ਮੁਹਾਲੀ ਵਿੱਚ ਮੁੜ ਭਖਿਆ ਗੈਰ ਕਾਨੂੰਨੀ ਪੀਜੀ ਦਾ ਮਾਮਲਾ, ਗੁਆਂਢੀਆਂ ਨੂੰ ਮਕਾਨ ਢਹਿਣ ਦਾ ਖ਼ਤਰਾ
ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਪੀੜਤ ਵਿਅਕਤੀਆਂ ਨੇ ਕੀਤੀ ਨਾਅਰੇਬਾਜ਼ੀ
ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਿਗਮ ਵਿਚਲੇ ਪਿੰਡਾਂ ’ਚ ਅਣਅਧਿਕਾਰਤ ਉਸਾਰੀਆਂ ਦਾ ਜ਼ੋਰਾਂ ’ਤੇ: ਬਲਵਿੰਦਰ ਕੁੰਭੜਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਮੁਹਾਲੀ ਵਿੱਚ ਫਿਰ ਤੋਂ ਅਣਅਧਿਕਾਰਤ ਪੇਇੰਗ ਗੈਸਟ (ਪੀਜੀ) ਦਾ ਮਾਮਲਾ ਭਖ ਗਿਆ ਹੈ। ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਅਤੇ ਸੋਹਾਣਾ ਵਿੱਚ ਉੱਚੀਆਂ ਇਮਾਰਤਾਂ ਵਿੱਚ ਚਲਦੇ ਪੀਜੀ ਕਾਰਨ ਗੁਆਂਢੀਆਂ ਨੂੰ ਆਪਣੇ ਮਕਾਨ ਢਹਿਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸਰਵ ਸ਼ੋਸ਼ਿਤ ਸਮਾਜ ਸੰਘ ਦੇ ਆਗੂਆਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਅਣਅਧਿਕਾਰਤ ਉਸਾਰੀਆਂ ਜ਼ੋਰਾਂ ’ਤੇ ਹਨ। ਰਿਹਾਇਸ਼ੀ ਖੇਤਰ ਵਿੱਚ ਕਈ ਬਿਲਡਰ ਬਿਨਾਂ ਕਿਸੇ ਮਨਜ਼ੂਰੀ ਤੋਂ 4-4 ਅਤੇ 5-5 ਮੰਜ਼ਲਾਂ ਇਮਾਰਤਾਂ ਬਣਾ ਕੇ ਪੀਜੀ ਚਲਾ ਰਹੇ ਹਨ। ਪੀਜੀ ਮਾਲਕਾਂ ਨੇ ਆਪਣੇ ਕਿਰਾਏਦਾਰਾਂ ਦੀ ਸਹੂਲਤ ਲਈ ਵਾਹਨ ਪਾਰਕਿੰਗ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਉਹ ਸੜਕਾਂ ’ਤੇ ਵਾਹਨ ਖੜੇ ਕਰ ਦਿੰਦੇ ਹਨ।
ਪਿੰਡ ਸੋਹਾਣਾ ਦੇ ਵਸਨੀਕ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਦੇ ਬਿਲਕੁਲ ਨਾਲ ਚਾਰ ਮੰਜ਼ਲੀ ਇਮਾਰਤ ਵਿੱਚ ਪੀਜੀ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਦੇ ਘਰ ਵਿੱਚ ਤਰੇੜਾਂ ਆ ਗਈਆਂ ਹਨ। ਇਸ ਸਬੰਧੀ ਉਸ ਵੱਲੋਂ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਲੇਕਿਨ ਹੁਣ ਤੱਕ ਪੀਜੀ ਮਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰ੍ਹਾਂ ਪਿੰਡ ਕੁੰਭੜਾ ਦੇ ਵਸਨੀਕ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਗੁਆਂਢ ਵਿੱਚ ਸਾਂਝੀ ਕੰਧ ’ਤੇ ਇਕ ਵਿਅਕਤੀ ਨੇ ਪੀਜੀ ਦੀ ਚਾਰ ਮੰਜ਼ਲਾਂ ਇਮਾਰਤ ਖੜੀ ਕਰ ਦਿੱਤੀ ਹੈ। ਉਸ ਨੇ ਦੋਸ਼ ਲਾਇਆ ਕਿ ਪੀਜੀ ਮਾਲਕ ਵੱਲੋਂ ਸਰਕਾਰੀ ਨੇਮਾਂ ਦੀ ਉਲੰਘਣਾ ਕਰਕੇ ਇਮਾਰਤ ਬਣਾਈ ਗਈ ਹੈ। ਸਾਂਝੀ ਕੰਧ ਛੋਟੀ ਇੱਟ ਦੀ ਬਣੀ ਹੋਈ ਹੈ। ਜਿਸ ਕਾਰਨ ਉਸ ਨੂੰ ਆਪਣਾ ਮਕਾਨ ਡਿੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਕਰੀਬ 6 ਮਹੀਨੇ ਪਹਿਲਾਂ ਮੇਅਰ ਨੂੰ ਵੀ ਸ਼ਿਕਾਇਤ ਦਿੱਤੀ ਸੀ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਨੂੰ ਮਿਲ ਕੇ ਸਮੱਸਿਆ ਦੱਸੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ਾਇਦ ਇੱਥੇ ਕੋਈ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਹੀ ਪ੍ਰਸ਼ਾਸਨ ਗੂੜੀ ਤੋਂ ਨੀਂਦ ਤੋਂ ਜਾਗੇਗਾ।
ਇਸ ਮੌਕੇ ਸਰਵ ਸ਼ੋਸ਼ਿਤ ਸਮਾਜ ਸੰਘ ਪੰਜਾਬ ਦੇ ਕੋਆਰਡੀਨੇਟਰ ਲਖਬੀਰ ਸਿੰਘ ਬਡਾਲਾ, ਜਨਰਲ ਸਕੱਤਰ ਮਹੇਸ਼ ਰੂਬੀ, ਜ਼ਿਲ੍ਹਾ ਪ੍ਰਧਾਨ ਦਵਿੰਦਰ ਕੌਰ, ਅਵਤਾਰ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਗੁਰਮੇਲ ਸਿੰਘ ਮੱਕੜਾ, ਸਾਬਕਾ ਕੌਂਸਲਰ ਕ੍ਰਿਸ਼ਨ ਸਿੰਘ, ਬਨਾਰਸੀ ਦਾਸ ਕੁੰਭੜਾ, ਅਮਨਦੀਪ ਸਿੰਘ ਸੋਹਾਣਾ, ਪ੍ਰਵੀਨ ਕੁਮਾਰ ਸੋਹਾਣਾ, ਸੋਸ਼ਲ ਵੈੱਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਸ਼ਵਿੰਦਰ ਸਿੰਘ ਲੱਖੋਵਾਲ ਤੇ ਬਿੱਕਾ ਸਿੰਘ ਬਡਵਾਲੀ ਵੀ ਮੌਜੂਦ ਸਨ।