Nabaz-e-punjab.com

ਨਾਜਾਇਜ਼ ਕਬਜ਼ੇ: ਵਿਰੋਧ ਪ੍ਰਦਰਸ਼ਨ ਦੀ ਧਮਕੀ ਤੋਂ ਘਬਰਾਈ ਪੁਲੀਸ ਨੇ ਬਲਵਿੰਦਰ ਕੁੰਭੜਾ ਨੂੰ ਫੜ ਕੇ ਥਾਣੇ ਡੱਕਿਆ

ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਡੀਸੀ ਨੂੰ ਮਿਲਿਆ ਸੀ ਸ਼ਿਕਾਇਤਕਰਤਾਵਾਂ ਦਾ ਵਫ਼ਦ, ਨਹੀਂ ਹੋਈ ਕਾਰਵਾਈ

ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੇ ਪੀੜਤ ਲੋਕਾਂ ਵੱਲੋਂ 15 ਅਗਸਤ ਨੂੰ ਕਾਲੇ ਝੰਡੇ ਦਿਖਾਉਣ ਦਾ ਕੀਤਾ ਸੀ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਮੁਹਾਲੀ ਨਗਰ ਨਿਗਮ ਆਉਂਦੇ ਪਿੰਡ ਕੁੰਭੜਾ ਸਮੇਤ ਸਮੇਤ ਪਿੰਡ ਧਰਮਗੜ੍ਹ, ਪਿੰਡ ਮੱਕੜਿਆਂ, ਪਿੰਡ ਜੌਲੀ, ਪਿੰਡ ਧੜਾਕ, ਮਾਣਕਪੁਰ ਕੱਲਰ ਸਮੇਤ ਹੋਰਨਾਂ ਵੱਖ ਵੱਖ ਥਾਵਾਂ ’ਤੇ ਸ਼ਾਮਲਾਤ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਛੁਡਾਉਣ ਲਈ ਮੁਹਾਲੀ ਪ੍ਰਸ਼ਾਸਨ ਅਤੇ ਪੰਚਾਇਤ ਵਿਭਾਗੀ ਦੀ ਢਿੱਲ ਮੱਠ ਕਾਰਨ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਡੈਮੋਕ੍ਰੇਟਿਕ ਸਵਰਾਜ ਪਾਰਟੀ ਪੰਜਾਬ ਅਤੇ ਪੰਚਾਇਤ ਯੂਨੀਅਨ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਵਿਰੋਧ ਪ੍ਰਦਰਸ਼ਨ ਕਰਨ ਅਤੇ ਮੁੱਖ ਮਹਿਮਾਨ ਨੂੰ ਕਾਲੇ ਝੰਡੇ ਦਿਖਾਉਣ ਦੀ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਨੇ 15 ਅਗਸਤ ਨੂੰ ਸਵੇਰੇ ਤੜਕੇ ਸਾਢੇ 4 ਵਜੇ ਬਲਵਿੰਦਰ ਸਿੰਘ ਕੁੰਭੜਾ ਨੂੰ ਸੁੱਤੇ ਪਏ ਨੂੰ ਘਰੋਂ ਚੁੱਕ ਕੇ ਥਾਣੇ ਵਿੱਚ ਬੰਦ ਕਰ ਦਿੱਤਾ।
ਸੂਚਨਾ ਮਿਲਦੇ ਹੀ ਉਕਤ ਸੰਸਥਾਵਾਂ ਦੇ ਆਗੂ ਤੇ ਮੈਂਬਰ ਅਤੇ ਪੀੜਤ ਲੋਕ ਥਾਣੇ ਪਹੁੰਚ ਗਏ ਅਤੇ ਸ੍ਰੀ ਕੁੰਭੜਾ ਵਿੱਚ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਸੰਘਰਸ਼ਸ਼ੀਲ ਆਗੂ ਨੂੰ ਸੁੱਤੇ ਪਏ ਨੂੰ ਘਰੋਂ ਚੁੱਕ ਕੇ ਥਾਣੇ ਵਿੱਚ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਧੱਕੇਸ਼ਾਹੀ ਕਰਕੇ ਪੁਲੀਸ ਪੀੜਤ ਲੋਕਾਂ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ 15 ਅਗਸਤ ਨੂੰ ਉਹ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਕਿ ਤੜਕੇ ਸਵੇਰੇ ਪੁਲੀਸ ਨੇ ਬੂਹਾ ਖੜਕਾਇਆ। ਉਨ੍ਹਾਂ ਉੱਠ ਕੇ ਦੇਖਿਆ ਕਿ ਘਰ ਦੇ ਬਾਹਰ ਅਤੇ ਆਲੇ ਦੁਆਲੇ ਥਾਣਾ ਮੁਖੀ ਸਮੇਤ ਕਰੀਬ ਡੇਢ ਦਰਜਨ ਪੁਲੀਸ ਕਰਮਚਾਰੀ ਘੇਰਾ ਪਾਈ ਖੜੇ ਸੀ। ਪੁਲੀਸ ਉਸ ਨੂੰ ਆਪਣੇ ਥਾਣੇ ਲੈ ਗਈ ਜਦੋਂਕਿ ਸ੍ਰੀ ਕੁੰਭੜਾ ਨੇ ਪੁਲੀਸ ਨੂੰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦਾ ਕਾਰਨ ਪੁੱਛਿਆ ਤਾਂ ਥਾਣਾ ਮੁਖੀ ਦਾ ਕਹਿਣਾ ਸੀ ਕਿ ਸਾਨੂੰ ਉੱਚ ਅਧਿਕਾਰੀਆਂ ਦਾ ਹੁਕਮ ਹੈ ਕਿ ਕੁੰਭੜਾ ਨੂੰ ਫੜ ਕੇ ਥਾਣੇ ਬੰਦ ਕੀਤਾ ਜਾਵੇ। ਸ੍ਰੀ ਕੁੰਭੜਾ ਨੇ ਦੱਸਿਆ ਕਿ ਹਿਰਾਸਤ ਵਿੱਚ ਲੈਣ ਸਮੇਂ ਪੁਲੀਸ ਨੇ ਉਨ੍ਹਾਂ ਨੂੰ ਤਿਰੰਗਾ ਲਹਿਰਾਉਣ ਤੋਂ ਬਾਅਦ 10 ਵਜੇ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਜਦੋਂ ਪਰਿਵਾਰ ਦੇ ਜੀਅ ਉਨ੍ਹਾਂ ਨੂੰ ਲੈਣ ਥਾਣੇ ਪਹੁੰਚੇ ਤਾਂ ਪੁਲੀਸ ਆਪਣੇ ਵਾਅਦੇ ਤੋਂ ਮੁਕਰ ਗਈ ਅਤੇ ਉਨ੍ਹਾਂ ਨੂੰ ਆਪਣੀ ਜ਼ਮਾਨਤ ਕਰਵਾਉਣ ਲਈ ਦਬਾਅ ਪਾਇਆ ਗਿਆ। ਜਿਸ ਦਾ ਪੀੜਤ ਪਰਿਵਾਰ ਅਤੇ ਸਮਰਥਕਾਂ ਨੇ ਬੁਰਾ ਮਨਾਉਂਦਿਆਂ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜਿਵੇਂ ਹੀ ਲੋਕਾਂ ਨੇ ਥਾਣੇ ਦੇ ਬਾਹਰ ਧਰਨਾ ਲਗਾਉਣ ਲਈ ਦਰੀਆ ਵਿਛਾਈਆਂ ਤਾਂ ਪੁਲੀਸ ਨੇ ਸ੍ਰੀ ਕੁੰਭੜਾ ਨੂੰ ਤੁਰੰਤ ਰਿਹਾਅ ਕਰ ਦਿੱਤਾ।
ਇਸ ਮੌਕੇ ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਅਫ਼ਸਰਸ਼ਾਹੀ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਸਰਕਾਰੀ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਜਿਸ ਕਾਰਨ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕਰੀਬ 33 ਏਕੜ ਬਹੁ ਕੀਮਤੀ ਜ਼ਮੀਨ ਨਾਜਾਇਜ਼ ਕਬਜ਼ੇ ਹੇਠ ਹੈ। ਮੁਹਾਲੀ, ਖਰੜ, ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਪ੍ਰਾਈਵੇਟ ਬਿਲਡਰਾਂ ਨੇ ਸਰਕਾਰੀ ਰਸਤਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸਾਰੀਆਂ ਕਰ ਦਿੱਤੀਆਂ ਹਨ। ਕਈ ਥਾਵਾਂ ’ਤੇ ਖੇਤਾਂ ਨੂੰ ਜਾਂਦੇ ਰਸਤਿਆਂ ਦੀ ਹੋਂਦ ਹੀ ਮਿਟਾ ਦਿੱਤੀ ਗਈ ਹੈ।
ਇਸ ਮੌਕੇ ਪੰਚਾਇਤ ਯੂਨੀਅਨ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਸਾਬਕਾ ਬਲਾਕ ਸਮਿਤੀ ਮੈਂਬਰ ਗੁਰਨਾਮ ਕੌਰ, ਅਵਤਾਰ ਸਿੰਘ ਮੱਕੜਿਆਂ ਤੇ ਨਾਗਰ ਸਿੰਘ ਮੱਕੜਿਆਂ, ਸਾਬਕਾ ਪੰਚ ਦਲਜੀਤ ਕੌਰ ਤੇ ਪਰਮਜੀਤ ਕੌਰ, ਸੁਨੀਤਾ ਰਾਣੀ, ਜਸਪਾਲ ਕੌਰ, ਸ਼ਮਸ਼ੇਰ ਕੌਰ, ਅਮਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਉਕਤ ਸੰਸਥਾਵਾਂ ਦੇ ਮੋਹਰੀ ਆਗੂਆਂ ਪ੍ਰੋ. ਮਨਜੀਤ ਸਿੰਘ, ਹਰਮਿੰਦਰ ਸਿੰਘ ਮਾਵੀ ਅਤੇ ਬਲਵਿੰਦਰ ਸਿੰਘ ਕੁੰਭੜਾ ਦੀ ਸਾਂਝੀ ਅਗਵਾਈ ਹੇਠ ਪਿੰਡ ਕੁੰਭੜਾ ਸਮੇਤ ਹੋਰ ਵੱਖ ਵੱਖ ਪਿੰਡਾਂ ਵਿੱਚ ਸਰਕਾਰੀ ਜ਼ਮੀਨਾਂ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪੀੜਤ ਲੋਕਾਂ ਦਾ ਇਕ ਉੱਚ ਪੱਧਰੀ ਵਫ਼ਦ ਬੀਤੀ 8 ਅਗਸਤਨੂੰ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਮਿਲਿਆ ਸੀ। ਆਗੂਆਂ ਨੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਹ ਪਿਛਲੇ ਕਰੀਬ ਡੇਢ ਦਹਾਕੇ ਤੋਂ ਸ਼ਾਮਲਾਤ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ੇ ਛੁਡਾਉਣ ਲਈ ਪੈਰਵੀ ਕਰ ਰਹੇ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਡੀਸੀ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ 25 ਜਨਵਰੀ 2018 ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਸ਼ਿਕਾਇਤਾਂ ਦਾ ਨਿਬੇੜਾ ਕਰਕੇ ਸਰਕਾਰ ਨੂੰ ਰਿਪੋਰਟ ਭੇਜਣ ਲਈ ਕਿਹਾ ਸੀ। ਇੰਝ ਹੀ ਡੀਸੀ ਨੇ ਬੀਤੀ 19 ਜੁਲਾਈ ਨੂੰ ਡੀਡੀਪੀਓ ਅਤੇ ਬੀਡੀਪੀਓ ਨੂੰ ਪੱਤਰ ਲਿਖ ਕੇ ਧਰਮਗੜ੍ਹ ਵਿੱਚ ਨਾਜਾਇਜ਼ ਕਬਜ਼ਾ ਹਟਾ ਕੇ ਉਨ੍ਹਾਂ (ਡੀਸੀ) ਨੂੰ ਰਿਪੋਰਟ ਦੇਣ ਲਈ ਆਖਿਆ ਸੀ ਲੇਕਿਨ ਹੁਣ ਤੱਕ ਅਧਿਕਾਰੀਆਂ ਨੇ ਬਣਦੀ ਕਾਰਵਾਈ ਨਹੀਂ ਕੀਤੀ। ਆਗੂਆਂ ਨੇ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਸਪੀਕਰ ਨੂੰ ਕਾਲੇ ਝੰਡੇ ਦਿਖਾਉਣ ਦਾ ਐਲਾਨ ਕੀਤਾ ਸੀ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…