ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਰੋਹ

ਭ੍ਰਿਸ਼ਟਾਚਾਰੀ ਤੇ ਬੇਰੁਜ਼ਗਾਰੀ ਵਿਰੁੱਧ ਭਾਈ ਮੰਨਾ ਸਿੰਘ ਦਾ ਨਾਟਕ ‘ਨਾਇਕ’ ਦੀ ਸਫਲ ਪੇਸ਼ਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਮੁਲਾਜ਼ਮ ਐਸੋਸੀਏਸ਼ਨ ਵੱਲੋਂ ਵੀਰਵਾਰ ਨੂੰ ਦੇਸ਼ ਤੇ ਕੌਮ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਰੋਹ ਸਕੂਲ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਜਿਸ ਵਿੱਚ ਬੋਰਡ ਦੇ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਮੌਜੂਦਾ ਦਫ਼ਤਰੀ ਅਮਲੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਮੁੱਖ ਮਹਿਮਾਨ ਸਨ ਜਦੋਂਕਿ ਵਾਈਸ ਚੇਅਰਮੈਨ-ਕਮ-ਸਕੱਤਰ ਡਾ. ਵਰਿੰਦਰ ਭਾਟੀਆ ਨੇ ਵਿਸ਼ੇਸ਼ ਮਹਿਮਾਨ ਸਨ।
ਸਮਾਰੋਹ ਦਾ ਆਗਾਜ਼ ਪ੍ਰਸਿੱਧ ਨਾਟਕਕਾਰ ਡਾ. ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦਾ ਲਿਖਿਆ ਨਾਟਕ ‘ਨਾਇਕ’ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਪੇਸ਼ਕਾਰੀ ਉੱਘੇ ਨਾਟਕਕਾਰ ਸਬਦੀਸ਼ ਵੱਲੋਂ ਚਲਾਈ ਜਾ ਰਹੀ ਸੁਚੇਤਕ ਅਕੈਡਮੀ ਮੁਹਾਲੀ ਦੇ ਕਲਾਕਾਰਾਂ ਨੇ ਕੀਤੀ। ਇਸ ਨਾਟਕ ਰਾਹੀਂ ਅਜੋਕੇ ਦੌਰ ਵਿੱਚ ਭ੍ਰਿਸ਼ਟਾਚਾਰੀ ਸਮਾਜ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਲਈ ਹੋ ਰਹੀ ਖੱਜਲ-ਖੁਆਰੀ ਅਤੇ ਧੱਕੇਸ਼ਾਹੀ ’ਤੇ ਕਰਾਰੀ ਚੋਟ ਮਾਰੀ ਗਈ।
ਬੋਰਡ ਮੁਖੀ ਪ੍ਰੋ. ਯੋਗਰਾਜ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਜਿੱਥੇ ਇੱਕ ਮਹਾਨ ਸ਼ਹੀਦ ਵਜੋਂ ਜਾਣੇ ਜਾਂਦੇ ਹਨ, ਉੱਥੇ ਮਹਾਂ ਮਾਨਵ ਵਜੋਂ ਉੱਭਰੇ ਹਨ। ਉਨ੍ਹਾਂ ਨੇ ਸਾਰੀਆਂ ਹੱਦਾਂ ਅਤੇ ਸਰਹੱਦਾਂ ਨੂੰ ਤੋੜਦੇ ਹੋਏ ਨੌਜਵਾਨਾਂ ਨੂੰ ਆਈਕਾਨ ਦੇ ਤੌਰ ’ਤੇ ਪ੍ਰੇਰਿਤ ਕਰਕੇ ਇਕ ਇਨਕਲਾਬੀ ਵਜੋਂ ਵੀ ਜਾਣੇ ਜਾਂਦੇ ਹਨ।
ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਕੰਵਲਜੀਤ ਕੌਰ ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ਦੇ ਉਨ੍ਹਾਂ ਤੱਥਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਸੀ। ਉਨ੍ਹਾਂ ਨੇ ਸ਼ਹੀਦਾਂ ਦੇ ਜਨਮ ਸਥਾਨਾਂ ਅਤੇ ਪਰਿਵਾਰਾਂ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੀ ਲੜਾਈ ਕੇਵਲ ਦੇਸ਼ ਦੀ ਆਜ਼ਾਦੀ ਲਈ ਨਹੀਂ ਸੀ ਸਗੋਂ ਉਹ ਸਮਾਜਵਾਦ ਮੁਰਦਾਬਾਦ ਦਾ ਨਾਅਰਾ ਵੀ ਲਗਾਉਂਦੇ ਸੀ ਅਤੇ ਜਾਗੀਰਦਾਰੀ ਦਾ ਖ਼ਾਤਮਾ ਕਰਨਾ ਚਾਹੁੰਦੇ ਸੀ। ਸ਼ਹੀਦ ਭਗਤ ਸਿੰਘ ਦੀ ਲੜਾਈ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਵੀ ਸੀ।
ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਕਿਹਾ ਕਿ ਸਮਾਜਵਾਦ ਦੀਆਂ ਤਾਕਤਾਂ ਕਿਵੇਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਪ੍ਰਦੇਸਾਂ ਵਿੱਚ ਜਾਣ ’ਤੇ ਵੀ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਭਾਰਤੀ ਆਰਥਿਕ ਨੀਤੀਆਂ ਕਿਵੇਂ ਪੰਜਾਬੀਆਂ ਦਾ ਘਾਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਹਮੇਸ਼ਾ ਜਾਤਪਾਤ ਤੋਂ ਉੱਤੇ ਉੱਠ ਕੇ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ਦਾ ਨਾਅਰਾ ਵੀ ਲਗਾਇਆ। ਇਸ ਦੌਰਾਨ ਕਈ ਸੇਵਾਮੁਕਤ ਮੁਲਾਜ਼ਮਾਂ ਨੇ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ। ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੋਵਾਲ, ਅਮਰ ਸਿੰਘ ਧਾਲੀਵਾਲ, ਅਮਰਜੀਤ ਕੌਰ, ਹਰਦੇਵ ਸਿੰਘ ਕਲੇਰ, ਕਮਲਾ ਸ਼ਰਮਾ ਅਤੇ ਸੋਮਨਾਥ ਤਕਲਾ ਸਮੇਤ ਮੁਲਾਜ਼ਮ ਜਥੇਬੰਦੀ ਦੇ ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਮੌਜੂਦਾ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਵੀ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬੋਰਡ ਅਧਿਕਾਰੀ ਗੁਰਤੇਜ਼ ਸਿੰਘ, ਹਰਿੰਦਰਪਾਲ ਸਿੰਘ ਹੈਰੀ ਵੀ ਹਾਜ਼ਰ ਸਨ।

Load More Related Articles

Check Also

ਵਪਾਰੀਆਂ ਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ

ਵਪਾਰੀਆਂ ਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ ਕਮਿਸ਼ਨ ਦੇ ਮੈਂਬਰ ਤੇ ਕਮਿਸ਼ਨਰ ਨੇ…