
ਸਿੱਧੂ ਦੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਕਈ ਵਲੰਟੀਅਰ
ਮੇਅਰ ਜੀਤੀ ਸਿੱਧੂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਦਾ ਕੀਤਾ ਸ਼ਾਨਦਾਰ ਸਵਾਗਤ
ਨਗਰ ਨਿਗਮ ਦੀਆਂ ਚੋਣਾਂ ਵਿੱਚ ਕੁਲਵੰਤ ਸਿੰਘ ਨੂੰ ਪਹਿਲਾਂ ਵੀ ਨਕਾਰ ਚੁੱਕੇ ਹਨ ਸ਼ਹਿਰ ਵਾਸੀ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਮੁਹਾਲੀ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਚੱਲਦੀ ਲਹਿਰ ਅਤੇ ਕਾਂਗਰਸ ਪਾਰਟੀ ਦੀਆਂ ਵਿਕਾਸ ਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਇਸੇ ਕੜੀ ਵਿੱਚ ਫੇਜ਼-2 ਦੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਨੂੰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਾਂਗਰਸ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਆਮ ਆਦਮੀ ਨਹੀਂ ਸਗੋਂ ਸਵਾਰਥੀ ਫ਼ਿਤਰਤ ਵਾਲੇ ਅਜਿਹੇ ਆਦਮੀ ਹਨ ਜਿਨ੍ਹਾਂ ਦੀ ਫ਼ਿਤਰਤ ਸੱਤਾ ਹਾਸਲ ਕਰਨ ਲਈ ਵੱਖ-ਵੱਖ ਪਾਰਟੀਆਂ ਨਾਲ ਜੁੜਨਾ ਰਿਹਾ ਹੈ ਅਤੇ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਅਗਲੇ ਦਿਨ ਹੀ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਮੁਹਾਲੀ ਤੋਂ ਟਿਕਟ ਦੇ ਦਿੰਦੀ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਕਿੰਨਾ ਕੁ ਆਮ ਲੋਕਾਂ ਦੀ ਪਾਰਟੀ ਹੈ ਜਿਨ੍ਹਾਂ ਕਿ ਉਹ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਕੁਲਵੰਤ ਸਿੰਘ ਵਰਗੇ ਲੋਟੂ ਟੋਲਿਆਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਵਾਲੇ ਅਤੇ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਆਗੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੁਹਾਲੀ ਵਿੱਚ ਜੋ ਵਿਕਾਸ ਆਮ ਆਦਮੀ ਪਾਰਟੀ ਨੇ ਕੀਤਾ ਹੈ ਉਹ ਪਿਛਲੀਆਂ ਸਰਕਾਰਾਂ ਨੇ ਸੋਚਿਆ ਵੀ ਨਹੀਂ।
ਮੇਅਰ ਦਿੱਤੀ ਸਿੱਧੂ ਨੇ ਕਿਹਾ ਕਿ ਕੁਲਵੰਤ ਸਿੰਘ ਨੂੰ ਮੇਅਰ ਵੀ ਕਾਂਗਰਸ ਪਾਰਟੀ ਨੇ ਹੀ ਸਮਰਥਨ ਦੇ ਕੇ ਬਣਾਇਆ ਸੀ ਪਰ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣੇ ਨਿੱਜੀ ਮੁਫਾਦਾਂ ਨੂੰ ਉੱਪਰ ਰੱਖਦਿਆਂ ਕਾਂਗਰਸ ਪਾਰਟੀ ਨੂੰ ਵੀ ਧੋਖਾ ਦਿੱਤਾ ਅਤੇ ਫੇਰ ਆਪਣੀ ਮਾਂ ਪਾਰਟੀ ਅਕਾਲੀ ਦਲ ਵੀ ਧੋਖਾ ਦੇ ਕੇ ਮੁਹਾਲੀ ਨਗਰ ਨਿਗਮ ਦੀ ਚੋਣ ਆਜ਼ਾਦ ਗਰੁੱਪ ਬਣਾ ਕੇ ਲੜੀ ਪਰ ਮੁਹਾਲੀ ਦੇ ਲੋਕਾਂ ਨੇ ਉਨ੍ਹਾਂ ਦੇ ਪੂਰੇ ਗਰੁੱਪ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਅਤੇ
ਕਾਂਗਰਸ ਪਾਰਟੀ ਦੇ ਹੱਕ ਵਿੱਚ ਜ਼ਬਰਦਸਤ ਫ਼ਤਵਾ ਦਿੰਦੇ ਹੋਏ 37 ਉਮੀਦਵਾਰਾਂ ਨੂੰ ਜਿਤਾ ਕੇ ਨਗਰ ਨਿਗਮ ਵਿੱਚ ਭੇਜਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਕੋਈ ਨੂੰ ਹਾਲੇ ਇਕ ਸਾਲ ਵੀ ਨਹੀਂ ਹੋਇਆ ਤੇ ਉਨ੍ਹਾਂ ਨੇ ਮੇਅਰ ਦੇ ਅਹੁਦੇ ਨੂੰ ਸੰਭਾਲਣ ਤੋਂ ਬਾਅਦ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ ਅਤੇ ਹੁਣ ਵੀ 100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਮੁਹਾਲੀ ਵਿੱਚ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਾਸਤੇ ਅਹਿਮ ਪ੍ਰੋਜੈਕਟ ਲਿਆਂਦੇ ਹਨ ਜਿਨ੍ਹਾਂ ਵਿੱਚ 375 ਕਰੋੜ ਰੁਪਏ ਦੀ ਲਾਗਤ ਨਾਲ ਕਜੌਲੀ ਤੋਂ 40 ਐਮਜੀਡੀ ਪਾਣੀ ਮੁਹਾਲੀ ਨੂੰ ਮਿਲਣਾ ਹੈ ਜਿਸ ਵਾਸਤੇ ਖਰੜ ਦੇ ਨੇੜੇ ਵਾਟਰ ਟਰੀਟਮੈਂਟ ਪਲਾਂਟ ਵੀ ਚਾਲੂ ਹੋ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲਗਾ ਕੇ ਸੀਵਰੇਜ ਦਾ ਸਾਫ਼ ਕੀਤਾ ਪਾਣੀ ਵਾਪਸ ਮੁਹਾਲੀ ਵਿੱਚ ਸਿੰਜਾਈ ਵਾਸਤੇ ਵਰਤਿਆ ਜਾਣਾ ਹੈ ਅਤੇ ਇਸ ਉੱਤੇ 145 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਹੱਦਬੰਦੀ ਵਧਾ ਕੇ ਮੁਹਾਲੀ ਦੇ ਕੁਝ ਸੈਕਟਰਾਂ ਅਤੇ ਖ਼ਾਸ ਤੌਰ ਤੇ ਪਿੰਡਾਂ ਨੂੰ ਹੱਦਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮਿਲਣਗੀਆਂ। ਇਸੇ ਤਰ੍ਹਾਂ ਦਾਰਾ ਸਟੂਡੀਓ ਤੋਂ ਜੁਝਾਰ ਨਗਰ ਵਾਲੀ ਸੜਕ ਅਤੇ ਪੁਲ ਲਗਪਗ ਬਣ ਕੇ ਤਿਆਰ ਹੋ ਚੁੱਕਿਆ ਹੈ। ਜਿਸ ਨਾਲ ਜੁਝਾਰ ਨਗਰ ਅਤੇ ਇਸਦੇ ਆਲੇ ਦੁਆਲੇ ਦੇ ਗਿਆਰਾਂ ਪਿੰਡਾਂ ਦੇ ਲੋਕਾਂ ਨੂੰ ਸਿੱਧਾ ਮੁਹਾਲੀ ਨਾਲ ਜੋੜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਦੇਣ ਹੈ ਜਿੱਥੇ ਇਸ ਵਾਰ ਕਲਾਸਾਂ ਵੀ ਸ਼ੁਰੂ ਹੋ ਜਾਣਗੀਆਂ। ਇਸੇ ਤਰ੍ਹਾਂ ਮੁਹਾਲੀ ਦੇ ਸੈਕਟਰ-66 ਵਿੱਚ ਨਵਾਂ ਸਿਵਲ ਹਸਪਤਾਲ ਬਣ ਜਾ ਰਿਹਾ ਹੈ ਜੋ 300 ਬੈੱਡਾਂ ਦਾ ਹੋਵੇਗਾ ਅਤੇ ਫੇਜ਼-3ਬੀ1 ਵਿਚ 30 ਬੈੱਡਾਂ ਦਾ ਹਸਪਤਾਲ ਅਰੰਭ ਹੋ ਵੀ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਕਈ ਪ੍ਰਾਜੈਕਟ ਹਨ ਜੋ ਮੁਹਾਲੀ ਲਈ ਅਹਿਮ ਹਨ ਅਤੇ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਪਣੇ ਕਾਰਜਕਾਲ ਦੌਰਾਨ ਲਿਆਂਦੇ ਹਨ। ਇਹੀ ਨਹੀਂ ਵਿਧਾਇਕ ਸਿੱਧੂ ਲਗਪਗ 85 ਕਰੋੜ ਰੁਪਏ ਵੱਖ ਵੱਖ ਵਿਭਾਗਾਂ ਤੋਂ ਲੈ ਕੇ ਨਗਰ ਨਿਗਮ ਨੂੰ ਰਿਲੀਜ਼ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਅਤੇ ਬਲਬੀਰ ਸਿੱਧੂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਲਈ ਕਮਰ ਕੱਸੇ ਕਰ ਚੁੱਕੇ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਗੁਰਦੀਪ ਸਿੰਘ ਸੋਨੂ, ਈਸ਼ਵਰ ਚੰਦਰ ਅਤੇ ਪ੍ਰੀਤਮ ਕੌਰ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਸ਼ਹਿਰ ਵਿੱਚ ਬਲਬੀਰ ਸਿੰਘ ਸਿੱਧੂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਕਾਂਗਰਸ ਵਿੱਚ ਹੋਏ ਹਨ। ਉਨ੍ਹਾਂ ਦਾ ਪੂਰਾ ਸਮਰਥਨ ਵਿਧਾਇਕ ਸਿੱਧੂ ਦੇ ਨਾਲ ਹੈ ਅਤੇ ਸਿੱਧੂ ਨੂੰ ਇਸ ਵਾਰ ਵੀ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦਾ ਟੀਚਾ ਹੈ।