Nabaz-e-punjab.com

ਨਾਜਾਇਜ਼ ਮਾਈਨਿੰਗ: ਮਾਜਰੀ ਬਲਾਕ ਦੇ ਪਿੰਡਾਂ ਦੇ ਲੋਕਾਂ ਨੇ ਨਵੇਂ ਸਿਰਿਓਂ ਦਿੱਤੀ ਡੀਸੀ ਦਫ਼ਤਰ ਵਿੱਚ ਸ਼ਿਕਾਇਤ

ਮਾਜਰੀ ਦੇ ਥਾਣਾ ਮੁਖੀ ਦੀ ਤੁਰੰਤ ਬਦਲੀ ਕਰਨ ਦੀ ਮੰਗ, ਡੀਐਸਪੀ ’ਤੇ ਸਮਝੌਤੇ ਲਈ ਦਬਾਅ ਪਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਕੁਝ ਦਿਨ ਸ਼ਾਂਤ ਰਹਿਣ ਮਗਰੋਂ ਨੇੜਲੇ ਪਿੰਡਾਂ ਵਿੱਚ ਹੁਣ ਦੁਬਾਰਾ ਨਾਜਾਇਜ਼ ਮਾਈਨਿੰਗ ਦਾ ਧੰਦਾ ਸ਼ੁਰੂ ਹੋ ਗਿਆ ਹੈ। ਕਈ ਪਿੰਡਾਂ ਦੇ ਲੋਕਾਂ ਨੇ ਅੱਜ ਫਿਰ ਤੋਂ ਮੁਹਾਲੀ ਵਿੱਚ ਪਹੁੰਚ ਕੇ ਡੀਸੀ ਦਫ਼ਤਰ ਦਾ ਬੂਹਾ ਖੜਕਾਇਆ ਅਤੇ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪਿੰਡ ਅਭੀਪੁਰ, ਕੁੱਬਾਹੇੜੀ, ਮੀਆਂਪੁਰ ਚੰਗਰ ਅਤੇ ਹੋਰਨਾਂ ਪਿੰਡਾਂ ਦੇ ਵਸਨੀਕ ਅੱਜ ਆਪਣੀ ਸ਼ਿਕਾਇਤ ਲੈ ਕੇ ਡੀਸੀ ਦਫ਼ਤਰ ਵਿੱਚ ਪਹੁੰਚੇ ਅਤੇ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਨੂੰ ਸ਼ਿਕਾਇਤ ਦਿੱਤੀ।
ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਸੋਢੀ ਸਿੰਘ ਵਾਸੀ ਪਿੰਡ ਕੁੱਬਾਹੇੜੀ, ਰਾਮ ਸਿੰਘ ਵਾਸੀ ਪਿੰਡ ਅਭੀਪੁਰ, ਭਾਗ ਸਿੰਘ, ਰਣਜੋਧ ਸਿੰਘ, ਸੁਦਾਗਰ ਸਿੰਘ, ਜਰਨੈਲ ਸਿੰਘ, ਸੋਹਨ ਸਿੰਘ, ਉਪਕਾਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਸਖ਼ਤੀ ਕਾਰਨ ਨਾਲ ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪੈ ਗਈ ਸੀ ਪ੍ਰੰਤੂ ਹੁਣ ਰਾਤ ਨੂੰ ਫਿਰ ਤੋਂ ਨਾਜਾਇਜ਼ ਮਾਈਨਿੰਗ ਸ਼ੁਰੂ ਹੋ ਗਈ ਹੈ। ਉਨ੍ਹਾਂ ਅਧਿਕਾਰੀ ਨੂੰ ਦੱਸਿਆ ਕਿ ਇਹ ਕੰਮ ਪੁਲੀਸ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਬੀਤੀ 11 ਅਕਤੂਬਰ ਨੂੰ ਵੀ ਅਭੀਪੁਰ ਵਿੱਚ ਨਾਜਾਇਜ਼ ਮਾਈਨਿੰਗ ਦੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਬਾਰੇ ਡੀਸੀ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਡੀਸੀ ਨੇ ਮਾਈਨਿੰਗ ਵਿਭਾਗ, ਜੰਗਲਾਤ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ, ਪੰਚਾਇਤ ਵਿਭਾਗ ਅਤੇ ਪੁਲੀਸ ਦੀ ਇਕ ਸਾਂਝੀ ਟੀਮ ਦਾ ਗਠਨ ਕਰਕੇ ਜਾਂਚ ਦੇ ਆਦੇਸ਼ ਦਿੱਤੇ ਸੀ ਲੇਕਿਨ ਰੇਤ ਮਾਫ਼ੀਆ ਨੂੰ ਕਾਰਵਾਈ ਦੀ ਭਿਣਕ ਪੈਣ ਕਾਰਨ ਉਹ ਟੀਮ ਪਹੁੰਚਣ ਤੋਂ ਪਹਿਲਾਂ ਖਿਸਕ ਗਏ।
ਪਿੰਡ ਵਾਸੀਆਂ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਸਾਢੇ 8 ਵਜੇ ਰੇਤ ਮਾਫ਼ੀਆ ਨਾਲ ਜੁੜੇ ਵਿਅਕਤੀਆਂ ਨੇ ਰਾਮ ਸਿੰਘ ਅਤੇ ਰਣਜੋਧ ਸਿੰਘ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਨਾਲ ਹੱਥੋਪਾਈ ਕੀਤੀ। ਉਨ੍ਹਾਂ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ ਅਤੇ ਪੁਲੀਸ ਕਰਮਚਾਰੀਆਂ ਦੇ ਮੌਕੇ ’ਤੇ ਪਹੁੰਚਣ ਕਾਰਨ ਉਨ੍ਹਾਂ ਦੀ ਜਾਨ ਬਚ ਸਕੀ। ਉਂਜ ਨਾਲ ਹੀ ਲੋਕਾਂ ਨੇ ਦੋਸ਼ ਲਾਇਆ ਕਿ ਇਹ ਕੰਮ ਪੁਲੀਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਮਾਜਰੀ ਦੇ ਥਾਣਾ ਮੁਖੀ ਦੀ ਤੁਰੰਤ ਬਦਲੀ ਕਰਨ ਦੀ ਮੰਗ ਕਰਦਿਆਂ ਡੀਐਸਪੀ ’ਤੇ ਸਮਝੌਤੇ ਲਈ ਦਬਾਅ ਪਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਨਾਜਾਇਜ਼ ਮਾਈਨਿੰਗ ਪੁਰੀ ਤਰ੍ਹਾਂ ਬੰਦ ਨਹੀਂ ਹੁੰਦੀ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਨ੍ਹਾਂ ਦਾ ਸ਼ਾਂਤਮਈ ਧਰਨਾ ਜਾਰੀ ਰਹੇਗਾ।
(ਬਾਕਸ ਆਈਟਮ)
ਮੁਹਾਲੀ ਦੇ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਨੇ ਨਾਜਾਇਜ਼ ਮਾਈਨਿੰਗ ਬਾਰੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਐਸਡੀਐਮ ਤੋਂ ਵੀ ਰਿਪੋਰਟ ਤਲਬ ਕੀਤੀ ਹੈ। ਪੁਲੀਸ ’ਤੇ ਮਿਲੀਭੁਗਤ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਗਏ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
(ਬਾਕਸ ਆਈਟਮ)
ਡੀਐਸਪੀ ਗੁਰਵਿੰਦਰ ਸਿੰਘ ਨੇ ਸਮਝੌਤੇ ਲਈ ਦਬਾਅ ਪਾਉਣ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਇਹ ਪਿੰਡਾਂ ਵਾਲਿਆਂ ਦੀ ਆਪਸੀ ਰੰਜ਼ਸ਼ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਸੜਕ ’ਤੇ ਦਰੱਖ਼ਤ ਸੁੱਟ ਕੇ ਮੰਜਿਆਂ ’ਤੇ ਬੈਠ ਜਾਂਦੇ ਹਨ। ਇਸ ਨਾਲ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਪਿੰਡਾਂ ਦੇ ਆਮ ਲੋਕ ਅੌਖੇ ਹਨ। ਬੀਤੀ ਰਾਤ ਵੀ ਇਸੇ ਗੱਲ ਨੂੰ ਲੈ ਕੇ ਝਗੜਾ ਹੋਣ ਬਾਰੇ ਪਤਾ ਲੱਗਾ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
(ਬਾਕਸ ਆਈਟਮ)
ਮਾਜਰੀ ਦੇ ਐਸਐਚਓ ਜਗਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਰੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਪੁਰੀ ਤਰ੍ਹਾਂ ਬੰਦ ਹੈ। ਬੀਤੀ ਰਾਤ ਹੋਏ ਝਗੜੇ ਬਾਰੇ ਦੋਵਾਂ ਧਿਰਾਂ ਨੂੰ ਅੱਜ ਸਵੇਰੇ 10 ਵਜੇ ਥਾਣੇ ਸੱਦਿਆ ਗਿਆ ਸੀ ਲੇਕਿਨ ਸ਼ਿਕਾਇਤਕਰਤਾ ਪੁਲੀਸ ਕੋਲ ਆਉਣ ਦੀ ਬਜਾਏ ਡੀਸੀ ਦਫ਼ਤਰ ਪਹੁੰਚ ਗਏ। ਥਾਣਾ ਮੁਖੀ ਨੇ ਰੇਤ ਮਾਫ਼ੀਆ ਨਾਲ ਮਿਲੀਭੁਗਤ ਹੋਣ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਇਨ੍ਹਾਂ ਦੋਸ਼ਾਂ ਵਿੱਚ ਕੋਈ ਸਚਾਈ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …