ਮਿਉਂਸਪਲ ਕਾਰਪੋਰੇਸ਼ਨ ਦੀ ਮੀਟਿੰਗ ਵਿੱਚ 25 ਕਰੋੜ 94 ਲੱਖ ਦੇ ਵਿਕਾਸ ਕੰਮਾਂ ਦੇ ਮਤੇ ਪਾਸ, ਸ਼ਹਿਰ ਵਾਸੀਆਂ ਨੂੰ ਵਿਕਾਸ ਦੀ ਆਸ ਬੱਝੀ

ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਵਿੱਚ ਪੰਜਾਬੀ ਭਵਨ ਦੀ ਉਸਾਰੀ ਤੇ ਸੇਵਾ ਕੇਂਦਰ ਖੋਲ੍ਹਣ ਦਾ ਫੈਸਲਾ

ਅਮਨਦੀਪ ਸਿੰਘ ਸੋਢੀ
ਮੁਹਾਲੀ, 6 ਦਸੰਬਰ
ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ 25 ਕਰੋੜ 94 ਲੱਖ ਰੁਪਏ ਦੇ ਮਤੇ ਪਾਸ ਕੀਤੇ ਗਏ। ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਵਿੱਚ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਨਾਜਾਇਜ਼ ਰੇਹੜੀਆਂ ਅਤੇ ਪੀਣ ਵਾਲੇ ਪਾਣੀ ਦੇ ਟਿਊਬਵੈਲਾਂ ਅਤੇ ਗ਼ਰੀਬਾਂ ਨੂੰ ਮਕਾਨ ਦੇਣ ਲਈ ਮੰਗੀਆਂ ਅਰਜ਼ੀਆਂ ਰੱਦ ਕਰਨ ਦੇ ਮੁੱਦਿਆਂ ਨੂੰ ਛੱਡ ਬਾਕੀ ਸਾਰੇ ਮਤੇ ਆਪਸੀ ਸਹਿਮਤੀ ਨਾਲ ਪਾਸ ਕੀਤੇ ਗਏ। ਮੇਅਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਦੂਜੀ ਅਹਿਮ ਮੀਟਿੰਗ ਸੀ। ਹਾਊਸ ਵਿੱਚ ਇਹ ਕਿਤੇ ਵੀ ਨਜ਼ਰ ਆਇਆ ਕਿ ਕਿਹੜੀ ਕਾਬਜ਼ ਧਿਰ ਅਤੇ ਕੌਣ ਵਿਰੋਧੀ ਧਿਰ ਵਿੱਚ ਬੈਠਾ ਹੈ। ਮੀਟਿੰਗ ਦੀ ਸ਼ੁਰੂਆਤ ਵਿੱਚ ਕਾਂਗਰਸ ਦੇ ਕੌਂਸਲਰ ਰਜਿੰਦਰ ਸਿੰਘ ਰਾਣਾ ਦੇ ਪਿਤਾ ਹਾਕਮ ਸਿੰਘ, ਤਾਮਿਲਨਾਡੂ ਦੀ ਮੁੱਖ ਮੰਤਰੀ ਸ੍ਰੀਮਤੀ ਜੈਲਲਿਤਾ ਅਤੇ ਸਰਹੱਦ ’ਤੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸਮੁੱਚੇ ਹਾਊਸ ਵੱਲੋਂ 2 ਮਿੰਟ ਦਾ ਮੋਨ ਧਾਰਿਆ ਗਿਆ।
ਮੀਟਿੰਗ ਦੌਰਾਨ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸ਼ਹਿਰ ਵਿੱਚ ਪੰਜਾਬੀ ਭਵਨ ਦੀ ਉਸਾਰੀ ਕਰਵਾਉਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸਾਹਿਬਜਾਦਿਆਂ ਦੀ ਯਾਦ ਵਿੱਚ ਉਸਾਰੇ ਗਏ ਇਸ ਸ਼ਹਿਰ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕੋਈ ਥਾਂ ਨਹੀਂ ਹੈ ਅਤੇ ਇੱਥੇ ਪੰਜਾਬੀ ਭਵਨ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਪੰਜਾਬ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਵਿਧੀਆਂ ਚਲਾਉਣ ਦੇ ਨਾਲ ਨਾਲ ਬੁੱਧੀਜੀਵੀਆਂ ਅਤੇ ਪੰਜਾਬੀ ਭਾਸ਼ਾ ਦੇ ਪੈਰੋਕਾਰਾਂ ਨੂੰ ਕੰਮ ਕਰਨ ਲਈ ਥਾਂ ਮਿਲ ਸਕੇ। ਇਸ ਮੌਕੇ ਉਨ੍ਹਾਂ ਮੇਅਰ ਕੁਲਵੰਤ ਸਿੰਘ ਵੱਲੋਂ ਸੈਕਟਰ-66 ਤੋਂ 69 ਦਾ ਖੇਤਰ ਨਿਗਮ ਅਧੀਨ ਕੀਤੇ ਜਾਣ ਦੀ ਕਾਰਵਾਈ ਮੁਕੰਮਲ ਕਰਵਾਉਣ ਅਤੇ ਇਨ੍ਹਾਂ ਸੈਕਟਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਤੇ ਪਾਉਣ ਤੇ ਮੇਅਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ।
ਅਕਾਲੀ ਕੌਂਸਲਰ ਹਰਮਨਪ੍ਰੀਤ ਸਿੰਘ ਨੇ ਨਾਜਾਇਜ਼ ਰੇਹੜੀ-ਫੜੀਆਂ ਦੇ ਮੁੜ ਵਸੇਬੇ ਲਈ ਬਣਾਈ ਵੈਡਿੰਗ ਕਮੇਟੀ ਦੀ ਰਿਪੋਰਟ ਨੂੰ ਨਵੇਂ ਸਿਰਿਓਂ ਵਿਚਾਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਿੱਚ ਕਈ ਜਾਅਲੀ ਨਾਂ ਸ਼ਾਮਲ ਕੀਤੇ ਗਏ ਹਨ ਜਦੋਂ ਕਿ ਕਈ ਥਾਵਾਂ ’ਤੇ ਰੇਹੜੀਆਂ ਲਗਾਉਣ ਵਾਲਿਆਂ ਦੇ ਨਾਂ ਸੂਚੀ ਵਿੱਚ ਸ਼ਾਮਲ ਨਹੀਂ ਹਨ। ਕਾਂਗਰਸ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਵਾਲ ਕੀਤਾ ਕਿ ਗਮਾਡਾ ਵੱਲੋਂ ਨਗਰ ਨਿਗਮ ਨੂੰ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਹਰ ਸਾਲ ਜਿਹੜੀ 50 ਕਰੋੜ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ ਕਿ ਉਸ ’ਚੋਂ ਗਮਾਡਾ ਵੱਲੋਂ ਸੈਕਟਰ-76 ਤੋਂ 80 ਦੇ ਵਿਕਾਸ ’ਤੇ ਆਪਣੇ ਪੱਧਰ ਉੱਤੇ ਖਰਚੀ ਜਾਣ ਵਾਲੀ ਰਕਮ ਕੱਟ ਕੇ ਕਾਰਪੋਰੇਸ਼ਨ ਨੂੰ ਮਿਲੇਗੀ ਜਾਂ ਕਾਰਪੋਰੇਸ਼ਨ ਨੂੰ ਪੂਰੇ 50 ਕਰੋੜ ਹੀ ਮਿਲਣਗੇ। ਇਸ ਦੇ ਜਵਾਬ ਵਿੱਚ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਕਾਰਪੋਰੇਸ਼ਨ ਨੂੰ ਪੂਰੀ ਰਕਮ ਹੀ ਮਿਲੇਗੀ।
ਫੇਜ਼-4 ਦੀ ਕੌਂਸਲਰ ਸ੍ਰੀਮਤੀ ਕੁਲਦੀਪ ਕੌਰ ਕੰਗ ਵੱਲੋਂ ਉਨ੍ਹਾਂ ਦੇ ਵਾਰਡ ਵਿੱਚ ਪੇਵਰ ਬਲਾਕ ਨਾ ਲਗਾਏ ਜਾਣ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਇਸ ਦੇ ਜਵਾਬ ਵਿੱਚ ਮੇਅਰ ਨੇ ਕਿਹਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਅਤੇ ਉਨ੍ਹਾਂ ਦੇ ਵਾਰਡ ਦਾ ਹਰ ਕੰਮ ਕਰਵਾਇਆ ਜਾਵੇਗਾ। ਉਂਜ ਮੇਅਰ ਨੇ ਇਹ ਵੀ ਕਿਹਾ ਕਿ ਬੀਬੀ ਕੰਗ ਨੇ ਹੁਣ ਤੱਕ ਕੋਈ ਇੱਕ ਕੰਮ ਵੀ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਹੈ। ਜੇਕਰ ਉਨ੍ਹਾਂ ਨਾਲ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਫੇਜ਼-6 ਦੇ ਕੌਂਸਲਰ ਆਰ.ਪੀ. ਸ਼ਰਮਾ ਨੇ ਕਿਹਾ ਕਿ ਮੇਅਰ ਦੀ ਨਿੱਜੀ ਦਿਲਚਸਪੀ ਸਦਕਾ ਗਮਾਡਾ ਤੋਂ ਸ਼ਹਿਰ ਦੇ 520 ਪਾਰਕਾਂ, ਸੜਕਾਂ, ਕਮਿਉਨਿਟੀ ਸੈਂਟਰਾਂ, ਸਟੇਡੀਅਮਾਂ ਦੇ ਵਿਕਾਸ ਅਤੇ ਰੱਖ ਰਖਾਓ ਦਾ ਕੰਮ ਕਾਰਪੋਰੇਸ਼ਨ ਨੂੰ ਮਿਲਿਆ ਹੈ। ਜਿਸ ਲਈ ਮੇਅਰ ਕੁਲਵੰਤ ਸਿੰਘ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਨਿਗਮ ਵਿੱਚ ਸਿੰਗਲ ਵਿੰਡੋ ਸਿਸਟਮ ਲਾਗੂ ਹੋਣ ਨਾਲ ਸ਼ਹਿਰ ਦੇ ਵਸਨੀਕਾਂ ਨੂੰ ਆਪਣੇ ਕੰਮਾਂ ਵਿੱਚ ਸਹੂਲਤ ਹੋਵੇਗੀ ਅਤੇ ਲੋਕਾਂ ਦੀ ਖੱਜਲ-ਖੁਆਰੀ ਘਟੇਗੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…