ਨਾਜਾਇਜ਼ ਕਬਜ਼ੇ ਤੇ ਨਿਗਮ ਦੀ ਕਾਰਗੁਜ਼ਾਰੀ: ਸਿਲਵੀ ਪਾਰਕ ਵਿੱਚ ਖੜ੍ਹਦੀਆਂ ਹਨ ਲੋਕਾਂ ਦੀਆਂ ਕਾਰਾਂ

ਕੋਠੀਆਂ ਵਾਲਿਆਂ ਨੇ ਬਣਾ ਲਈਆਂ ਆਪਣੀਆਂ ਬਗੀਚੀਆਂ, ਪਾਰਕ ਵਿੱਚ ਸਫ਼ਾਈ ਵਿਵਸਥਾ ਦਾ ਮਾੜਾ ਹਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਮੁਹਾਲੀ ਵਿੱਚ ਲਗਾਤਾਰ ਵੱਧਦੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਨਗਰ ਨਿਗਮ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਜਿੱਥੇ ਨਾਜਾਇਜ਼ ਕਬਜ਼ਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਲੋਕਾਂ ਵੱਲੋਂ ਜਨਤਕ ਪਾਰਕਾਂ ਵਿੱਚ ਵੀ ਆਪਣੇ ਕਬਜੇ ਕਰ ਲਏ ਗਏ ਹਨ। ਸਥਾਨਕ ਫੇਜ਼-10 ਵਿੱਚ ਸਥਿਤ ਸਿਲਵੀ ਪਾਰਕ ਇਸ ਦੀ ਮਿਸਾਲ ਹੈ ਜਿਸ ਵਿੱਚ ਵੱਡੀ ਪੱਧਰ ਤੇ ਨਾਜਾਇਜ ਕਬਜੇ ਕੀਤੇ ਜਾ ਚੁੱਕੇ ਹਨ। ਇਸ ਪਾਰਕ ਵਿੱਚ ਨਗਰ ਨਿਗਮ ਵੱਲੋੱ ਬਣਾਏ ਗਏ ਖਿਡੌਣਾ ਟ੍ਰੇਨ ਦੇ ਟ੍ਰੈਕ ਉੱਤੇ ਹੁਣ ਖਿਡੌਣਾ ਟ੍ਰੇਨ ਤਾਂ ਚੱਲਣੀ ਬੰਦ ਹੋ ਚੁੱਕੀ ਹੈ ਪਰੰਤੂ ਇਸ ਦੇ ਨਾਲ ਲੱਗਦੀ ਥਾਂ ਹੁਣ ਇੱਥੋਂ ਦੇ ਵਸਨੀਕਾਂ ਦੀਆਂ ਗੱਡੀਆਂ ਦੀ ਪਾਰਕਿੰਗ ਦੇ ਕੰਮ ਆ ਰਹੀ ਹੈ।
ਸਿਲਵੀ ਪਾਰਕ ਦੇ ਨਾਲ ਬਣੀਆਂ ਕੁੱਝ ਕੋਠੀਆਂ ਵਾਲਿਆਂ ਵੱਲੋਂ ਸਿਲਵੀ ਪਾਰਕ ਵਾਲੇ ਪਾਸੇ ਨਾ ਸਿਰਫ਼ ਆਪਣੇ ਗੇਟ ਬਣਾਏ ਹੋਏ ਹਨ ਬਲਕਿ ਉਹਨਾਂ ਵੱਲੋਂ ਆਪਣੇ ਮਕਾਨਾਂ ਦੇ ਪਿਛਲੇ ਪਾਸੇ ਪੈਂਦੀ ਥਾਂ ਤੇ ਬਾਕਾਇਦਾ ਐਂਗਲ ਅਤੇ ਤਾਰਾਂ ਲਗਾ ਕੇ ਆਪਣੀਆਂ ਬਗੀਚੀਆਂ ਬਣਾਈਆਂ ਗਈਆਂ ਹਨ।
ਸਿਲਵੀ ਪਾਰਕ ਦੀ ਬਦਹਾਲੀ ਆਪਣੀ ਕਹਾਣੀ ਖ਼ੁਦ ਕਹਿੰਦੀ ਹੈ। ਇੱਥੇ ਨਾ ਤਾਂ ਸਫਾਈ ਦਾ ਲੋੜੀਂਦਾ ਪ੍ਰਬੰਧ ਹੈ ਅਤੇ ਨਾ ਹੀ ਦਰਖਤਾਂ ਦੀ ਠੀਕ ਢੰਗ ਨਾਲ ਦੇਖ ਰੇਖ ਹੀ ਕੀਤੀ ਜਾ ਰਹੀ ਹੈ। ਨਗਰ ਨਿਗਮ ਵੱਲੋਂ ਸਿਲਵੀ ਪਾਰਕ ਦੀ ਸਾਂਭ ਸੰਭਾਲ ਦਾ ਇੱਕ ਨਿੱਜੀ ਠੇਕੇਦਾਰ ਦੇ ਹਵਾਲੇ ਹੈ ਪ੍ਰੰਤੂ ਉਸ ਦਾ ਕੰਮ ਕਿੰਨਾ ਕੁ ਤਸੱਲੀਬਖ਼ਸ਼ ਹੈ ਇਸਦਾ ਅੰਦਾਜਾ ਸਿਲਵੀ ਪਾਰਕ ਦਾਖ਼ਲ ਹੋਣ ’ਤੇ ਹੀ ਲੱਗ ਜਾਂਦਾ ਹੈ।
ਫੇਜ਼-10 ਦੇ ਕੌਂਸਲਰ ਹਰਦੀਪ ਸਿੰਘ ਸਰਾਓ ਦੱਸਦੇ ਹਨ ਕਿ ਪਿਛਲੇ ਕਾਫੀ ਸਮੇਂ ਤੋਂ ਪਾਰਕ ਵਿੱਚ ਲੋਕਾਂ ਵੱਲੋਂ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਆਮ ਹੈ ਅਤੇ ਇਸ ਸਬੰਧੀ ਨਗਰ ਨਿਗਮ ਦੇ ਸਟਾਫ ਵੱਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਇਸ ਕੰਪਨੀ ਕੋਲ ਇਸ ਪਾਰਕ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਹੈ ਉਸਦਾ ਵੀ ਕੰਮ ਤਸੱਲੀਬਖ਼ਸ਼ ਨਹੀਂ ਹੈ ਅਤੇ ਇਸ ਸਬੰਧੀ ਉਹਨਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਇਸ ਪਾਰਕ ਵਿੱਚ ਹੋਏ ਨਾਜਾਇਜ਼ ਕਬਜ਼ੇ ਦੂਰ ਕਰਵਾਏ ਜਾਣ, ਪਾਰਕ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ ਅਤੇ ਇਸ ਦੀ ਦੇਖ-ਰੇਖ ਦਾ ਕੰਮ ਕਰਨ ਵਾਲੇ ਠੇਕੇਦਾਰ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਕਮਿਸ਼ਨਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਉਹ ਇਸ ਸਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ। ਉਧਰ, ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਸਿਲਵੀ ਪਾਰਕ ਵਿੱਚ ਹੋਏ ਕਬਜ਼ਿਆਂ ਦੀ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਜਿੱਥੇ ਵੀ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹ ਤੁਰੰਤ ਦੂਰ ਕਰਵਾਏ ਜਾਣਗੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…