Nabaz-e-punjab.com

ਖੇਡ ਪ੍ਰਮੋਟਰ ਦੀ ਮੌਤ: ਮੁਹਾਲੀ ਪੁਲੀਸ ਵੱਲੋਂ ਹੋਟਲ ਦਾ ਮੈਨੇਜਰ ਤੇ ਹਾਊਸਕੀਪਰ ਗ੍ਰਿਫ਼ਤਾਰ

ਹੋਟਲ ਦਾ ਮਾਲਕ ਤੇ ਮ੍ਰਿਤਕ ਨੌਜਵਾਨ ਦੇ ਦੋਸਤ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ

ਮਾਮਲੇ ਵਿੱਚ ਨਾਮਜ਼ਦ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਜਾਰੀ: ਐਸਐਚਓ ਬੈਂਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਇੱਥੋਂ ਦੇ ਫੇਜ਼-11 ਵਿੱਚ ਸਥਿਤ ਇੱਕ ਹੋਟਲ ਵਿੱਚ ਖੇਡ ਪ੍ਰਮੋਟਰ ਨੌਜਵਾਨ ਸਰਬਜੀਤ ਸਿੰਘ ਗਰੇਵਾਲ ਉਰਫ਼ ਸਰਬੀ ਗਰੇਵਾਲ (25) ਵਾਸੀ ਪਿੰਡ ਕੂਮਕਲਾਂ (ਜ਼ਿਲ੍ਹਾ ਲੁਧਿਆਣਾ) ਦੀ ਗੋਲੀ ਲੱਗਣ ਕਾਰਨ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਹੋਟਲ ਮੈਨੇਜਰ ਪ੍ਰਵੀਨ ਕੁਮਾਰ ਵਾਸੀ ਪਿੰਡ ਧਨਾਸ (ਚੰਡੀਗੜ੍ਹ) ਅਤੇ ਹਾਊਸਕੀਪਰ ਅਮਿਤ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-11 ਦੇ ਐਸਐਚਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਤਿੰਨ ਦੋਸਤਾਂ ਜਸਕਿਰਤ ਸਿੰਘ, ਰਵਿੰਦਰ ਸਿੰਘ ਅਤੇ ਗੁਰਪਿਆਰ ਸਿੰਘ ਵਾਸੀ ਪਿੰਡ ਕੋਕਰੀ ਬਹਿਣੀਵਾਲ (ਮੋਗਾ), ਪਿਸਤੌਲ ਦਾ ਅਸਲਾ ਲਾਇਸੈਂਸਧਾਰਕ ਜੋਧਾ ਸਿੰਘ ਸਮੇਤ ਹੋਟਲ ਦੇ ਮਾਲਕ ਬਲਰਾਜ ਸਿੰਘ ਵਾਸੀ ਲਖਨੌਰ, ਮੈਨੇਜਰ ਪ੍ਰਵੀਨ ਕੁਮਾਰ ਵਾਸੀ ਪਿੰਡ ਧਨਾਸ (ਚੰਡੀਗੜ੍ਹ) ਅਤੇ ਹਾਊਸਕੀਪਰ ਅਮਿਤ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ ਦੇ ਖ਼ਿਲਾਫ਼ ਧਾਰਾ 304,336,148,149,201,120ਬੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਖੇਡ ਪ੍ਰਮੋਟਰ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਮੁਹਾਲੀ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਸ਼ੋਅ ਦੇਖਣ ਲਈ ਆਇਆ ਸੀ ਅਤੇ ਫੇਜ਼-11 ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਗਰੇਵਾਲ ਨੂੰ ਗੋਲੀ ਲੱਗਣ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੋਟਲ ਮੈਨੇਜਰ ਅਤੇ ਹਾਊਸਕੀਪਰ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 21 ਦਸੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਉਧਰ, ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਦਿਨੀਂ ਮੁਹਾਲੀ ਵਿੱਚ ਹੋਏ ਗਾਇਕ ਸਿੱਧੂ ਮੂਸੇਵਾਲਾ ਦਾ ਸ਼ੋਅ ਖ਼ਤਮ ਹੋਣ ਬਾਅਦ ਖੇਡ ਪ੍ਰਮੋਟਰ ਅਤੇ ਉਸ ਦੇ ਸਾਥੀ ਹੋਟਲ ਦੇ ਕਮਰੇ ਵਿੱਚ ਆ ਗਏ ਸੀ ਅਤੇ ਰਾਤ ਵੇਲੇ ਕਰੀਬ ਡੇਢ ਵਜੇ ਉਹ ਆਪਸ ਵਿੱਚ ਮਸਤੀ ਕਰ ਰਹੇ ਸੀ ਕਿ ਇਸ ਦੌਰਾਨ ਪਿਸਤੌਲ ’ਚੋਂ ਗੋਲੀ ਚੱਲ ਗਈ ਅਤੇ ਸਰਬਜੀਤ ਸਿੰਘ ਗਰੇਵਾਲ ਦੀ ਮੌਤ ਹੋ ਗਈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …