Nabaz-e-punjab.com

ਨਰਸਿੰਗ ਦਾ ਸਿਹਤ ਦੇ ਖੇਤਰ ਵਿੱਚ ਅਹਿਮ ਯੋਗਦਾਨ: ਵੀਪੀ ਸਿੰਘ ਬਦਨੌਰ

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਨ ਲਈ ਵਿਸ਼ਵ ਪੱਧਰੀ ਮਾਪਦੰਡਾਂ ’ਤੇ ਖਰੇ ਉੱਤਰਨ ਲਈ ਪ੍ਰੇਰਿਆ

ਰਾਜਪਾਲ ਵੀਪੀ ਸਿੰਘ ਬਦਨੌਰ ਨੇ ਰਤਨ ਕਾਲਜ ਸੋਹਾਣਾ ਵਿੱਚ ਨਰਸਿੰਗ ਵਿਸ਼ੇ ’ਤੇ ਕੌਮੀ ਪੱਧਰੀ ਸੈਮੀਨਾਰ ’ਚ ਕੀਤੀ ਸ਼ਿਰਕਤ

ਸਿੱਖਿਆ ਦੇ ਅਦਾਨ ਪ੍ਰਦਾਨ ਸਬੰਧੀ ਰਤਨ ਗਰੁੱਪ ਅਤੇ ਵੈਸਟਰਨ ਯੂਨੀਵਰਸਿਟੀ ਨੇ ਐਕਸਚੇਂਜ ਸਮਝੌਤੇ ’ਤੇ ਦਸਤਖ਼ਤ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਅਜੋਕੇ ਸਮੇਂ ਵਿੱਚ ਮੈਡੀਕਲ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਆ ਰਹੇ ਹਨ। ਅਜਿਹੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਵੀ ਸਮੇਂ ਦੇ ਹਾਣੀ ਬਣਨ ਲਈ ਵਿਸ਼ਵ ਪੱਧਰ ਦੇ ਮੁਕਾਬਲਿਆਂ ਅਤੇ ਚੁਨੌਤੀਆਂ ਦਾ ਟਾਕਰਾ ਕਰਨ ਲਈ ਅੱਪ ਟੂ ਡੇਟ ਰਹਿਣਾ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਇੱਥੋਂ ਦੇ ਰਤਨ ਗਰੁੱਪ ਆਫ਼ ਇੰਸਟੀਚਿਊਟ ਸੋਹਾਣਾ ਵਿੱਚ ਨਰਸਿੰਗ ਵਿਸ਼ੇ ’ਤੇ ਕੌਮੀ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਅੰਤਰ ਰਾਸ਼ਟਰੀ ਪੱਧਰ ’ਤੇ ਨੌਕਰੀਆਂ ਦੇ ਮੌਕੇ ਖੁੱਲ੍ਹ ਚੁੱਕੇ ਹਨ। ਅਜਿਹੇ ਦੌਰ ਵਿੱਚ ਜੇਕਰ ਭਾਰਤੀ ਵਿਦਿਆਰਥੀ ਵਿਕਸਿਤ ਦੇਸ਼ਾਂ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਮੁਕਾਬਲਾ ਵੀ ਵਿਕਸਿਤ ਦੇਸ਼ਾਂ ਦੇ ਵਿਦਿਆਰਥੀਆਂ ਨਾਲ ਹੀ ਹੋਵੇਗਾ। ਉਨ੍ਹਾਂ ਨਰਸਿੰਗ ਨੂੰ ਮਹਾਨ ਕੰਮ ਦੱਸਦੇ ਹੋਏ ਕਿਹਾ ਕਿ ਨਰਸਿੰਗ ਦਾ ਸਿਹਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਹੈ। ਡਾਕਟਰ ਤੋਂ ਬਾਅਦ ਇੱਕ ਨਰਸ ਹੀ ਹੁੰਦੀ ਹੈ ਜੋ ਕਿ ਆਪਣੀ ਸੇਵਾ ਭਾਵਨਾ ਨਾਲ ਮਰੀਜ਼ ਨੂੰ ਮੌਤ ਦੇ ਮੂੰਹ ’ਚੋਂ ਕੱਢ ਲਿਆਉਂਦੀ ਹੈ। ਉਨ੍ਹਾਂ ਇਸ ਗੱਲ ’ਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਅੱਜ ਵਿਸ਼ਵ ਪੱਧਰ ’ਤੇ ਭਾਰਤੀ ਨਰਸਿੰਗ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨਰਸਿੰਗ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆ ਦੇ ਨਾਲ ਨਾਲ ਪ੍ਰੈਕਟੀਕਲ ਸਿੱਖਿਆ ’ਤੇ ਵੀ ਪੂਰਾ ਧਿਆਨ ਦੇਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਹਾਸਲ ਕਰਨ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਸਗੋਂ ਸਬੰਧਤ ਵਿਸ਼ੇ ਦੀ ਡੂੰਘਾਈ ਤੱਕ ਦੀ ਜਾਣਕਾਰੀ ਹੋਣੀ ਚਾਹੀਦੀ ਹੈ।
ਇਸ ਮੌਕੇ ਵੈਸਟਰਨ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਕੈਲੇਫੋਰਨੀਆ ਦੇ ਪ੍ਰਧਾਨ ਡਾ. ਡੈਨੀਅਲ ਵਿਲਸਨ ਨੇ ਉਨ੍ਹਾਂ ਨੂੰ ਸੈਮੀਨਾਰ ਵਿੱਚ ਆਉਣ ਦਾ ਸੱਦਾ ਦੇਣ ਲਈ ਰਤਨ ਕਾਲਜ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਨਰਸਿੰਗ ਦੀ ਅਮਰੀਕਾ ਸਮੇਤ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਭਾਰੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਦੀ ਯੂਨੀਵਰਸਿਟੀ ਨੇ ਰਤਨ ਗਰੁੱਪ ਨਾਲ ਸਟੂਡੈਂਟ ਐਕਸਚੇਂਜ਼ ਦਾ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਨਾ ਸਿਰਫ਼ ਭਾਰਤ ਤੋਂ ਵਿਦਿਆਰਥੀਆਂ ਨੂੰ ਵੈਸਟਰਨ ਯੂਨੀਵਰਸਿਟੀ ਵਿੱਚ ਲਿਜਾ ਕੇ ਸਿੱਖਿਆ ਦਿੱਤੀ ਜਾਵੇਗੀ। ਸਗੋਂ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਅਮਰੀਕਨ ਯੂਨੀਵਰਸਿਟੀ ਦੇ ਡੀਨ ਪ੍ਰੋਫੈਸਰ ਡਾ. ਮੈਰੀ ਲੋਪੇਜ਼, ਇਸੈਂਸਟ ਡੀਨ ਪ੍ਰੋਫੈਸਰ ਡਾ. ਆਈ ਵੀ ਟਾਈਸਨ ਨੇ ਸਬੰਧਤ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਮੁੱਖ ਮਹਿਮਾਨ ਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ ਜਦੋਂਕਿ ਪ੍ਰਿੰਸੀਪਲ ਪ੍ਰੋ. ਦਵਿੰਦਰ ਕੌਰ ਨੇ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਸ ਮੌਕੇ ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਅਤੇ ਵੈਸਟਰਨ ਯੂਨੀਵਰਸਿਟੀ ਦੇ ਪ੍ਰਧਾਨ ਪ੍ਰੋਫੈਸਰ ਡਾ. ਡੈਨੀਅਲ ਵਿਲਸਨ ਨੇ ਸਿੱਖਿਆ ਦੇ ਅਦਾਨ ਪ੍ਰਦਾਨ ਸਬੰਧੀ ਐਕਸਚੇਂਜ ਸਮਝੌਤੇ ’ਤੇ ਦਸਤਖ਼ਤ ਵੀ ਕੀਤੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…