nabaz-e-punjab.com

ਬਲੌਂਗੀ ਵਿੱਚ ਰਾਸ਼ਨ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਠੱਗਣ ਵਾਲਾ ਗਰੋਹ ਸਰਗਰਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਪਿੰਡ ਬਲੌਂਗੀ ਵਿੱਚ ਗਰੀਬ ਪਰਿਵਾਰਾਂ ਨੂੰ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਠੱਗਣ ਵਾਲਾ ਗਰੋਹ ਸਰਗਰਮ ਹੈ। ਜਦੋਂਕਿ ਖ਼ੁਰਾਕ ਤੇ ਸਿਵਲ ਸਪਲਾਈ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਵਿਭਾਗ ਦੀ ਵੈਬਸਾਈਟ ਬੰਦ ਹੋਣ ਕਾਰਨ ਇਹ ਕੰਮ ਬੰਦ ਪਿਆ ਹੈ। ਜਿਸ ਕਾਰਨ ਨਵੇਂ ਰਾਸ਼ਨ ਕਾਰਡਾਂ ਨੂੰ ਲੈ ਕੇ ਆਮ ਲੋਕਾਂ ਨੂੰ ਭੰਬਲਭੂਸਾ ਬਣਿਆ ਹੋਇਆ ਹੈ। ਉਨ੍ਹਾਂ ਨੂੰ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸਬੰਧੀ ਲੋੜੀਂਦੀ ਜਾਣਕਾਰੀ ਨਾ ਹੋਣ ਕਾਰਨ ਉਹ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਕੁੱਝ ਅਜਿਹੇ ਏਜੰਟ ਵੀ ਸਰਗਰਮ ਹਨ, ਜੋ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਦੇ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਦਾਅਵਾ ਕਰਕੇ ਸ਼ਰੇਆਮ ਪੈਸੇ ਠੱਗ ਰਹੇ ਹਨ।
ਬਲੌਂਗੀ ਵਾਸੀ ਪ੍ਰਦੀਪ ਕੁਮਾਰ, ਰਾਜਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨਵੇਂ ਰਾਸ਼ਨ ਕਾਰਡ ਬਣ ਰਹੇ ਹਨ ਪਰ ਇਨ੍ਹਾਂ ਨੂੰ ਬਣਾਉਣ ਦਾ ਕੰਮ ਪੰਚਾਇਤ ਵੱਲੋਂ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਪੰਚਾਇਤ ਨਵੇਂ ਰਾਸ਼ਨ ਕਾਰਡ ਬਣਾਉਣ ਵੇਲੇ ਆਪਣੇ ਨੇੜਲੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੇ ਅਸਲ ਲਾਭਪਾਤਰੀਆਂ ਨੂੰ ਇਸ ਸੁਵਿਧਾ ਤੋਂ ਵਾਂਝਾ ਰੱਖਿਆ ਜਾਂਦਾ ਹੈ। ਜਿਸ ਕਾਰਨ ਲੋੜਵੰਦ ਵਿਅਕਤੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਲੁੱਟੇ ਜਾ ਰਹੇ ਹਨ।
ਸਮਾਜ ਸੇਵੀ ਡਾ. ਹਰਬੰਸ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਫਿਲਹਾਲ ਬੰਦ ਹੈ। ਬਲੌਂਗੀ ਦੇ ਕਈ ਵਿਅਕਤੀਆਂ ਵੱਲੋਂ ਇਹ ਕਿਹਾ ਗਿਆ ਹੈ ਕਿ ਕੁੱਝ ਲੋਕ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਦਾਅਵਾ ਕਰ ਰਹੇ ਹਨ ਜਦੋਂਕਿ ਉਹ ਲੋਕਾਂ ਨੂੰ ਜਾਗਰੂਕ ਰਹੇ ਹਨ ਕਿ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਆਨਲਾਈਨ ਕੀਤਾ ਜਾਂਦਾ ਹੈ ਇਹ ਸਾਈਟ ਫਿਲਹਾਲ ਬੰਦ ਹੈ, ਇਸ ਲਈ ਉਹ ਕਿਸੇ ਦੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਕਈ ਨਕਲੀ ਏਜੰਟ ਲੋਕਾਂ ਨੂੰ ਠੱਗਣ ਲਈ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦੇ ਹਨ ਜਦੋਂਕਿ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਲੋਕ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ।
ਏਕਤਾ ਕਲੋਨੀ ਬਲੌਂਗੀ ਦੇ ਪੰਚ ਵਿਜੈ ਪਾਠਕ ਨੇ ਦੱਸਿਆ ਕਿ ਨਵੇਂ ਰਾਸ਼ਨ ਕਾਰਡ ਬਣਨ ਦਾ ਕੰਮ ਅਜੇ ਬੰਦ ਹੈ ਅਤੇ ਜਦੋਂ ਇਹ ਕੰਮ ਸ਼ੁਰੂ ਹੋਵੇਗਾ ਤਾਂ ਇਸ ਸਬੰਧੀ ਗਰਾਮ ਪੰਚਾਇਤ ਵੱਲੋਂ ਬਕਾਇਦਾ ਮੁਨਿਆਦੀ ਕਰਵਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਸਿਰਫ਼ ਸਰਪੰਚ ਅਤੇ ਪੰਚਾਂ ਨਾਲ ਸੰਪਰਕ ਕਰਨ ਅਤੇ ਉਹ ਕਿਸੇ ਜਾਅਲੀ ਏਜੰਟਾਂ ਦੇ ਬਹਿਕਾਵੇ ਵਿੱਚ ਨਾ ਆਉਣ।
ਇਸ ਸਬੰਧੀ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਹੋ ਸਕੀ। ਜਦੋਂਕਿ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਦੀ ਵੈਬਸਾਈਟ ਬੰਦ ਹੋਣ ਕਾਰਨ ਇਹ ਕੰਮ ਹੁਣ ਬੰਦ ਪਿਆ ਹੈ। ਜੇਕਰ ਕੋਈ ਵਿਅਕਤੀ ਲੋਕਾਂ ਨੂੰ ਨਵਾਂ ਰਾਸ਼ਨ ਕਾਰਡ ਬਣਾੳਣ ਦਾ ਝਾਂਸਾ ਅਤੇ ਦਾਅਵਾ ਕਰਦਾ ਹੈ ਤਾਂ ਉਹ ਬਿਲਕੁਲ ਝੂਠ ਬੋਲ ਰਿਹਾ ਹੈ ਅਤੇ ਪਿੰਡ ਵਾਸੀਆਂ ਨੂੰ ਅਜਿਹੇ ਕਿਸੇ ਵਿਅਕਤੀ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…