂੰ ਖ਼ਤਰਾ ਵੀ ਦੱਸਿਆ ਸੀ ਲੇਕਿਨ ਪੁਲੀਸ ਨੇ ਉਸ ਦੀ ਸ਼ਿਕਾਇਤ ਨੂੰ ਗੰਭੀਰਤਾ ਨਹੀਂ ਲਿਆ। ਜਿਸ ਕਾਰਨ ਪੀੜਤ ਨੇਤਰਹੀਣ ਦੀ ਸ਼ਿਕਾਇਤ ਪੜਤਾਲਾਂ ਵਿੱਚ ਉਲਝ ਕੇ ਰਹਿ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ।
(ਬਾਕਸ ਆਈਟਮ)
ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਅਤੇ ਤੁਰੰਤ ਐਕਸ਼ਨ ਲੈਣ ਲਈ ਪੁਲੀਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੀੜਤ ਨੇਤਰਹੀਣ ਦੀ ਪਹਿਲੀ ਸ਼ਿਕਾਇਤ ਵਿਚਾਰ ਅਧੀਨ ਹੈ। ਜਾਂਚ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…