
ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦਾ ਅਹਿਮ ਰੋਲ: ਸਰਬਜੀਤ ਸਿੰਘ ਸਮਾਣਾ
ਆਜ਼ਾਦ ਗਰੁੱਪ ਨੇ ਮੁਹਾਲੀ ਦੇ ਪਿੰਡਾਂ ਵਿੱਚ ਖੇਡ ਕਿੱਟਾਂ ਵੰਡਣ ਦੀ ਮੁਹਿੰਮ ਨੇ ਤੇਜ਼ੀ ਫੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਦੇਸ਼ ਦੇ ਨੌਜਵਾਨ ਸੱਭਿਅਕ ਸਮਾਜ ਉਸਾਰੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਨਰੋਏ ਸਮਾਜ ਦੀ ਸਿਰਜਣਾ ਉਸ ਵੇਲੇ ਹੀ ਸੰਭਵ ਹੋ ਸਕਦੀ ਹੈ ਜਦੋਂ ਨੌਜਵਾਨਾਂ ਦਾ ਆਪਣਾ ਸਰਬਪੱਖੀ ਵਿਕਾਸ ਹੋਵੇ ਅਤੇ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਵਿੱਚ ਖੇਡਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਜ਼ਾਦ ਗਰੁੱਪ ਦੇ ਕੌਂਸਲਰ ਤੇ ਨੌਜਵਾਨ ਆਗੂ ਸਰਬਜੀਤ ਸਿੰਘ ਸਮਾਣਾ ਨੇ ਪਿੰਡ ਢੇਲਪੁਰ ਵਿਖੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਆਜ਼ਾਦ ਗਰੁੱਪ ਨੇ ਮੁਹਾਲੀ ਦੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਵੰਡਣ ਦਾ ਬੀੜਾ ਚੁੱਕਿਆ ਹੈ ਅਤੇ ਇਸ ਮੁਹਿੰਮ ਨੇ ਹੁਣ ਬਹੁਤ ਤੇਜ਼ੀ ਫੜ ਲਈ ਹੈ।
ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਨੰਗਾਰੀ, ਮੋਟੇਮਾਜਰਾ, ਸਨੇਟਾ ਸਮੇਤ ਹੋਰਨਾਂ ਪਿੰਡਾਂ ਵਿੱਚ ਵੀ ਖੇਡ ਕਿੱਟਾਂ ਵੰਡੀਆਂ ਗਈਆ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਪਿੰਡਾਂ ਦੇ ਵਿੱਚ ਖੇਡ ਕਿੱਟਾਂ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਦਾ ਮੁੱਖ ਮਨੋਰਥ ਸੱਭਿਅਕ ਸਮਾਜ ਦੀ ਸਿਰਜਣਾ ਕਰਨਾ ਹੈ। ਜਿਸ ਦੀ ਪੂਰਤੀ ਲਈ ਆਜ਼ਾਦ ਗਰੁੱਪ ਹਮੇਸ਼ਾ ਸੇਵਾ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਦੀ ਗੁੜਤੀ ਉਨ੍ਹਾਂ ਨੂੰ ਉਸਦੇ ਪਿਤਾ ਕੁਲਵੰਤ ਸਿੰਘ ਸਾਬਕਾ ਮੇਅਰ ਤੋਂ ਮਿਲੀ ਹੈ, ਜੋ ਹਮੇਸ਼ਾ ਆਪਣੇ ਕਾਰੋਬਾਰ ਦੇ ਨਾਲ ਨਾਲ ਲੋੜਵੰਦ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਆਜ਼ਾਦ ਗਰੁੱਪ ਨੇ ਕਰੋਨਾ ਮਹਾਮਾਰੀ ਦੌਰਾਨ ਮੁਹਾਲੀ ਸ਼ਹਿਰ ਸਮੇਤ ਵੱਖ ਵੱਖ ਪਿੰਡਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਲੋੜਵੰਦ ਵਿਅਕਤੀਆਂ ਨੂੰ ਮਦਦ ਪਹੁੰਚਾਈ ਗਈ ਹੈ।
ਇਸ ਮੌਕੇ ਪਿੰਡ ਢੇਲਪੁਰ ਤੋਂ ਪਿੰਡ ਵਾਸੀ ਪਰਮਿੰਦਰ ਸਿੰਘ, ਰਾਜਵੀਰ ਸਿੰਘ, ਵਰਿੰਦਰ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ ਅਤੇ ਹਸਨ ਨੇ ਆਜ਼ਾਦ ਗਰੁੱਪ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਦਾ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਲਈ ਧੰਨਵਾਦ ਕੀਤਾ। ਇਸ ਦੌਰਾਨ ਆਜ਼ਾਦ ਗਰੁੱਪ ਤੋਂ ਸਿਮਰਤ ਸਿੰਘ ਗਿੱਲ, ਕੁਲਬੀਰ ਮਨੌਲੀ, ਜੈ ਪ੍ਰਤਾਪ ਕੰਗ, ਹਰਮਨ ਬੁੱਟਰ, ਤੇਜ਼ ਢਿੱਲੋਂ ਅਤੇ ਗੁਰਵਿੰਦਰ ਮਾਵੀ ਹਾਜ਼ਰ ਸਨ।