
ਵੱਡੇ ਬਾਦਲ ਦੀ ਸਿਹਤ ’ਚ ਸੁਧਾਰ, ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਕੀਤੀ ਮੁਲਾਕਾਤ
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਪੋਸਟ ਬਾਰੇ ਫੋਰਟਿਸ ਹਸਪਤਾਲ ਨੇ ਟਵੀਟ ਕਰਕੇ ਸਪੱਸ਼ਟ ਕੀਤੀ ਸਥਿਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (94) ਦੀ ਸਿਹਤ ਵਿੱਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਆਇਆ ਹੈ। ਅੱਜ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫੋਰਟਿਸ ਹਸਪਤਾਲ ਵਿੱਚ ਪਹੁੰਚ ਕੇ ਸ੍ਰੀ ਬਾਦਲ ਦੀ ਖ਼ਬਰ-ਸਾਰ ਪੁੱਛੀ। ਉਨ੍ਹਾਂ ਨੇ ਇਲਾਜ ਕਰ ਰਹੇ ਡਾਕਟਰਾਂ ਅਤੇ ਸਟਾਫ਼ ਨਾਲ ਵੀ ਗੱਲਬਾਤ ਕੀਤੀ। ਖੱਟਰ ਕਾਫ਼ੀ ਸਮਾਂ ਫੋਰਟਿਸ ਹਸਪਤਾਲ ਵਿੱਚ ਰੁਕੇ ਅਤੇ ਦੋਵਾਂ ਆਗੂਆਂ ਨੇ ਮੌਜੂਦਾ ਹਾਲਾਤਾਂ ਬਾਰੇ ਵੀ ਹਲਕੀ ਫੁਲਕੀ ਚਰਚਾ ਕੀਤੀ। ਖੱਟਰ ਨੇ ਸ੍ਰੀ ਬਾਦਲ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ।
ਜਾਣਕਾਰੀ ਅਨੁਸਾਰ ਸ੍ਰੀ ਬਾਦਲ ਨੂੰ ਪਿਛਲੇ ਦਿਨੀਂ ਦੇਰ ਰਾਤ ਉਲਟੀਆਂ ਆਉਣ ਕਾਰਨ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਜਿਸ ਕਾਰਨ ਉਨ੍ਹਾਂ ਨੂੰ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਫੂਡ ਪੁਆਜਨਿੰਗ ਦੇ ਚੱਲਦਿਆਂ ਉਲਟੀਆਂ ਲੱਗਣ ਕਾਰਨ ਥੋੜੀ ਸਿਹਤ ਵਿਗੜ ਗਈ ਸੀ ਲੇਕਿਨ ਹੁਣ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਲਗਾਤਾਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਉਧਰ, ਲੰਘੀ ਦੇਰ ਰਾਤ ਕਿਸੇ ਨੇ ਸੋਸ਼ਲ ਮੀਡੀਆ ਉੱਤੇ ਪੰਥਕ ਪੌਲਟਿਕਸ ਵਸਟਅੱਪ ਗਰੁੱਪ ਵਿੱਚ ਅੱਧੀ ਰਾਤ ਵੇਲੇ ਕਿਸੇ ਨੇ ਹਿੰਦੀ ਵਿੱਚ ਮੈਸੇਜ ਲਿਖ ਕੇ ਇੱਕ ਪੋਸਟ ਅਪਲੋਡ ਕੀਤੀ ਗਈ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋ ਗਈ। ਹਾਲਾਂਕਿ ਤੁਰੰਤ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸ੍ਰੀ ਬਾਦਲ ਦੀ ਫੋਟੋ ਵਾਲੀ ਪੋਸਟ ਅਲਪੋਡ ਕਰਕੇ ਦੱਸਿਆ ਗਿਆ ਕਿ ਉਹ (ਵੱਡੇ ਬਾਦਲ) ਬਿਲਕੁਲ ਠੀਕ ਠਾਕ ਹਨ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਝੂਠੀਆਂ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਲਈ ਵੀ ਲਿਖਿਆ ਸੀ। ਇੰਜ ਹੀ ਵਸਟਅੱਪ ਗਰੁੱਪ ਯੂਥ ਕਲੱਬ ਸੋਹਾਣਾ ਵਿੱਚ ਵੀ ਅੱਜ ਸਵੇਰੇ 11 ਵਜੇ ਕੁ ਵਜੇ ਕਿਸੇ ਨੇ ਸੂਤਰਾਂ ਦੇ ਹਵਾਲੇ ਨਾਲ ਪੋਸਟ ਅਪਲੋਡ ਕਰ ਦਿੱਤੀ ਕਿ ਬਾਦਲ ਨਹੀਂ ਰਹੇ, ਚੰਡੀਗੜ੍ਹ ਪੀਜੀਆਈ ਵਿੱਚ ਲਏ ਆਖ਼ਰੀ ਸਾਹ? ਇਸ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਬੁਲਾਰੇ ਨੇ ਵਟੀਵ ਕਰਕੇ ਸਾਰੀ ਸਥਿਤੀ ਸਪੱਸ਼ਟ ਕਰਦਿਆਂ ਲਿਖਿਆ ਕਿ ‘ਸ੍ਰੀ ਬਾਦਲ ਦੀ ਸਿਹਤ ਸਥਿਰ ਹੈ ਅਤੇ ਉਮੀਦ ਹੈ ਕਿ ਉਹ ਛੇਤੀ ਹੀ ਡਿਸਚਾਰਜ ਹੋ ਜਾਣਗੇ। ਡਾਕਟਰਾਂ ਅਨੁਸਾਰ ਸ੍ਰੀ ਬਾਦਲ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਆਇਆ ਹੈ। ਮਨੋਹਰ ਲਾਲ ਖੱਟਰ ਦੇ ਆਉਣ ਸਮੇਂ ਵਿੱਚ ਸ੍ਰੀ ਬਾਦਲ ਬੈੱਡ ’ਤੇ ਨਹੀਂ ਸਨ, ਸਗੋਂ ਸੌਫ਼ਾ ਚੇਅਰ ’ਤੇ ਬੈਠੇ ਹੋਏ ਸਨ।