Nabaz-e-punjab.com

ਨਾਜਾਇਜ਼ ਮਾਈਨਿੰਗ: ਪੰਜਾਬ ਸਰਕਾਰ ਦੇ ਇਕ ਮੌਜੂਦਾ ਤੇ ਇਕ ਸਾਬਕਾ ਮੰਤਰੀ ’ਤੇ ਲੱਗੇ ਗੰਭੀਰ ਦੋਸ਼

ਜ਼ਿਲ੍ਹਾ ਮੁਹਾਲੀ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਧੜੱਲੇ ਨਾਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ: ਆਪ ਆਗੂ

ਆਪ ਆਗੂ ਜਗਦੇਵ ਸਿੰਘ ਤੇ ਕਈ ਪਿੰਡਾਂ ਦੇ ਲੋਕਾਂ ਨੇ ਡੀਸੀ ਮੁਹਾਲੀ ਨੂੰ ਦਿੱਤੀ ਲਿਖਤੀ ਸ਼ਿਕਾਇਤ, ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਨੂੰ ਛਿੱਕੇ ’ਤੇ ਟੰਗ ਕੇ ਸ਼ਰ੍ਹੇਆਮ ਕਥਿਤ ਗ਼ੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਲਗਾਤਾਰ ਵਧ ਫੁੱਲ ਰਿਹਾ ਹੈ। ਮਾਈਨਿੰਗ ਵਿਭਾਗ, ਪੁਲੀਸ ਅਤੇ ਗਮਾਡਾ ਨੇ ਅੱਖਾਂ ਮੀਚ ਲਈਆਂ ਹਨ। ਮੀਡੀਆ ਵੱਲੋਂ ਉਜਾਗਰ ਕੀਤੇ ਮਾਮਲਿਆਂ ਅਤੇ ਲੋਕਾਂ ਵੱਲੋਂ ਸ਼ਿਕਾਇਤ ਦੇਣ ਅਤੇ ਅਧਿਕਾਰੀਆਂ ਨੂੰ ਮੌਕਾ ਦਿਖਾਉਣ ਦੇ ਬਾਵਜੂਦ ਸਬੰਧਤ ਵਿਅਕਤੀਆਂ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸਰਕਾਰੀ ਧਿਰ ਦਾ ਕਹਿਣਾ ਹੈ ਕਿ ਜ਼ਮੀਨ ਨੂੰ ਪੱਧਰਾ ਕਰਨ ਲਈ ਖੇਤਾਂ ’ਚੋਂ ਮਿੱਟੀ ਚੁੱਕਣ ਦੇ ਕੰਮ ਨੂੰ ਨਾਜਾਇਜ਼ ਮਾਈਨਿੰਗ ਕਿਹਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ (ਆਪ) ਜ਼ਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਜਗਦੇਵ ਸਿੰਘ ਦੀ ਅਗਵਾਈ ਹੇਠ ਕਈ ਪਿੰਡਾਂ ਦੇ ਵਸਨੀਕਾਂ ਨੇ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਬਲਾਕ ਮਾਜਰੀ ਦੇ ਕਈ ਪਿੰਡਾਂ ਵਿੱਚ ਸ਼ਰ੍ਹੇਆਮ ਨਾਜਾਇਜ਼ ਮਾਈਨਿੰਗ ਕਰਨ ਦਾ ਦੋਸ਼ ਲਾਇਆ ਹੈ। ਆਪ ਆਗੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਇਕ ਕੈਬਨਿਟ ਮੰਤਰੀ ਅਤੇ ਇਕ ਸਾਬਕਾ ਮੰਤਰੀ ਦੇ ਬੰਦੇ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਜੇਕਰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਜਿਸ ਕਾਰਨ ਮਾਈਨਿੰਗ ਵਿਭਾਗ ਅਤੇ ਪੁਲੀਸ ਨੇ ਕਾਰਵਾਈ ਤੋਂ ਪੱਲਾ ਝਾੜ ਲਿਆ ਹੈ।
ਆਪ ਆਗੂ ਜਗਦੇਵ ਸਿੰਘ ਅਤੇ ਰਾਮ ਸਿੰਘ, ਭਾਗ ਸਿੰਘ, ਸੁਦਾਗਰ ਸਿੰਘ, ਜਰਨੈਲ ਸਿੰਘ, ਪ੍ਰੀਤਮ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਮਾਜਰੀ ਬਲਾਕ ਦੇ ਪਿੰਡ ਮੀਆਪੁਰ-ਚੰਗਰ, ਖਿਜ਼ਰਾਬਾਦ, ਅਭੀਪੁਰ, ਤਾਰਾਪੁਰ, ਲੁਬਾਣਗੜ੍ਹ, ਸੈਣੀਮਾਜਰਾ, ਕੁੱਬਾਹੇੜੀ, ਗੋਚਰ, ਕੰਸਾਲਾ, ਬਹਾਲਪੁਰ ਟੱਪਰੀਆ, ਤਿਊੜ, ਸਮੇਤ ਕਈ ਹੋਰਨਾਂ ਪਿੰਡਾਂ ਵਿੱਚ ਸੱਤਾਧਾਰੀ ਧਿਰ ਦੀ ਸਹਿ ਨਾਲ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਤਤਕਾਲੀ ਡੀਸੀ ਨੇ ਵੀ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕਾ ਦੇਖਿਆ ਸੀ ਪ੍ਰੰਤੂ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਕੁਝ ਦਿਨ ਪਹਿਲਾਂ ਦਿੱਲੀ ਤੋਂ ਐਨਜੀਟੀ ਦੀ ਟੀਮ ਨੇ ਪਿੰਡ ਅਭੀਪੁਰ ਦਾ ਦੌਰਾ ਕਰਕੇ ਨਾਜਾਇਜ਼ ਮਾਈਨਿੰਗ ਦਾ ਜਾਇਜ਼ਾ ਲਿਆ ਸੀ ਅਤੇ ਟੀਮ ਦੇ ਚਲੇ ਜਾਣ ਪਿੱਛੋਂ ਰੇਤ ਮਾਫ਼ੀਆ ਨਾਲ ਜੁੜੇ ਲੋਕਾਂ ਨੇ ਸ਼ਿਕਾਇਤ ਕਰਤਾ ਭਾਗ ਸਿੰਘ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਲੇਕਿਨ ਹਮਲਾਵਰ ਸਿਆਸੀ ਸਰੂਖ ਵਾਲੇ ਹੋਣ ਕਰਕੇ ਪੁਲੀਸ ਨੇ ਹੁਣ ਤੱਕ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਆਪ ਵਾਲੰਟੀਅਰਾਂ ਵੱਲੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ।
(ਬਾਕਸ ਆਈਟਮ)
ਪਿੰਡ ਧਰਮਗੜ੍ਹ ਦੇ ਮਨਜੀਤ ਸਿੰਘ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ, ਐਚਐਸ ਗਰੇਵਾਲ, ਗਿਆਨ ਸਿੰਘ, ਕਾਕਾ ਸਿੰਘ, ਦਰਸ਼ਨ ਸਿੰਘ, ਜਸਪਾਲ ਸਿੰਘ, ਬਲਕਾਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਕੌਰ, ਦਰਸ਼ਨ ਕੌਰ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਪਿੰਡ ਧਰਮਗੜ੍ਹ (ਨੇੜੇ ਫੇਜ਼-11) ਦੇ ਖੇਤਾਂ ਦੇ ਨਾਲ ਪਿੰਡ ਕੋਰੋਮਾਜਰਾ ਦੀ ਜ਼ਮੀਨ ਲੱਗਦੀ ਹੈ। ਇਸ ਜ਼ਮੀਨ ਵਿੱਚ ਕੁਝ ਸਮੇਂ ਤੋਂ ਨਾਜਾਇਜ਼ ਮਾਈਨਿੰਗ ਲਗਾਤਾਰ ਜਾਰੀ ਹੈ। ਜਿਸ ਕਾਰਨ ਉਨ੍ਹਾਂ ਦੇ ਖੇਤਾਂ ਦੀ ਜ਼ਮੀਨ ਵਿੱਚ ਖਾਰ ਪੈਣੀ ਸ਼ੁਰੂ ਹੋ ਗਈ ਹੈ ਅਤੇ ਹਰੇ ਭਰੇ ਰੁੱਖ ਡਿੱਗਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਖੇਤਾਂ ਨੂੰ ਜਾਂਦੀ ਕੱਚੀ ਪਹੀ ਵੀ ਭਾਰੀ ਵਾਹਨ ਲੰਘਣ ਨਾਲ ਤਹਿਸ ਨਹਿਸ ਹੋ ਗਈ ਹੈ। ਇਸ ਸਬੰਧੀ ਮੀਡੀਆਂ ਵਿੱਚ ਵੀ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਹਨ ਅਤੇ ਮਾਈਨਿੰਗ ਅਫ਼ਸਰ ਅਤੇ ਪੁਲੀਸ ਵੀ ਮੌਕਾ ਦੇਖ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਤੁਰੰਤ ਰੋਕੀ ਜਾਵੇ।
(ਬਾਕਸ ਆਈਟਮ)
ਪਿੰਡ ਧਰਮਗੜ੍ਹ ਵਾਸੀਆਂ ਨੇ ਦੋਸ਼ ਲਾਇਆ ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਨੌਕਰਾਂ ਦੇ ਰਹਿਣ ਜਾਂ ਪਸ਼ੂਆਂ ਲਈ ਕੋਈ ਕੋਠਾ ਬਣਾਉਣ ਲੱਗਦੇ ਹਨ ਤਾਂ ਗਮਾਡਾ ਦੀ ਟੀਮ ਮੌਕੇ ’ਤੇ ਪਹੁੰਚ ਕੇ ਕੰਮ ਰੋਕ ਦਿੰਦੀ ਹੈ ਅਤੇ ਜੇ ਉਸਾਰੀ ਕੀਤੀ ਹੋਵੇ ਤਾਂ ਉਸ ਨੂੰ ਢਾਹ ਦਿੱਤਾ ਜਾਂਦਾ ਹੈ, ਪ੍ਰੰਤੂ ਹੁਣ ਸ਼ਰ੍ਹੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ 20 ਤੋਂ 25 ਫੁੱਟ ਡੂੰਘੇ ਖੱਡੇ ਪੈ ਚੁੱਕੇ ਹਨ ਲੇਕਿਨ ਹੁਣ ਗਮਾਡਾ ਨੂੰ ਇਹ ਕੰਮ ਨਜ਼ਰ ਨਹੀਂ ਆ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਗਮਾਡਾ ਦੀ ਸ਼ੱਕੀ ਭੂਮਿਕਾ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …