
ਇਮੀਗਰੇਸ਼ਨ ਧੋਖਾਧੜੀ: ਪੁਲੀਸ ਨਾਲ ਯਾਰੀ, ਪਰਚਾ ਵੀ ਹੈ ਦਰਜ ਤਾਂ ਕੌਣ ਕਰੂ ਗ੍ਰਿਫ਼ਤਾਰੀ
ਕਰੋੜਾ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਨੂੰ ਥਾਣਿਆਂ ਵਿੱਚ ਵੀਆਈਪੀ ਟਰੀਟਮੈਂਟ ਦੇਣ ਦਾ ਦੋਸ਼
ਜਾਅਲੀ ਆਫ਼ਰ ਲੈਟਰ ਅਤੇ ਫਰਜ਼ੀ ਵੀਜ਼ੇ ਲਗਵਾ ਕੇ ਨੌਜਵਾਨਾਂ ਤੋਂ 30 ਤੋਂ 35 ਲੱਖ ਰੁਪਏ ਠੱਗਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਆਈਟੀ ਸਿਟੀ ਮੁਹਾਲੀ ਵਿੱਚ ਗੈਰ ਕਾਨੂੰਨੀ ਇਮੀਗਰੇਸ਼ਨ ਦਾ ਗੋਰਖਧੰਦਾ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਹੁਣ ਪੀੜਤ ਵਿਅਕਤੀਆਂ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਮਾਜ ਸੇਵੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਈ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਅਤੇ ਮੁਹਾਲੀ ਪੁਲੀਸ ’ਤੇ ਟਰੈਵਲ ਏਜੰਟਾਂ ਨਾਲ ਮਿਲੀਭੁਗਤ ਅਤੇ ਥਾਣਿਆਂ ਵਿੱਚ ਵੀਆਈਪੀ ਟਰੀਟਮੈਂਟ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਨਾ ਮਿਲਣ ਕਾਰਨ ਜ਼ਿਆਦਾਤਰ ਨੌਜਵਾਨ ਲੜਕੇ ਲੜਕੀਆਂ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ।
ਸਮਾਜ ਸੇਵੀ ਸਤਨਾਮ ਸਿੰਘ ਦਾਊਂ ਅਤੇ ਐਡਵੋਕੇਟ ਤਜਿੰਦਰ ਸਿੱਧੂ ਨੇ ਕਿਹਾ ਕਿ ਪੀੜਤ ਨਿਕਿਤਾ ਕੌਸ਼ਿਕ ਵਾਸੀ ਪੰਚਕੂਲਾ ਤੋਂ 23 ਲੱਖ ਰੁਪਏ, ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਬਠਿੰਡਾ ਤੋਂ 22 ਤੇ 11 ਲੱਖ ਰੁਪਏ, ਅਵੀਰਾਜ ਅਤੇ ਗਗਨਪ੍ਰੀਤ ਵਾਸੀ ਸਕੇਤੜੀ ਤੋਂ 28 ਲੱਖ ਅਤੇ 22 ਲੱਖ ਰੁਪਏ, ਤਨਜੀਤ ਸਿੰਘ ਵਾਸੀ ਲੁਧਿਆਣਾ ਤੋਂ 12 ਲੱਖ ਰੁਪਏ, ਹਨੀਸ਼ਾ ਨੋਟਾ ਵਾਸੀ ਦਿੱਲੀ ਤੋਂ 14 ਲੱਖ ਰੁਪਏ, ਜਸਕਰਨ ਸਿੰਘ ਵਾਸੀ ਤਰਨ ਤਾਰਨ ਤੋਂ 18 ਲੱਖ ਅਤੇ ਸੁਖਨੀਤ ਸਿੰਘ ਵਾਸੀ ਕੁਰਾਲੀ ਤੋਂ 8.5 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਟਰੈਵਲ ਏਜੰਟਾਂ ਨੇ ਪੈਸੇ ਲੈ ਕੇ ਵੀ ਇਨ੍ਹਾਂ ਵਿਅਕਤੀਆਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ।
ਆਗੂਆਂ ਨੇ ਦੱਸਿਆ ਕਿ ਜੇਕਰ ਕਿਸੇ ਇਮੀਗਰੇਸ਼ਨ ਕੰਪਨੀ ਵਿਰੁੱਧ ਅਪਰਾਧਿਕ ਕੇਸ ਦਰਜ ਹੋ ਜਾਂਦਾ ਹੈ ਤਾਂ ਉਹ ਫਿਰ ਤੋਂ ਠੱਗੀਆਂ ਕਾਰਨ ਲਈ ਨਵੀਂ ਕੰਪਨੀ ਖੋਲ੍ਹ ਕੇ ਬੈਠ ਜਾਂਦੇ ਹਨ। ਉਨ੍ਹਾਂ ਨੇ ਮੁਹਾਲੀ ਵਿੱਚ ਕੰਮ ਕਰਦੇ ਅਜਿਹੇ ਬਹੁਤ ਸਾਰੇ ਏਜੰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗਾਇਕ ਤੇ ਮਾਡਲਿੰਗ ਤੋਂ ਇਮੀਗਰੇਸ਼ਨ ਦਾ ਧੰਦਾ ਕਰਨ ਵਾਲੇ ਵਿਅਕਤੀ ਵਿਰੁੱਧ ਸ਼ਿਕਾਇਤ ’ਤੇ ਪੁਲੀਸ ਉਸ ਨੂੰ ਥਾਣੇ ਵਿੱਚ ਬਿਠਾ ਕੇ ਵੀਆਈਵੀ ਟਰੀਟਮੈਂਟ ਦਿੰਦੀ ਹੈ। ਹਾਲਾਂਕਿ ਪੀੜਤਾਂ ਦਾ ਦਬਾਅ ਪੈਣ ਕਾਰਨ ਏਜੰਟ ਵਿਰੁੱਧ ਪਰਚਾ ਤਾਂ ਦਰਜ ਕਰ ਲਿਆ ਗਿਆ ਪ੍ਰੰਤੂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਕਈ ਪੀੜਤ ਵਿਅਕਤੀਆਂ ਨੇ ਫਰਜ਼ੀ ਵੀਜ਼ੇ ਵੀ ਦਿਖਾਏ ਜਦੋਂਕਿ ਅਵੀਰਾਜ ਸਿੰਘ ਜਦੋਂਕਿ ਫਰਜ਼ੀ ਵੀਜ਼ੇ ’ਤੇ ਵਿਦੇਸ਼ ਜਾਣ ਲੱਗਾ ਤਾਂ ਉਸ ਨੂੰ ਹਵਾਲਾਤ ਵਿੱਚ ਬੰਦ ਰਹਿਣਾ ਪਿਆ। ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਤੋਂ ਮੰਗ ਕੀਤੀ ਕਿ ਉਕਤ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਟਰੈਵਲ ਏਜੰਟਾਂ ਅਤੇ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਉਧਰ, ਮੁਹਾਲੀ ਐਸਪੀ (ਸਿਟੀ) ਜਗਵਿੰਦਰ ਸਿੰਘ ਚੀਮਾ ਨੇ ਪੁਲੀਸ ’ਤੇ ਮਿਲੀਭੁਗਤ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਟਰੈਵਲ ਏਜੰਟਾਂ ਵਿਰੁੱਧ ਐਫ਼ਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇਕ ਬਰਾਬਰ ਹੈ।