
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਕੰਪਨੀ ਡਿਵਾਈਨ ਯੂਨੀਵਰਸਲ ਦਾ ਲਾਇਸੈਂਸ ਰੱਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਅਤੇ (ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਮੀਗ੍ਰੇਸ਼ਨ ਕੰਪਨੀ ਡਿਵਾਈਨ ਯੂਨੀਵਰਸਲ ਐਸਸੀਐਫ਼ 9 ਪਹਿਲੀ ਮੰਜ਼ਲ ਫੇਜ਼-5, ਮੁਹਾਲੀ ਫਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਹੈ।
ਅੱਜ ਇੱਥੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਬਰਾੜ ਨੇ ਦੱਸਿਆ ਕਿ ਇਮੀਗ੍ਰੇਸ਼ਨ ਕੰਪਨੀ ਡਿਵਾਈਨ ਯੂਨੀਵਰਸਲ ਨੂੰ ਕੰਸਲਟੈਂਸੀ ਦੇ ਕਾਰੋਬਾਰ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 19 ਜੁਲਾਈ 2023 ਤੱਕ ਸੀ। ਉਨ੍ਹਾਂ ਦੱਸਿਆ ਕਿ ਇਸ ਫ਼ਰਮ ਦੇ ਵਿਰੁੱਧ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਲਾਇਸੈਂਸੀ ਨੂੰ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਪ੍ਰੰਤੂ ਉਸ ਦੇ ਹਾਜ਼ਰ ਨਾ ਹੋਣ ਕਰਕੇ ਅਤੇ ਫ਼ਰਮ ਦਾ ਦਫ਼ਤਰ ਲਗਾਤਾਰ ਬੰਦ ਰਹਿਣ ਕਾਰਨ ਸਰਕਾਰੀ ਹਦਾਇਤਾਂ ਅਨੁਸਾਰ ਇਸ ਫ਼ਰਮ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਟ, ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸ ਦੇ ਖ਼ੁਦ ਜਾਂ ਇਸ ਦੀ ਫ਼ਰਮ ਦੇ ਖ਼ਿਲਾਫ਼ ਕੋਈ ਵੀ ਸ਼ਿਕਾਇਤ ਦਾ ਉਕਤ ਲਾਇਸੈਂਸੀ, ਫ਼ਰਮ ਦੇ ਹਿੱਸੇਦਾਰ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸ ਦੀ ਭਰਪਾਈ ਕਰਨ ਦੇ ਪਾਬੰਦ ਹੋਣਗੇ।