ਸਾਬਤ ਸੂਰਤ ਸਿੱਖ ਅਦਾਕਾਰਾਂ ਨੂੰ ਵੱਡੇ ਬਜਟ ਦੀਆਂ ਫ਼ਿਲਮਾਂ ਵਿੱਚ ਰੋਲ ਦੇਣ ਦੀ ਮੰਗ ਉੱਠੀ

ਸਾਬਤ ਸੂਰਤ ਸਿਨੇ ਆਰਟਿਸਟ ਫੈਡਰੇਸ਼ਨ ਦਾ ਗਠਨ, ਲੇਖਕ ਅਨਮੋਲ ਕੌਰ ਦੀ ‘ਹੱਕ ਲਈ ਲੜਿਆ ਸੱਚ’ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਵੱਡੇ ਬਜਟ ਦੀਆਂ ਧਾਰਮਿਕ ਅਤੇ ਪੰਜਾਬ ਨਾਲ ਸਬੰਧਤ ਫ਼ਿਲਮਾਂ ਵਿੱਚ ਸਿੱਖ ਸਰੂਪ ਵਾਲੇ ਰੋਲ ਨਿਭਾਉਣ ਲਈ ਸਾਬਤ ਸੂਰਤ ਸਿੱਖ ਅਦਾਕਾਰਾਂ ਨੂੰ ਕੰਮ ਦੇਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਮੰਤਵ ਲਈ ‘ਸਾਬਤ ਸੂਰਤ ਸਿਨੇ ਆਰਟਿਸਟ ਫੈਡਰੇਸ਼ਨ’ ਦਾ ਗਠਨ ਕੀਤਾ ਗਿਆ ਹੈ। ਜਥੇਬੰਦੀ ਦੇ ਪ੍ਰਧਾਨ ਤੇ ਸਿੱਖ ਅਦਾਕਾਰ ਅੰਮ੍ਰਿਤਪਾਲ ਸਿੰਘ ਬਿੱਲਾ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਚੰਡੀਗੜ੍ਹ, ਦਲਜੀਤ ਸਿੰਘ ਅਰੋੜਾ, ਡਾ. ਰੁਪਿੰਦਰ ਸਿੰਘ, ਹਰਪ੍ਰੀਤ ਸਿੰਘ ਦਿੱਲੀ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟਾਈ ਕਿ ਉਹ (ਮਾਨ) ਵੀ ਉਨ੍ਹਾਂ ਦੇ ਸਾਥੀ ਰਹੇ ਹਨ ਅਤੇ ਹੁਣ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠ ਕੇ ਕਲਾਕਾਰਾਂ ਅਤੇ ਅਦਾਕਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਜ਼ਰੂਰ ਮਾਰਨਗੇ। ਇਸ ਮੌਕੇ ਲੇਖਕਾ ਅਨਮੋਲ ਕੌਰ ਦੀ ਕਿਤਾਬ ‘ਹੱਕ ਲਈ ਲੜਿਆ ਸੱਚ’ ਵੀ ਰਿਲੀਜ਼ ਕੀਤੀ ਗਈ।
ਅੰਮ੍ਰਿਤਪਾਲ ਸਿੰਘ ਬਿੱਲਾ ਅਤੇ ਨਰਿੰਦਰਪਾਲ ਸਿੰਘ ਨੀਨਾ ਨੇ ਕਿਹਾ ਕਿ ਸਿੱਖੀ ਸਰੂਪ ਵਿੱਚ ਵਿਚਰ ਰਹੇ ਅਦਾਕਾਰਾਂ ਨੂੰ ਪੰਜਾਬੀ ਫ਼ਿਲਮਾਂ ਤਾਂ ਕੰਮ ਕਰਨ ਦਾ ਮੌਕਾ ਮਿਲਦਾ ਹੈ ਅਤੇ ਹੁਣ ਤੱਕ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਲੈ ਕੇ ਬਣੀਆਂ ਪੰਜਾਬੀ ਫ਼ਿਲਮਾਂ ਵਿੱਚ ਸ਼ਾਨਦਾਰ ਕਿਰਦਾਰ ਵੀ ਨਿਭਾਇਆ ਗਿਆ ਹੈ ਪ੍ਰੰਤੂ ਬਾਲੀਵੱੁਡ ਦੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਵਿੱਚ ਸਿੱਖੀ ਸਰੂਪ ਵਾਲੇ ਅਦਾਕਾਰਾਂ ਨੂੰ ਰੋਲ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਜਦੋਂਕਿ ਬਹੁਤ ਸਾਰੀ ਅਜਿਹੀ ਹਿੰਦੀ ਫ਼ਿਲਮਾਂ ਬਣੀਆਂ ਹਨ, ਜਿਨ੍ਹਾਂ ਵਿੱਚ ਅਦਾਕਾਰ ਨੂੰ ਦਸਤਾਰ ਸਜਾਉਣੀ ਪੈਂਦੀ ਅਤੇ ਨਕਲੀ ਫਾੜੀ ਲਾਉਣੀ ਪੈਂਦੀ ਹੈ, ਪ੍ਰੰਤੂ ਅਸਲ ਸਿੱਖੀ ਸਰੂਪ ਵਾਲੇ ਅਦਾਕਾਰਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਮਿਲ ਕੇ ਸਿੱਖ ਕਲਾਕਾਰਾਂ ਅਤੇ ਧਾਰਮਿਕ ਫ਼ਿਲਮਾਂ ਨਿਰਮਾਤਾਵਾਂ ਦੀਆਂ ਮੰਗਾਂ ਬਾਰੇ ਮੰਗ ਪੱਤਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਧਾਰਮਿਕ ਫ਼ਿਲਮਾਂ ਦਾ ਫੈਸਟੀਵਲ ਅਤੇ ਸਿੱਖ ਕਲਾਕਾਰਾਂ ਦੀ ਪ੍ਰਮੋਸ਼ਨ ਲਈ ਸਟੇਜ ਪ੍ਰੋਗਰਾਮ ਵੀ ਕਰਵਾਏ ਜਾਣਗੇ। ਕਲਾਕਾਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਹਰ ਪ੍ਰੋਡਿਊਸਰ ਅਤੇ ਅਦਾਕਾਰ ਵੀ ਹਨ ਪ੍ਰੰਤੂ ਵਿੱਤੀ ਸੰਕਟ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਉਦੋਂ ਬੜੀ ਹੈਰਾਨੀ ਹੁੰਦੀ ਹੈ ਜਦੋਂ ਧਾਰਮਿਕ ਫ਼ਿਲਮ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਸੰਗਤ ਤੋਂ ਚੰਦਾ ਮੰਗਣ ਲਈ ਕਹਿ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਬਣਾਉਣਾ ਵੱਡਾ ਪ੍ਰਾਜੈਕਟ ਹੁੰਦਾ ਹੈ, ਇਸ ਵਿੱਚ ਪੈਸਿਆਂ ਦੀ ਬਹੁਤ ਲੋੜ ਹੈ ਪਰ ਹੁਣ ਤੱਕ ਐਸਜੀਪੀਸੀ ਜਾਂ ਕਿਸੇ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਿਸ ਕਾਰਨ ਬਹੁਤ ਸਾਰੇ ਸਿੱਖ ਕਲਾਕਾਰ ਇਹ ਕੰਮ ਛੱਡ ਚੁੱਕੇ ਹਨ ਜਾਂ ਦੂਜਾ ਕੰਮ ਧੰਦਾ ਕਰਨ ਲੱਗ ਪਏ ਹਨ।

‘ਸਾਬਤ ਸੂਰਤ ਸਿਨੇ ਆਰਟਿਸਟ ਫੈਡਰੇਸ਼ਨ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਬਿੱਲਾ ਨੇ ਦੱਸਿਆ ਕਿ ਇਹ ਜਥੇਬੰਦੀ ਸਿਰਫ਼ ਫ਼ਿਲਮਾਂ ਬਣਾਉਣ ਤੱਕ ਹੀ ਸੀਮਤ ਨਹੀਂ ਰਹੇਗੀ ਬਲਕਿ ਖਾਲਸਾ ਏਡ ਵਾਂਗ ਸਮਾਜ ਸੇਵਾ ਦੇ ਕੰਮ ਵੀ ਕਰੇਗੀ। ਉਨ੍ਹਾਂ ਦੱਸਿਆ ਕਿ ਵਿਸਾਖੀ ਮੌਕੇ ਕਿਸੇ ਜੀਟੀ ਰੋਡ ਉੱਤੇ ਵਾਹਨਾਂ ’ਤੇ ਰੈਡੀਅਮ ਸਟਿੱਕਰ (ਰਿਫ਼ਲੈਕਟਰ) ਲਾਏ ਜਾਣਗੇ, ਤਾਂ ਜੋ ਰਾਤ ਸਮੇਂ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …