nabaz-e-punjab.com

ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਨੇ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਅਹਿਮ ਫੈਸਲੇ

ਰੈਸਨੇਲਾਈਜੇਸ਼ਨ ਦੀ ਨੀਤੀ ਤਹਿਤ ਵਿਭਾਗ ਦੀ ਅਕਾਰ ਘਟਾਈ ਕਰਨ ਦਾ ਕੀਤਾ ਵਿਰੋਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜਨਵਰੀ:
ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ (ਸਬੰਧਤ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ) ਦੀ ਸੂਬਾ ਕਮੇਟੀ ਵੱਲੋਂ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਰੈਸਨੇਲਾਈਜੇਸ਼ਨ ਸਮੇਤ ਕਈ ਹੋਰ ਮੁੱਦੇ ਵੀ ਵਿਚਾਰੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੈਸਨੇਲਾਈਜੇਸ਼ਨ ਪਿੱਛੇ ਸਰਕਾਰ ਦਾ ਲੁਕਵਾਂ ਏਜੰਡਾ ਨਿੱਜੀਕਰਨ ਤਹਿਤ ਵਿਭਾਗ ਦੀ ਅਕਾਰ ਘਟਾਈ ਕਰਨ ਦਾ ਹੈ। ਉਨ੍ਹਾਂ ਹਰੇਕ ਪ੍ਰਾਇਮਰੀ ਸਕੂਲ ਵਿੱਚ ਹੈੱਡ ਟੀਚਰ ਦੀ ਪੋਸਟ ਦੇਣ, ਹਰ ਜਮਾਤ ਲਈ ਘੱਟੋ ਘੱਟ ਇੱਕ ਅਧਿਆਪਕ ਦੇਣ, ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਅਲੱਗ ਅਧਿਆਪਕ ਦੇਣ ਅਤੇ ਪ੍ਰਾਇਮਰੀ ਲਈ ਵਿਦਿਆਰਥੀ ਅਧਿਆਪਕ ਅਨੁਪਾਤ 20:1 ਰੱਖਣ ਦੀ ਮੰਗ ਕੀਤੀ। ਜਥੇਬੰਦੀ ਨੇ ਸੈਕੰਡਰੀ ਸਿੱਖਿਆ ਲਈ ਪੁਰਾਣਾ 9 ਪੀਰੀਅਡਾਂ ਵਾਲਾ ਟਾਇਮ ਟੇਬਲ ਲਾਗੂ ਕਰਨ, ਵਿਦਿਆਰਥੀ-ਅਧਿਆਪਕ ਅਨੁਪਾਤ 30:1 ਰੱਖਣ, ਹਰੇਕ ਵਿਦਿਆਰਥੀ ਲਈ ਵਿਸ਼ਾ ਮਾਹਰ ਅਧਿਆਪਕ ਦੇਣ, ਮਿਡਲ ਸਕੂਲਾਂ ਵਿੱਚ ਸਰੀਰਕ ਸਿੱਖਿਆ ਅਤੇ ਡਰਾਇੰਗ ਸਮੇਤ ਹਰ ਵਿਸ਼ੇ ਦੀ ਪੋਸਟ ਦੇਣ ਅਤੇ ਨੌਵੀਂ-ਦਸਵੀਂ ਜਮਾਤਾਂ ਵਿੱਚ ਪਹਿਲਾਂ ਵਾਂਗ ਸਰੀਰਕ ਸਿੱਖਿਆ ਵਿਸ਼ਾ ਲਾਜ਼ਮੀ ਤੌਰ ’ਤੇ ਪੜ੍ਹਾਉਣ ਦੀ ਮੰਗ ਵੀ ਕੀਤੀ।
ਪੰਜਾਬ ਸਰਕਾਰ ਵੱਲੋਂ ਨਿੱਜ਼ੀਕਰਨ ਦੀ ਨੀਤੀ ’ਤੇ ਚੱਲਣ, ਸਾਰੇ ਕੱਚੇ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੂਰੀਆਂ ਤਨਖ਼ਾਹਾਂ ’ਤੇ ਰੈਗੂਲਰ ਨਾ ਕਰਨ, ਵਰਕਰਾਂ ’ਤੇ ਘੱਟੋ ਘੱਟ ਉਜ਼ਰਤਾਂ ਕਾਨੂੰਨ ਨਾ ਲਾਗੂ ਕਰਨ, ਮੁਲਾਜ਼ਮਾਂ ਲਈ ਜਨਵਰੀ 2016 ਤੋਂ ਲਾਗੂ ਕਰਨੀ ਬਣਦੀ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਹਾਲੇ ਤੱਕ ਨਾ ਜਾਰੀ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਪੈਡਿੰਗ ਭੱਤੇ ਜਾਮ ਕਰਨ ਅਤੇ 1 ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਦੇ ਰੋਸ ਵਜੋਂ ਡੈਮੋਕਰੇਟਿਕ ਮੁਲਾਜਮ ਫੈਡਰੇਸ਼ਨ ਪੰਜਾਬ ਵੱਲੋਂ 23 ਫਰਵਰੀ ਨੂੰ ਪਟਿਆਲਾ ਵਿਖੇ ਐਲਾਨੀ ਸੂਬਾ ਪੱਧਰੀ ਰੈਲੀ ਸਮੇਤ ਹੋਰਨਾਂ ਜਥੇਬੰਦਕ ਪ੍ਰੋਗਰਾਮਾਂ ਵਿੱਚ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਐਲਾਨ ਕੀਤਾ ਗਿਆ। ਸੂਬਾ ਕਮੇਟੀ ਵੱਲੋਂ ਅਧਿਆਪਕ ਹਿੱਤਾਂ ਲਈ ਸਾਂਝੇ ਅਧਿਆਪਕ ਮੋਰਚੇ ਅਤੇ ਹੋਰ ਸਾਂਝੇ ਸੰਘਰਸਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ। ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ਕਰ ਰਹੀ ਐਕਸ਼ਨ ਕਮੇਟੀ ਦੇ ਆਗੂ ਰਾਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਅਤੇ ਫਰੀਦਕੋਟ ਜੇਲ੍ਹ ਵਿੱਚ ਸਥਾਨਕ ਵਿਧਾਇਕ ਤੇ ਪ੍ਰਸ਼ਾਸ਼ਨ ਦੀ ਸ਼ਹਿ ’ਤੇ ਕਰਵਾਏ ਹਮਲੇ ਦੀ ਸਖਤ ਨਿਖੇਧੀ ਕੀਤੀ ਗਈ।
ਇਸ ਮੌਕੇ ਵਿਕਰਮ ਦੇਵ ਸਿੰਘ, ਅਸ਼ਵਨੀ ਅਵਸਥੀ, ਧਰਮ ਸਿੰਘ ਸੂਜਾਪੁਰ, ਓਮ ਪ੍ਰਕਾਸ ਮਾਨਸਾ, ਰਾਜੀਵ ਕੁਮਾਰ ਬਰਨਾਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਪਵਨ ਕੁਮਾਰ ਮੁਕਤਸਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਗਿੱਲ, ਅਸ਼ਵਨੀ ਕੁਮਾਰ ਟਿੱਬਾ, ਜਰਮਨਜੀਤ ਸਿੰਘ, ਗੁਰਮੀਤ ਸਿੰਘ ਸੁੱਖਪੁਰ, ਅਤਿੰਦਰ ਘੱਗਾ, ਮੁਲਖ ਰਾਜ, ਮੁਕੇਸ਼ ਕੁਮਾਰ, ਗੁਰਮੇਲ ਭੁਟਾਲ, ਕੁਲਦੀਪ ਸਿੰਘ ਸੰਗਰੂਰ, ਮੇਘਰਾਜ ਸੰਗਰੂਰ, ਕੁਲਬੀਰ ਸਿੰਘ ਭਵਾਨੀਗੜ੍ਹ, ਹਰਭਜਨ ਸਿੰਘ, ਚਰਨਜੀਤ ਸਿੰਘ, ਰਮਨਜੀਤ ਸੰਧੂ, ਗੁਰਦਿਆਲ ਚੰਦ ਅਤੇ ਸੁਖਚੈਨ ਸਿੰਘ ਆਦਿ ਵੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…