nabaz-e-punjab.com

ਨਾਜਾਇਜ਼ ਵਸੂਲੀ ਦਾ ਮਾਮਲਾ: ਡੀਸੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪੇਡ ਪਾਰਕਿੰਗ ਦਾ ਠੇਕਾ ਰੱਦ

ਪੰਜਾਬ ਅਗੇਂਸਟ ਭ੍ਰਿਸ਼ਟਾਚਾਰ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਤੇ ਹੋਰਨਾਂ ਲੋਕਾਂ ਨੇ ਡੀਸੀ ਨੂੰ ਦਿੱਤੀਆਂ ਸਨ ਠੇਕੇਦਾਰ ਵਿਰੁੱਧ ਸ਼ਿਕਾਇਤਾਂ

ਠੇਕੇਦਾਰ ’ਤੇ ਲੱਗੇ ਨਾਜਾਇਜ਼ ਵਸੂਲੀ ਅਤੇ ਵਾਹਨ ਚਾਲਕਾਂ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੇਡ ਪਾਰਕਿੰਗ ਦੇ ਨਾਮ ’ਤੇ ਨਾਜਾਇਜ਼ ਵਸੂਲੀ ਕਰਨ ਦੇ ਦੋਸ਼ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਪੇਡ ਪਾਰਕਿੰਗ ਦਾ ਠੇਕਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਤਰਕਸ਼ੀਲ ਆਗੂ ਅਤੇ ਪੰਜਾਬ ਅਗੇਂਸਟ ਭ੍ਰਿਸ਼ਟਾਚਾਰ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਮੇਤ ਹੋਰ ਵੱਖ-ਵੱਖ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਲਿਖਤੀ ਸ਼ਿਕਾਇਤਾਂ ਦੇ ਕੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਅਸਿਸਟੈਂਟ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਵੱਲੋਂ ਬੀਤੀ 7 ਮਾਰਚ ਨੂੰ ਵੱਖ-ਵੱਖ ਸ਼ਿਕਾਇਤਕਰਤਾਵਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਆਪਣੇ ਦਫ਼ਤਰ ਵਿੱਚ ਸੱਦ ਕੇ ਬਿਆਨ ਦਰਜ ਕੀਤੇ ਗਏ ਸਨ ਪ੍ਰੰਤੂ ਵਾਰ ਵਾਰ ਬੁਲਾਉਣ ’ਤੇ ਵੀ ਠੇਕੇਦਾਰ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ।
ਸ਼ਿਕਾਇਤਕਰਤਾਵਾਂ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪੇਡ ਪਾਰਕਿੰਗ ਵਿੱਚ ਨਿਯਮਾਂ ਅਨੁਸਾਰ ਸਿਰਫ਼ ਇੱਕ ਵਾਰ ਆਉਣ ਵਾਲੇ ਚਾਰ ਪਹੀਆ ਵਾਹਨ ਚਾਲਕ ਤੋਂ 10 ਰੁਪਏ ਅਤੇ ਵਾਰ ਵਾਰ ਆਉਣ ਜਾਣ ਵਾਲੇ ਵਾਹਨਾਂ ਤੋਂ 20 ਰੁਪਏ ਪਾਰਕਿੰਗ ਫੀਸ ਲਈ ਜਾ ਸਕਦੀ ਹੈ ਪ੍ਰੰਤੂ ਪੇਡ ਪਾਰਕਿੰਗ ਠੇਕੇਦਾਰ ਵੱਲੋਂ ਉੱਥੇ ਆਉਣ ਵਾਲੇ ਹਰ ਵਾਹਨ ਚਾਲਕਾਂ ਤੋਂ 20 ਰੁਪਏ ਪ੍ਰਤੀ ਵਾਹਨ ਦੇ ਹਿਸਾਬ ਨਾਲ ਪਾਰਕਿੰਗ ਫੀਸ ਵਸੂਲੀ ਜਾਂਦੀ ਰਹੀ ਹੈ। ਜਦੋਂਕਿ ਦੋ ਪਹੀਆ ਚਾਲਕਾਂ ਤੋਂ 5 ਰੁਪਏ ਦੀ ਥਾਂ 10 ਰੁਪਏ ਦੀ ਵਸੂਲੀ ਕੀਤੀ ਗਈ ਹੈ। ਇਹੀ ਨਹੀਂ ਠੇਕੇਦਾਰ ਜਨਤਕ ਸੂਚਨਾ ਲਈ ਪਾਰਕਿੰਗ ਦੇ ਬਾਹਰ ਲੱਗੀ ਰੇਟ ਲਿਸਟ ਉੱਤੇ ਵੀ ਅਖ਼ਬਾਰ ਚਿਪਕਾ ਦਿੱਤੇ ਗਏ ਸੀ ਤਾਂ ਜੋ ਵਾਹਨ ਚਾਲਕ ਡੀਸੀ ਵੱਲੋਂ ਨਿਰਧਾਰਿਤ ਰੇਟ ਨਾ ਦੇਖ ਸਕਣ। ਇਸ ਸਬੰਧੀ ਠੇਕੇਦਾਰ ਦੇ ਕਰਿੰਦਿਆਂ ਦਾ ਕਹਿਣਾ ਸੀ ਕਿ ਵਾਹਨ ਪਾਰਕਿੰਗ ਦਾ ਠੇਕਾ 24 ਲੱਖ ਰੁਪਏ ਵਿੱਚ ਲਿਆ ਹੈ, ਉਨ੍ਹਾਂ ਨੇ ਆਪਣੀ ਜੇਬ ’ਚੋਂ ਥੋੜ੍ਹਾ ਪੈਸੇ ਭਰਨੇ ਹਨ। ਇਹ ਤਾਂ ਲੋਕਾਂ ਦੀਆਂ ਜੇਬਾਂ ’ਚੋਂ ਕੱਢੇ ਜਾਣੇ ਹਨ। ਹਾਲਾਂਕਿ ਅੱਜ ਪੇਡ ਪਾਰਕਿੰਗ ਦੇ ਠੇਕੇਦਾਰ ਦੇ ਕਰਿੰਦੇ ਮੌਕੇ ’ਤੇ ਮੌਜੂਦ ਸਨ ਪ੍ਰੰਤੂ ਉਹ ਵਾਹਨ ਪਾਰਕਿੰਗ ਸਬੰਧੀ ਕੋਈ ਪਰਚੀ ਨਹੀਂ ਕੱਟ ਰਹੇ ਸੀ।
ਅਸਿਸਟੈਂਟ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਨੇ ਪੇਡ ਪਾਰਕਿੰਗ ਦਾ ਠੇਕਾ ਰੱਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਾਰਵਾਈ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਖ਼ਿਲਾਫ਼ ਨਾਜਾਇਜ਼ ਵਸੂਲੀ ਕਰਨ ਅਤੇ ਵਾਹਨ ਚਾਲਕਾਂ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਉਨ੍ਹਾਂ ਨੂੰ ਕਈ ਵਾਰ ਆਪਣਾ ਪੱਖ ਰੱਖਣ ਲਈ ਵੀ ਸੱਦਿਆ ਗਿਆ ਸੀ ਲੇਕਿਨ ਠੇਕੇਦਾਰ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਫਿਲਹਾਲ ਨਵੇਂ ਸਿਰਿਓਂ ਪੇਡ ਪਾਰਕਿੰਗ ਦਾ ਠੇਕਾ ਨਹੀਂ ਦਿੱਤਾ ਜਾ ਸਕਦਾ ਹੈ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਵੱਲੋਂ ਕਿਸੇ ਐਨਜੀਓ ਦੇ ਸਹਿਯੋਗ ਨਾਲ ਇਹ ਕੰਮ ਚਲਾਇਆ ਜਾਵੇਗਾ ਤਾਂ ਜੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵਾਹਨ ਪਾਰਕਿੰਗ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…