ਮਿਸ਼ਨ-2019: ਦੇਸ਼ ਦੀ ਰਾਜਨੀਤੀ ਵਿੱਚ ਕੀ ਪ੍ਰਭਾਵ ਪਾਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ?

ਕੀ ਸੱਚਮੁੱਚ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਬਣੇਗੀ ਮਜ਼ਬੂਤ, ਦੇਸ਼ ਦੇ ਹਰੇਕ ਕੋਨੇ ’ਚ ਬਸ ਇਹੀ ਚਰਚਾ

ਜਗਮੋਹਨ ਸਿੰਘ ਲੱਕੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਆਖ਼ਰਕਾਰ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਬਣਾ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਹੁਣ ਵੱਡੀ ਗਿਣਤੀ ਰਾਜਸੀ ਪੰਡਤ ਇਹ ਕਿਆਸਅਰਾਈਆਂ ਲਗਾ ਰਹੇ ਹਨ ਕਿ ਰਾਹੁਲ ਗਾਂਧੀ ਦੀ ਤਾਜਪੋਸ਼ੀ ਦੇਸ਼ ਦੀ ਰਾਜਨੀਤੀ ਵਿੱਚ ਕਿੰਨਾ ਕੁ ਪ੍ਰਭਾਵ ਪਾਵੇਗੀ? ਇਸ ਦੇ ਨਾਲ ਹੀ ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਹੋ ਰਹੀ ਹੈ ਕਿ ਕੀ ਰਾਹੁਲ ਗਾਂਧੀ ਕਾਂਗਰਸ ਪਾਰਟੀ ਨੂੰ ਯੋਗ ਅਗਵਾਈ ਦੇਣ ਦੇ ਸਮਰਥ ਵੀ ਹੋ ਸਕਣਗੇ?ਉਪਰੋਕਤ ਦੋਵਾਂ ਸਵਾਲਾਂ ਦਾ ਜਵਾਬ ਭਾਵੇ ਸਮੇਂ ਦੀ ਬੁੱਕਲ ਵਿੱਚ ਹੈ, ਪਰ ਫਿਰ ਵੀ ਵੱਡੀ ਗਿਣਤੀ ਸਿਆਸੀ ਮਾਹਿਰ ਇਹ ਦਾਅਵਾ ਕਰ ਰਹੇ ਹਨ ਕਿ ਕਾਂਗਰਸ ਵਿੱਚ ਰਾਹੁਲ ਗਾਂਧੀ ਦੀ ਤਾਜਪੋਸ਼ੀ ਕਾਂਗਰਸ ਵਿੱਚ ਇੱਕ ਨਵੀਂ ਰੂਹ ਫੂਕ ਦੇਵੇਗੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਇੱਕ ਵਾਰ ਮੁੜ ਪੈਰਾਂ ਸਿਰ ਖੜੀ ਹੋ ਕੇ ਮਜਬੂਤ ਪਾਰਟੀ ਬਣ ਜਾਵੇਗੀ। ਇਸਦੇ ਨਾਲ ਹੀ ਰਾਹੁਲ ਗਾਂਧੀ ਦੀ ਤਾਜਪੋਸੀ ਨੂੰ ਆਉਣ ਵਾਲੀਆਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉੱਕਿ ਇਹਨਾਂ ਚੋਣਾਂ ਦੌਰਾਨ ਰਾਹੁਲ ਗਾਂਧੀ ਵਲੋੱ ਅਹਿਮ ਭੂਮਿਕਾ ਨਿਭਾਈ ਜਾਣੀ ਹੈ।
ਜਿਥੋੱ ਤਕ ਸੀਨੀਅਰ ਕਾਂਗਰਸੀ ਆਗੂਆਂ ਦਾ ਸਵਾਲ ਹੈ ਤਾਂ ਵੱਡੀ ਗਿਣਤੀ ਕਾਂਗਰਸੀ ਆਗੂ ਰਾਹੁਲ ਦੀ ਅਗਵਾਈ ਨੂੰ ਪ੍ਰਵਾਨ ਕਰਕੇ ਆਪਣੇ ਆਪ ਨੂੰ ਪਾਰਟੀ ਦਾ ਵਫਾਦਾਰ ਸਾਬਤ ਕਰਨ ਦੇ ਰਾਹ ਪਏ ਹੋਏ ਹਨ। ਜੇ ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤਾਂ ਰਾਹੁਲ ਗਾਂਧੀ ਵੱਲੋਂ ਪਾਰਟੀ ਦੀ ਪ੍ਰਧਾਨਗੀ ਵੇਲੇ ਨਾਮਜਦਗੀ ਪੱਤਰ ਭਰਨ ਵੇਲੇ ਹੀ ਮੌਜੂਦ ਸੀ। ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਰਾਹੁਲ ਗਾਂਧੀ ਦੇ ਪ੍ਰਧਾਨਗੀ ਸੰਭਾਲਣ ਵਿੱਚ ਖੁਸ਼ੀ ਮਹਿਸੂਸ ਕਰ ਰਹੀ ਹੈ। ਹਾਲ ਤਾਂ ਇਹ ਹੈ ਕਿ ਭਾਜਪਾ ਵਿੱਚ ਰਹਿੰਦੇ ਸਮੇੱ ਗਾਂਧੀ ਪਰਿਵਾਰ ਦੀ ਪਰਿਵਾਰਵਾਦੀ ਸਿਆਸਤ ਦੀ ਨਿਖੇਧੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਵੀ ਰਾਹੁਲ ਗਾਧੀ ਦੇ ਹੱਕ ਵਿਚ ਆਪਣੇ ਹੀ ਅੰਦਾਜ ਵਿੱਚ ਚੌਕੇ ਛਿੱਕੇ ਜੜ ਚੁਕੇ ਹਨ।
ਰਾਹੁਲ ਗਾਂਧੀ ਦੇ ਹੱਕ ਵਿਚ ਗੁਜਰਾਤ ਚੋਣਾਂ ਦੌਰਾਨ ਉਹਨਾਂ ਵੱਲੋਂ ਨਿਭਾਈ ਗਈ ਅਹਿਮ ਭੁਮਿਕਾ ਵੀ ਜਾਂਦੀ ਹੈ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਗੁਜਰਾਤ ਚੋਣਾਂ ਵਿੱਚ ਕਾਂਗਰਸ ਵਲੋੱ ਇਕਲੇ ਰਾਹੁਲ ਗਾਂਧੀ ਨੇ ਜਿਸ ਤਰਾਂ ਭਾਜਪਾ ਨੂੰ ਵਖਤ ਪਾਈ ਰੱਖਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੁਕਾਬਲਾ ਕੀਤਾ, ਉਸਨੇ ਰਾਹੁਲ ਦੀ ਯੋਗਤਾ ਦਾ ਪ੍ਰਗਟਾਵਾ ਕਰ ਦਿੱਤਾ ਹੈ। ਸਿਆਸੀ ਪੰਡਤਾਂ ਦੇ ਇੱਕ ਹਿੱਸੇ ਦਾ ਮੰਨਣਾ ਹੈ ਕਿ ਗੁਜਰਾਤ ਵਿੱਚ ਰਾਹੁਲ ਗਾਂਧੀ ਕਾਰਨ ਹੀ ਕਾਂਗਰਸ ਪੱਕੇ ਪੈਰੀਂ ਹੋ ਪਾਈ ਹੈ ਅਤੇ ਗੁਜਰਾਤ ਵਿਚ ਕਾਂਗਰਸ ਜਿੱਤਣ ਦੇ ਹਾਲਤ ਵਿੱਚ ਹੈ। ਜੇ ਗੁਜਰਾਤ ਵਿਚ ਕਾਂਗਰਸ ਦੀ ਜਿੱਤ ਹੋ ਕੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਤਾਂ ਜਾਹਿਰ ਤੌਰ ਤੇ ਇਸਨੂੰ ਰਾਹੁਲ ਗਾਂਧੀ ਦੀ ਵੱਡੀ ਪ੍ਰਾਪਤੀ ਮੰਨਿਆ ਜਾਵੇਗਾ।
ਗੁਜਰਾਤ ਚੋਣਾਂ ਦੌਰਾਨ ਭਾਜਪਾ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਇਸ਼ਤਿਹਾਰਾਂ ਵਿੱਚ ਰਾਹੁਲ ਗਾਧੀ ਲਈ ਪਹਿਲਾਂ ਪੱਪੂ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਸੀ ਪਰ ਚੋਣ ਕਮਿਸ਼ਨ ਦੀ ਘੁਰਕੀ ਮਗਰੋਂ ਭਾਜਪਾ ਨੇ ਰਾਹੁਲ ਗਾਂਧੀ ਲਈ ਯੁਵਰਾਜ ਸਬਦ ਦੀ ਵਰਤੋ ਕਰਨੀ ਸ਼ੁਰੂ ਕਰ ਦਿਤੀ ਗਈ। ਦੂਜੇ ਪਾਸੇ ਰਾਹੁਲ ਗਾਂਧੀ ਨੇ ਗੁਜਰਾਤ ਚੋਣਾਂ ਦੌਰਾਨ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਕਥਿਤ ਵਿਕਾਸ ਮਾਡਲ ਦਾ ਵਿਰੋਧ ਕੀਤਾ ਅਤੇ ਇਸ ਮਾਡਲ ਨੂੰ ਭੰਡਿਆ ਉਸ ਦਾ ਗੁਜਰਾਤ ਦੇ ਲੋਕਾਂ ਉਪਰ ਵੀ ਕਾਫੀ ਪ੍ਰਭਾਵ ਪਿਆ ਮੰਨਿਆ ਜਾਂਦਾ ਹੈ। ਇਹ ਇਕ ਅਸਲੀਅਤ ਹੈ ਕਿ ਮੋਦੀ ਸਰਕਾਰ ਵਲੋੱ ਕੀਤੀ ਗਈ ਨੋਟਬੰਦੀ ਅਤੇ ਜੀ ਐਸ ਟੀ ਲਾਗੂ ਕਰਨ ਦੇ ਫੈਸਲਿਆਂ ਤੋੱ ਭਾਰਤ ਦੇ ਵੱਡੀ ਗਿਣਤੀ ਵਸਨੀਕਾਂ ਵਿਚ ਮੋਦੀ ਸਰਕਾਰ ਅਤੇ ਭਾਜਪਾ ਪ੍ਰਤੀ ਅਜੇ ਵੀ ਰੋਸ ਦੀ ਲਹਿਰ ਮੌਜੂਦ ਹੈ। ਰਾਹੁਲ ਗਾਂਧੀ ਜਨਤਾ ਦੇ ਇਸ ਰੋਸ ਨੂੰ ਗੁਜਰਾਤ ਚੋਣਾਂ ਦੌਰਾਨ ਕਾਂਗਰਸ ਦੇ ਪੱਖ ਵਿਚ ਭੁਗਤਾਉਣ ਵਿੱਚ ਕਿਸ ਹੱਦ ਤਕ ਕਾਮਯਾਬ ਰਹੇ ਹਨ, ਇਸਦਾ ਪਤਾ ਗੁਜਰਾਤ ਚੋਣਾਂ ਦੇ ਨਤੀਜਿਆਂ ਤੋੱ ਲੱਗ ਹੀ ਜਾਣਾ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਰਾਜਨੀਤੀ ਦੀ ਚੰਗੀ ਸਮਝ ਹੈ। ਨਕਸਲ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਦਿਆਂ ਰਾਹੁਲ ਗਾਂਧੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਨਕਸਲੀ ਆਗੂਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਉਸੇ ਤਰ੍ਹਾਂ ਯਤਨ ਕੀਤੇ ਜਾਣੇ ਚਾਹੀਦੇ ਹਨ ਜਿਵੇੱ ਪੰਜਾਬ ਵਿੱਚ ਅਕਾਲੀ ਦਲ ਵੱਲੋਂ ਇੱਕ ਸਿੱਖ (ਖਾੜਕੂ) ਆਗੂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਧਾਰਾ ਵਿੱਚ ਲਿਆ ਕੇ ਫਿਰ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਾਈ ਸੀ। ਇਹ ਸਾਬਕਾ ਖਾੜਕੂ ਚੋਣ ਜਿੱਤ ਕੇ ਵਿਧਾਇਕ ਵੀ ਬਣਿਆ ਅਤੇ ਹੋਰ ਉੱਚ ਅਹੁਦਿਆਂ ’ਤੇ ਵੀ ਰਿਹਾ। ਬਿਲਕੁਲ ਇਹ ਹੀ ਫਾਰਮੂਲਾ ਨਕਸਲਵਾਦ ਤੋਂ ਪ੍ਰਭਾਵਿਤ ਸੂਬਿਆਂ ਵਿੱਚ ਵੀ ਅਪਨਾਇਆ ਜਾਣਾ ਚਾਹੀਦਾ ਹੈ ਅਤੇ ਨਕਸਲਵਾੜੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਬਿਆਨ ਦੇ ਕੇ ਰਾਹੁਲ ਗਾਂਧੀ ਨੇ ਆਪਣੀ ਯੋਗਤਾ ਦਾ ਪ੍ਰਗਟਾਵਾ ਕਰ ਦਿੱਤਾ ਸੀ ਅਤੇ ਦਰਸ਼ਾ ਦਿੱਤਾ ਸੀ ਕਿ ਉਹਨਾਂ ਨੂੰ ਪੱਪੂ ਕਹਿਣ ਵਾਲੇ ਲੋਕ ਵੀ ਇਕ ਦਿਨ ਉਹਨਾਂ ਦੀ ਯੋਗਤਾ ਤੋਂ ਕਾਇਲ ਹੋ ਜਾਣਗੇ।
ਰਾਹੁਲ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦਾ ਕਾਫੀ ਮਾਣ ਸਤਿਕਾਰ ਕਰਦੇ ਹਨ, ਇਸ ਕਾਰਨ ਆਮ ਸਿੱਖ ਵੀ ਰਾਹੁਲ ਗਾਂਧੀ ਪ੍ਰਤੀ ਨਫਰਤ ਦੀ ਭਾਵਨਾ ਨਹੀਂ ਰੱਖਦੇ, ਜਿਸ ਤਰਾਂ ਦੀ ਭਾਵਨਾ ਸਿੱਖਾਂ ਵਿੱਚ ਰਾਹੁਲ ਦੀ ਦਾਦੀ ਇੰਦਰਾ ਗਾਧੀ ਅਤੇ ਪਿਤਾ ਰਾਜੀਵ ਗਾਂਧੀ ਬਾਰੇ ਸੀ, ਉਸ ਤਰ੍ਹਾਂ ਦੀ ਭਾਵਨਾ ਆਮ ਸਿੱਖਾਂ ਵਿੱਚ ਰਾਹੁਲ ਗਾਂਧੀ ਬਾਰੇ ਅਜੇ ਨਹੀਂ ਬਣੀ ਹੈ ਅਤੇ ਰਾਹੁਲ ਗਾਂਧੀ ਵੀ ਸਿੱਖਾਂ ਸਮੇਤ ਦੇਸ਼ ਦੇ ਸਾਰੇ ਹੀ ਧਰਮਾਂ, ਵਰਗਾਂ ਤੇ ਨਸਲਾਂ ਦੇ ਲੋਕਾਂ ਨੂੰ ਨਾਲ ਲੈ ਕੇ ਚਲਣ ਦਾ ਯਤਨ ਕਰ ਰਹੇ ਹਨ। ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਦੇਸ਼ ਦੀ ਰਾਜਨੀਤੀ ਵਿਚ ਕਿੰਨਾ ਕੁ ਪ੍ਰਭਾਵ ਪਾਵੇਗੀ ਅਤੇ ਕਾਂਗਰਸ ਨੂੰ ਮਜਬੂਤ ਕਰਨ ਵਿੱਚ ਰਾਹੁਲ ਗਾਂਧੀ ਕਿੰਨੇ ਕੁ ਸਫਲ ਰਹਿੰਦੇ ਹਨ। ਇਸ ਦਾ ਪਤਾ ਵੀ ਆਉਣ ਵਾਲੇ ਸਮੇੱ ਵਿੱਚ ਲੱਗ ਹੀ ਜਾਣਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…