ਬਨੂੜ ਮੰਡੀ ਵਿੱਚ ਪ੍ਰਬੰਧਾਂ ਦੀ ਪੋਲ ਖੁੱਲ੍ਹੀ, ਖੱੁਲੇ੍ਹ ਆਸਮਾਨ ਹੇਠ ਕਣਕ ਦੀਆਂ ਬੋਰੀਆਂ ਭਿੱਜੀਆਂ

ਖ਼ਰੀਦ ਏਜੰਸੀਆਂ ਨੇ ਗਲਤੀ ਮੰਨਣ ਦੀ ਥਾਂ ਆੜ੍ਹਤੀਆਂ ’ਤੇ ਸੁੱਟੀ ਸਾਰੀ ਜ਼ਿੰਮੇਵਾਰੀ

ਬੇਮੌਸਮੀ ਬਾਰਸ਼ ਨਾਲ ਕਣਕ ਦੀ ਵਾਢੀ ਦਾ ਕੰਮ ਪਛੜਿਆ, ਕਿਸਾਨਾਂ ਨੂੰ ਪਈ ਦੋਹਰੀ ਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਅੱਜ ਦਿਨ ਵਿੱਚ ਅਤੇ ਲੰਘੀ ਰਾਤ ਹੋਈ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਅਤੇ ਅੰਨਦਾਤਾ ਨੂੰ ਦੋਹਰੀ ਮਾਰ ਪੈ ਰਹੀ ਹੈ। ਉਧਰ, ਬਨੂੜ ਅਨਾਜ ਮੰਡੀ ਵਿੱਚ ਫ਼ਸਲ ਦੀ ਸਾਂਭ-ਸੰਭਾਲ ਸਬੰਧੀ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਗਈ ਹੈ। ਖੁੱਲ੍ਹੇ ਅਸਮਾਨ ਹੇਠ ਪਈ ਖਰੀਦੀ ਹੋਈ ਕਣਕ ਦੀਆਂ ਬੋਰੀਆਂ ਮੀਂਹ ਦੇ ਪਾਣੀ ਨਾਲ ਭਿੱਜ ਗਈਆਂ ਹਨ।
ਬਨੂੜ ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨ ਜਸਪਾਲ ਸਿੰਘ ਬਨੂੜ, ਲਖਬੀਰ ਸਿੰਘ, ਕੁਲਵੰਤ ਸਿੰਘ, ਗੁਰਜੰਟ ਸਿੰਘ, ਦਲਜੀਤ ਸਿੰਘ, ਤਰਸੇਮ ਸਿੰਘ ਪੰਜਾਬ ਦੀ ਆਪ ਸਰਕਾਰ ਨੂੰ ਕੋਸਦੇ ਹੋਏ ਕੁਦਰਤ ਨਾਲ ਵੀ ਗਿਲਾ ਕੀਤਾ। ਉਨ੍ਹਾਂ ਕਿਹਾ ਕਿ ਬੇਮੌਸਮੀ ਬਾਰਸ਼ ਤੇ ਗੜੇਮਾਰੀ ਕਾਰਨ ਝੰਬੇ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ। ਪਹਿਲਾਂ ਖੇਤਾਂ ਵਿੱਚ ਖੜੀ ਕਣਕ ਫ਼ਸਲ ਬੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਹੁਣ ਸਖ਼ਤ ਮਿਹਨਤ ਕਰਕੇ ਮੰਡੀ ਵਿੱਚ ਲਿਆਂਦੀ ਫ਼ਸਲ ਵੀ ਭਿੱਜ ਗਈ ਹੈ। ਬਾਰਸ਼ ਨਾਲ ਖੇਤਾਂ ਵਿੱਚ ਨਮੀ ਆਉਣ ਕਾਰਨ ਵਾਢੀ ਦਾ ਕੰਮ ਮੁੜ ਪਛੜ ਗਿਆ ਹੈ।
ਉਧਰ, ਮੰਡੀ ਵਿੱਚ ਖਰੀਦੀ ਗਈ ਕਣਕ ਦੀਆਂ ਬੋਰੀਆਂ ਦੀ ਸਮੇਂ ਸਿਰ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਭਿੱਜ ਗਈਆਂ ਹਨ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਨੁਮਾਇੰਦੇ ਬੇਪ੍ਰਵਾਹ ਨਜ਼ਰ ਆ ਰਹੇ ਹਨ। ਆੜ੍ਹਤੀਆਂ ਨੇ ਹਿੰਮਤ ਕਰਕੇ ਮੰਡੀ ਵਿੱਚ ਪੁੱਜੀ ਕਣਕ ’ਤੇ ਤਰਪਾਲ ਪਾ ਕੇ ਬਚਾਉਣ ਦਾ ਯਤਨ ਕੀਤਾ ਗਿਆ ਹੈ। ਇਹੀ ਹਾਲ ਖੇੜਾ ਗੱਜੂ ਅਤੇ ਖੇੜੀ ਗੁਰਨਾ ਮੰਡੀ ਦਾ ਹੈ। ਇਨ੍ਹਾਂ ਥਾਵਾਂ ’ਤੇ ਵੀ ਕਣਕ ਦੀ ਸਮੇਂ ’ਤੇ ਲਿਫ਼ਟਿੰਗ ਨਾ ਹੋਣ ਕਾਰਨ ਖੱੁਲੇ੍ਹ ਆਸਮਾਨ ਥੱਲੇ ਪਈਆਂ ਬੋਰੀਆਂ ਭਿੱਜ ਗਈਆਂ ਹਨ।
ਇਸ ਸਬੰਧੀ ਪਨਗਰੇਨ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਸਾਰੀ ਗੱਲ ਆੜ੍ਹਤੀਆਂ ’ਤੇ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਖਰੀਦੀ ਗਈ ਕਣਕ ਦੀਆਂ ਢੇਰੀਆਂ ’ਤੇ ਤਰਪਾਲਾਂ ਪਾਉਣਾ ਆੜ੍ਹਤੀਆਂ ਦਾ ਕੰਮ ਹੈ। ਜਦੋਂ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਕਣਕ ਦੀਆਂ ਬੋਰੀਆਂ ’ਤੇ ਤਰਪਾਲ ਪਾ ਕੇ ਢੱਕਣ ਨੂੰ ਕਹਿ ਦਿੱਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…