
ਗੈਰ ਕਾਨੂੰਨੀ ਮਾਈਨਿੰਗ: ਚਲਾਨ ਵਿੱਚ ਦੇਰੀ ਲਈ ਐਸਐਚਓ ਹੋਵੇਗਾ ਜ਼ਿੰਮੇਵਾਰ: ਡੀਸੀ ਆਸ਼ਿਕਾ ਜੈਨ
ਮੁਹਾਲੀ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਹੁਕਮ
ਹੁਣ ਤੱਕ 23 ਕੇਸ ਦਰਜ, 20 ਗੱਡੀਆਂ ਕੀਤੀਆਂ ਜ਼ਬਤ, 27.50 ਲੱਖ ਜੁਰਮਾਨੇ ਦੀ ਵਸੂਲੀ ਕੀਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਪੱਸ਼ਟ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਕਿ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਪੁਲੀਸ ਨੂੰ ਸਖ਼ਤ ਹਦਾਇਤ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਸਮੇਂ ਸਿਰ ਚਲਾਨ ਪੇਸ਼ ਕੀਤਾ ਜਾਵੇ ਅਤੇ ਚਲਾਨ ਪੇਸ਼ ਕਰਨ ਵਿੱਚ ਦੇਰੀ ਲਈ ਸਬੰਧਤ ਥਾਣੇ ਦਾ ਐਸਐਚਓ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਦੌਰਾਨ ਡੀਸੀ ਆਸ਼ਿਕਾ ਜੈਨ ਨੇ ਮਾਈਨਿੰਗ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ। ਮਾਈਨਿੰਗ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਸਮੁੱਚੇ ਜ਼ਿਲ੍ਹੇ ਅੰਦਰ ਨਾਜਾਇਜ਼ ਮਾਈਨਿੰਗ ਅਤੇ ਮਾਈਨਰ ਮਿਨਰਲਜ਼ ਦੀ ਨਾਜਾਇਜ਼ ਮਾਈਨਿੰਗ ਦੀ ਢੋਅ-ਢੁਆਈ ਨੂੰ ਰੋਕਣ ਲਈ ਵੱਖ-ਵੱਖ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਹੁਣ ਤੱਕ 23 ਪੁਲੀਸ ਕੇਸ ਦਰਜ ਕੀਤੇ ਗਏ ਹਨ। ਜਿਸ ਤਹਿਤ 11 ਟਿੱਪਰ, 4 ਟਰੈਕਟ-ਟਰਾਲੀਆਂ, 4 ਪੋਕਲੈਨ ਮਸ਼ੀਨਾਂ, 1 ਜੇਸੀਬੀ ਮਸ਼ੀਨਾਂ ਵੱਖ-ਵੱਖ ਥਾਣਿਆਂ ਵਿੱਚ ਜ਼ਬਤ ਕੀਤੀਆਂ ਗਈਆਂ ਹਨ।
ਮਾਈਨਿੰਗ ਵਿਭਾਗ ਦੇ ਐਕਸੀਅਨ ਸਰਬਜੀਤ ਸਿੰਘ ਨੇ ਦੱਸਿਆ ਕਿ ਨਾਜਾਇਜ਼ ਢੋਆ-ਢੁਆਈ ਕਰ ਰਹੇ ਟਿੱਪਰ/ਟਰੈਕਟਰ/ਟਰਾਲੀਆਂ ਤੋਂ 27.50 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਜੋ ਲੋਕ 2 ਏਕੜ ਵਿੱਚ 3 ਫੁੱਟ ਦੀ ਪ੍ਰਵਾਨਗੀ ਲੈਣ ਉਪਰੰਤ 6-7 ਫੁੱਟ ਤੱਕ ਮਿੱਟੀ ਦੀ ਪੁਟਾਈ ਕਰਕੇ ਨਾਜਾਇਜ਼ ਮਾਈਨਿੰਗ ਕਰਦੇ ਪਾਏ ਗਏ ਹਨ, ਉਨ੍ਹਾਂ ਖ਼ਿਲਾਫ਼ ਵੀ ਕੇਸ ਦਰਜ ਕਰਕੇ ਰਿਕਵਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਅਧੀਨ ਚਲ ਰਹੇ ਸਟੋਨ ਕਰੈਸ਼ਰਾਂ/ਸਕਰੀਨਿੰਗ ਪਲਾਂਟਾਂ ਅਤੇ ਦੂਜੇ ਸੂਬਿਆਂ ਤੋਂ ਨਾਜਾਇਜ਼ ਮਾਈਨਿੰਗ ਕਰਕੇ ਲਿਆਉਣ ਵਾਲੇ ਵਾਹਨਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਮੁਹਾਲੀ ਨਾਲ ਲਗਦੇ ਸੂਬਿਆਂ ਦੇ ਇੰਟਰਸਟੇਟ ਬਾਰਡਰਾਂ ’ਤੇ 3 ਚੈੱਕ ਪੋਸਟਾਂ ਦੀ ਵਿਵਸਥਾ ਕੀਤੀ ਗਈ ਹੈ। ਜਿਨ੍ਹਾਂ ਰਾਹੀਂ ਲਗਪਗ 4 ਕਰੋੜ ਰੈਵੀਨਿਊ ਇਕੱਠਾ ਕੀਤਾ ਜਾ ਚੁੱਕਾ ਹੈ।
ਮੀਟਿੰਗ ਵਿੱਚ ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ, ਐਸਡੀਐਮ ਸਰਬਜੀਤ ਕੌਰ, ਐਸਡੀਐਮ ਖਰੜ ਰਵਿੰਦਰ ਸਿੰਘ ਅਤੇ ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਅਤੇ ਡੀਆਰਓ ਜਸਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਜ਼ਿਲ੍ਹਾ ਮੁਹਾਲੀ ਦੇ ਅਧਿਕਾਰਤ ਖੇਤਰ ਅਧੀਨ ਮਾਈਨਿੰਗ ਦੇ ਕੰਮਾਂ ਲਈ ਵਰਤੇ ਜਾ ਰਹੇ ਵਾਹਨਾਂ ਨੂੰ ਰਜਿਸਟਰਡ ਕੀਤਾ ਜਾ ਰਿਹਾ ਹੈ। ਜਿਨ੍ਹਾਂ ’ਚੋਂ ਲਗਪਗ 550-600 ਟਿੱਪਰ/ਟਰੈਕਟਰ ਆਦਿ ਰਜਿਸਟਰਡ ਕੀਤੇ ਜਾ ਚੁੱਕੇ ਹਨ ਅਤੇ ਲਗਭਗ 70/75 ਪੋਕਲੈਨ ਮਸ਼ੀਨਾਂ/ਜੇਸੀਬੀ ਮਸ਼ੀਨਾਂ ਰਜਿਸਟਰਡ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਗੱਡੀਆਂ ਦੀ ਰਜਿਸਟਰੇਸ਼ਨ ਤੋਂ ਪ੍ਰਾਪਤ ਰਾਸ਼ੀ ਖਜ਼ਾਨੇ ਵਿੱਚ ਜਮਾਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੁਹਾਲੀ ਵਿੱਚ ਰੇਤੇ ਤੇ ਬਜਰੀ ਦੀ ਨਾਜਾਇਜ਼ ਢੋਅ-ਢੁਆਈ ਨੂੰ ਠੱਲ੍ਹ ਪਾਉਣ ਲਈ 74 ਡੀਲਰ/ਸਪਲਾਈਰ-ਸਟਾਕ ਯਾਰਡ ਪੰਜਾਬ ਸਰਕਾਰ ਦੀ ਸਾਈਟ ’ਤੇ ਰਜਿਸਟਰਡ ਕੀਤੇ ਜਾ ਚੁੱਕੇ ਹਨ।