nabaz-e-punjab.com

ਰਿਸ਼ਵਤਖ਼ੋਰੀ ਮਾਮਲੇ ਵਿੱਚ ਇੰਸ਼ੋਰੈਂਸ ਕੰਪਨੀ ਦੇ ਸੀਨੀਅਰ ਮੈਨੇਜਰ ਨੂੰ 4 ਸਾਲ ਦੀ ਕੈਦ ਤੇ ਜੁਰਮਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਕਰੀਬ ਚਾਰ ਸਾਲ ਪੁਰਾਣੇ ਰਿਸ਼ਵਤਖ਼ੋਰੀ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਰਾਮ ਕਿਸ਼ਨ ਨੂੰ ਦੋਸ਼ੀ ਕਰਾਰ ਦਿੰਦਿਆਂ 4 ਸਾਲ ਦੀ ਕੈਦ ਅਤੇ 15 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਦੋਸ਼ੀ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਹਰਜੀਤ ਸਿੰਘ ਦੀ ਅਦਾਲਤ ਵਿੱਚ ਚਲ ਰਹੀ ਸੀ।
ਜਾਣਕਾਰੀ ਅਨੁਸਾਰ ਇਸ ਸਬੰਧੀ ਪੀੜਤ ਇੰਦਰਜੀਤ ਸਿੰਘ ਨੇ ਮਈ 2015 ਵਿੱਚ ਸੀਬੀਆਈ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੀ ਪਤਨੀ ਅਜੀਤ ਕੌਰ ਦੇ ਨਾਂ ’ਤੇ ਜਨਰੇਟਰ ਸੈੱਟ ਲਗਾਉਣ ਦੀ ਪ੍ਰਾਈਵੇਟ ਕੰਪਨੀ ਹੈ। ਉਹ ਉਕਤ ਕੰਪਨੀ ਦੇ ਨਾਂ ’ਤੇ ਵੱਖ ਵੱਖ ਸਰਕਾਰੀ ਦਫ਼ਤਰਾਂ ਵਿੱਚ ਜਨਰੇਟਰ ਸੈੱਟ ਲਗਾਉਣ ਦਾ ਠੇਕਾ ਲੈਂਦੇ ਹਨ। ਉਨ੍ਹਾਂ ਦੀ ਕੰਪਨੀ ਵੱਲੋਂ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੀ ਹੁਸ਼ਿਆਰਪੁਰ ਸਥਿਤ ਬਰਾਂਚ ਵਿੱਚ ਜਨਰੇਟਰ ਸੈੱਟ ਲਗਾਉਣ ਦਾ ਠੇਕਾ ਪਹਿਲਾਂ ਹੀ ਚੱਲ ਰਿਹਾ ਸੀ ਅਤੇ 2015-16 ਲਈ ਨਵੇਂ ਸਿਰਿਓਂ ਠੇਕਾ ਅੱਗੇ ਲੈਣ ਲਈ ਅਰਜ਼ੀ ਦਿੱਤੀ ਸੀ।
ਇਸ ਦੌਰਾਨ ਬਰਾਂਚ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਰਾਮ ਕਿਸ਼ਨ ਨੇ ਉਨ੍ਹਾਂ ਦੀ ਕੰਪਨੀ ਦੇ ਠੇਕੇ ਦੀ ਮਿਆਦ ਇੱਕ ਸਾਲ ਹੋਰ ਵਧਾਉਣ ਲਈ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਰਿਸ਼ਵਤ ਦੀ ਰਾਸ਼ੀ ਜ਼ਿਆਦਾ ਹੋਣ ਕਾਰਨ ਰਾਮ ਕ੍ਰਿਸ਼ਨ ਨੇ ਉਸ ਨੂੰ ਕਿਹਾ ਸੀ ਕਿ ਪਹਿਲਾਂ ਲਏ ਠੇਕੇ ਦੀ ਰਿਸ਼ਵਤ ਦੇ ਪੈਸੇ ਵੀ ਵਿੱਚ ਹੀ ਹਨ। ਇਸ ਤਰ੍ਹਾਂ ਦੋਵਾਂ ਵਿੱਚ ਸੌਦਾ 50 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਇਸ ਮਗਰੋਂ ਪੀੜਤ ਵਿਅਕਤੀ ਨੇ ਸੀਬੀਆਈ ਨੂੰ ਸ਼ਿਕਾਇਤ ਦੇ ਦਿੱਤੀ ਅਤੇ ਸ਼ਿਕਾਇਤ ਮਿਲਣ ’ਤੇ ਸੀਬੀਆਈ ਦੀ ਟੀਮ ਨੇ 27 ਮਈ 2015 ਨੂੰ ਬਰਾਂਚ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਰਾਮ ਕਿਸ਼ਨ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਉਸ ਦੇ ਘਰ ’ਚੋਂ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…