
ਬੁੱਢਣਪੁਰ ਵਿੱਚ ਪਿੰਡ ਵਾਸੀਆਂ ਨੇ ਕਾਲੇ ਝੰਡੇ ਲੈ ਕੇ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਦੀ ਗੱਡੀ ਘੇਰੀ
ਰਾਜਪੁਰਾ ਅਤੇ ਬਨੂੜ ਪੁਲੀਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਭੀੜ ’ਚੋਂ ਬਚਾ ਕੇ ਬਾਹਰ ਕੱਢਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਐਤਵਾਰ ਨੂੰ ਪਿੰਡ ਬੁੱਢਣਪੁਰ (ਬਨੂੜ) ਵਿਖੇ ਪਹੁੰਚਣ ’ਤੇ ਪਿੰਡ ਦੇ ਨੌਜਵਾਨਾਂ ਅਤੇ ਅੌਰਤਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਆਪਣੇ ਹੱਥਾਂ ਵਿੱਚ ਕਾਲੇ ਝੰਡੇ ਫੜੇ ਹੋਏ ਸੀ ਅਤੇ ਜਿਵੇਂ ਹੀ ਵਿਧਾਇਕ ਕੰਬੋਜ ਦੀ ਗੱਡੀ ਪਿੰਡ ਵਿੱਚ ਦਾਖ਼ਲ ਹੋਈ ਤਾਂ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਆਗੂ ਦੀ ਕਾਰ ਦਾ ਘਿਰਾਓ ਕਰਕੇ ਉਨ੍ਹਾਂ ਵਾਪਸ ਜਾਣ ਲਈ ਕਹਿੰਦੇ ਹੋਏ ਕੇਂਦਰ ਸਰਕਾਰ ਅਤੇ ਪੰਜਰਾਬ ਦੀ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਧਰਨਾ ਵੀ ਲਾਇਆ।
ਨੌਜਵਾਨ ਆਗੂ ਗੁਰਜਿੰਦਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਜਦੋਂ ਤੱਕ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਨਾ ਪਿੰਡ ਵਿੱਚ ਵੜਨ ਦਿੱਤਾ ਜਾਵੇਗਾ ਅਤੇ ਨਾ ਹੀ ਪਿੰਡ ਵਿੱਚ ਕੋਈ ਸਿਆਸੀ ਸਮਾਗਮ ਹੋਣ ਦਿੱਤਾ ਜਾਵੇਗਾ। ਨੌਜਵਾਨਾਂ ਨੇ ਦੱਸਿਆ ਕਿ ਕਾਂਗਰਸੀ ਆਗੂ ਨੂੰ ਪਹਿਲਾਂ ਹੀ ਪਤਾ ਸੀ ਕਿ ਪਿੰਡ ਵਿੱਚ ਜਾਣ ’ਤੇ ਉਨ੍ਹਾਂ ਦਾ ਵਿਰੋਧ ਹੋਵੇਗਾ। ਜਿਸ ਕਰਕੇ ਪਹਿਲਾਂ ਪੁਲੀਸ ਟੀਮ ਪਿੰਡ ਭੇਜੀ ਗਈ ਅਤੇ ਪੁਲੀਸ ਨੇ ਬਾਕਾਇਦਾ ਗਸ਼ਤ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਕਾਂਗਰਸੀ ਵਿਧਾਇਕ ਨੂੰ ਇਹ ਰਿਪੋਰਟ ਦਿੱਤੀ ਗਈ ਕਿ ਪਿੰਡ ਵਿੱਚ ਪੂਰੀ ਤਰ੍ਹਾਂ ਅਮਨ ਸ਼ਾਂਤੀ ਹੈ।
ਪੁਲੀਸ ਦੀ ਰਿਪੋਰਟ ’ਤੇ ਜਿਵੇਂ ਹੀ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਬੁੱਢਣਪੁਰ ਵਿਖੇ ਪਹੁੰਚੇ ਤਾਂ ਪਿੰਡ ਦੇ ਵੱਡੀ ਗਿਣਤੀ ਵਿੱਚ ਲੋਕਾਂ ਜਿਨ੍ਹਾਂ ਵਿੱਚ ਨੌਜਵਾਨ, ਬੱਚੇ, ਬਜ਼ੁਰਗ ਅਤੇ ਅੌਰਤਾਂ ਸ਼ਾਮਲ ਸਨ, ਨੇ ਵਿਧਾਇਕ ਦੀ ਗੱਡੀ ਘੇਰ ਲਈ। ਜਿਸ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲੋਕਾਂ ਦੇ ਜ਼ਬਰਦਸਤ ਵਿਰੋਧ ਨੂੰ ਦੇਖਦੇ ਹੋਏ ਕਾਂਗਰਸੀ ਵਿਧਾਇਕ ਨੂੰ ਆਪਣਾ ਪ੍ਰੋਗਰਾਮ ਵਿੱਚ ਵਿਚਾਲੇ ਛੱਡ ਕੇ ਉੱਥੋਂ ਭੱਜਣਾ ਪਿਆ। ਪੁਲੀਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਲੋਕਾਂ ਦੀ ਭੀੜ ’ਚੋਂ ਬਾਹਰ ਕੱਢਿਆ ਗਿਆ।