
108 ਹੈੱਡ ਟੀਚਰਾਂ ਤੇ 54 ਸੈਂਟਰ ਹੈੱਡ ਟੀਚਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ: ਡੀਟੀਐਫ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀ ਲੋੜ ਅਤੇ ਚੁਣੇ ਜਾ ਚੁੱਕੇ ਅਧਿਆਪਕਾਂ ਦੀ ਹੋ ਰਹੀ ਭਾਰੀ ਖੱਜਲ ਖੁਆਰੀ ਦੇ ਮੱਦੇਨਜ਼ਰ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ਼) ਨੇ ਸਿੱਖਿਆ ਮੰਤਰੀ, ਸਿੱਖਿਆ ਵਿਭਾਗ ਸਕੱਤਰ ਅਤੇ ਡੀਪੀਆਈ (ਐਲੀਮੈਂਟਰੀ) ਨੂੰ ਆਨਲਾਈਨ ਮੰਗ ਪੱਤਰ ਭੇਜਦਿਆਂ ਮੰਗ ਕੀਤੀ ਹੈ ਕਿ ਉਡੀਕ ਸੂਚੀ ਦੇ ਨਵੇਂ ਚੁਣੇ ਜਾ ਚੁੱਕੇ 108 ਹੈੱਡ ਟੀਚਰਾਂ ਅਤੇ 54 ਸੈਂਟਰ ਹੈੱਡ ਟੀਚਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।
ਡੀਟੀਐਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਇਸ ਸਬੰਧੀ ਵਿਸਤਾਰ ਵਿੱਚ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਹੈੱਡ ਟੀਚਰਾਂ ਦੀਆਂ 1558 ਅਸਾਮੀਆਂ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ 375 ਅਸਾਮੀਆਂ ’ਚੋਂ ਉਡੀਕ ਸੂਚੀ ਵਿਚਲੇ 108 ਹੈੱਡ ਟੀਚਰਾਂ ਅਤੇ 54 ਸੈਂਟਰ ਹੈੱਡ ਟੀਚਰਾਂ ਨੂੰ ਜਨਵਰੀ 2021 ਵਿੱਚ ਡੀਪੀਆਈ (ਐਲੀਮੈਂਟਰੀ) ਦਫ਼ਤਰ ਮੁਹਾਲੀ ਵਿੱਚ ਸਟੇਸ਼ਨ ਚੋਣ ਅਤੇ ਸਬੰਧਤ ਆਸਾਮੀ ਲਈ 2 ਦਿਨ ਦੀ ਸਪੈਸ਼ਲ ਟਰੇਨਿੰਗ ਵੀ ਹੋ ਚੁੱਕੀ ਹੈ। ਪ੍ਰੰਤੂ ਕਈ ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਇਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਜਾਰੀ ਕੀਤੇ ਗਏ ਅਤੇ ਸਗੋਂ ਦਫ਼ਤਰੀ ਚੱਕਰਾਂ ਵਿੱਚ ਪਾ ਕੇ ਅਨਿਸ਼ਚਿਤਤਾ ਦੇ ਮਾਹੌਲ ਹਵਾਲੇ ਕਰ ਦਿੱਤਾ ਹੈ। ਜੋ ਕਿ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਦਾਅਵਿਆਂ ਨਾਲ ਮੇਲ ਨਹੀਂ ਖਾਂਦਾ ਹੈ ਅਤੇ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਅਤੇ ਭਾਰੀ ਅਲਗਰਜ਼ੀ ਦਾ ਪ੍ਰਮਾਣ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਮੀਤ ਪ੍ਰਧਾਨ ਗੁਰਪਿਆਰ ਕੋਟਲੀ,ਮੀਤ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ, ਮੀਤ ਪ੍ਰਧਾਨ ਜਗਪਾਲ ਬੰਗੀ, ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਮੀਤ ਪ੍ਰਧਾਨ ਜਸਵਿੰਦਰ ਸਿੰਘ ਅੌਜਲਾ, ਮੁੱਖ ਬੁਲਾਰਾ ਹਰਦੀਪ ਸਿੰਘ ਟੋਡਰਪੁਰ, ਪ੍ਰੈੱਸ ਸਕੱਤਰ ਪਵਨ ਕੁਮਾਰ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸਨ, ਜਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ, ਜਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ,ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਤੋਂ ਇਲਾਵਾ ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਨੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਕੱਤਰ ਤੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਕੇ ਅਧਿਆਪਕਾਂ ਨਾਲ ਇਨਸਾਫ਼ ਕਰਨ ਦੀ ਮੰਗ ਕੀਤੀ।