
ਖ਼ਰਾਬ ਮੌਸਮ ਤੇ ਵਰ੍ਹਦੇ ਮੀਂਹ ਵਿੱਚ ਵਣ ਭਵਨ ਦੇ ਬਾਹਰ ਪੱਕੇ ਮੋਰਚੇ ’ਤੇ ਡਟੇ ਜੰਗਲਾਤ ਕਰਮਚਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਜੰਗਲਾਤ ਵਿਭਾਗ ਕਾਮਿਆਂ ਦਾ ਲੜੀਵਾਰ ਜਾਰੀ ਹੈ। ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਮੈਂਬਰ ਬੀਤੀ 17 ਅਗਸਤ ਤੋਂ ਵਣ ਭਵਨ ਮੁਹਾਲੀ ਦੇ ਬਾਹਰ ਸੜਕ ਕਿਨਾਰੇ ਰੁੱਖ ਥੱਲੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਖ਼ਰਾਬ ਮੌਸਮ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਜੰਗਲਾਤ ਕਾਮੇ ਆਪਣੇ ਹੱਕਾਂ ਲਈ ਧਰਨੇ ’ਤੇ ਡਟੇ ਰਹੇ। ਅੱਜ ਪੱਕੇ ਮੋਰਚੇ ਦੀ ਅਗਵਾਈ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਲੱਖਣ ਸਿੰਘ, ਸੁਖਵਿੰਦਰ ਸਿੰਘ, ਸੁੱਖਾ, ਅਤੇ ਛੱਤੀਸਗੜ੍ਹ ਤੋਂ ਛਿੰਦਰਪਾਲ ਸਿੰਘ, ਗੁਰਸੇਵਕ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜੰਗਲਾਤ ਵਿਭਾਗ ਦੇ ਕੱਚੇ ਕਾਮਿਆਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖ਼ਾਹ ਦੇ ਰੂਪ ਵਿੱਚ ਇੱਕ ਧੇਲਾ ਵੀ ਨਹੀਂ ਮਿਲਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਣਾ ਮੁਸ਼ਕਲ ਹੋ ਗਿਆ ਹੈ।
ਆਗੂਆਂ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਡੇਲੀਵੇਜ ਕੱਚੇ ਕਾਮਿਆਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਪੱਕਾ ਨਹੀਂ ਕੀਤਾ ਅਤੇ ਨਾ ਕੋਈ ਸਿਹਤ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਕੱਚੇ ਕਾਮਿਆਂ ਨੂੰ ਸਿਰਫ਼ ਤੇ ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਹੈ ਲੇਕਿਨ ਕਿਸੇ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਧਰਨਾਕਾਰੀਆਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਤੋਂ ਕੱਚੇ ਕਾਮਿਆਂ ਨੂੰ ਬਹੁਤ ਸਾਰੀਆਂ ਆਸਾਂ ਸਨ ਪਰ ਇਹ ਸਰਕਾਰ ਵੀ ਪਹਿਲੀ ਸਰਕਾਰਾਂ ਦੇ ਰਾਹ ਪੇ ਗਈ ਜਾਪਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਸਵਾਲ ਕੀਤਾ ਕਿ ਜੰਗਲਾਤ ਕਾਮਿਆਂ ਨੂੰ ਝੂਠੇ ਲਾਰਿਆਂ ਵਿੱਚ ਕਿਉਂ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਵਣ ਮੰਤਰੀ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਨਾ ਉਨ੍ਹਾਂ ਨੂੰ ਤਨਖ਼ਾਹ ਮਿਲੀ ਅਤੇ ਨਾ ਹੀ ਕੋਈ ਹੋਰ ਜਾਇਜ਼ ਮੰਗ ਪੂਰੀ ਹੋਈ। ਜਿਸ ਕਾਰਨ ਜੰਗਲਾਤ ਕਾਮਿਆਂ ਨੂੰ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ।
ਇਸ ਮੌਕੇ ਜਸਵਿੰਦਰ ਸਿੰਘ ਸੌਜਾ, ਮਨਿੰਦਰ ਸਿੰਘ ਸਿਸਵਾਂ, ਮਨਜੀਤ ਸਿੰਘ ਅਭੇਪੁਰ, ਜਸਵੀਰ ਸਿੰਘ ਅਤੇ ਭੁਪਿੰਦਰ ਸਿੰਘ, ਗੁਫਾਰ ਖਾਂ ਡੇਰਾਬੱਸੀ, ਮਨਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਆਪ ਸਰਕਾਰ ਨੇ ਜਲਦੀ ਜੰਗਲਾਤ ਕਾਮਿਆਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਉਹ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣਗੇ ਅਤੇ ਗੁਪਤ ਐਕਸ਼ਨ ਵੀ ਕੀਤੇ ਜਾਣਗੇ।